ਸਪੀਕਰ ਤੋਂ ਅਸਤੀਫਾ ਵਾਪਸ ਲੈਣ ’ਤੇ ਜਾਣੋ ਕੀ ਬੋਲੇ ਸੁਖਪਾਲ ਖਹਿਰਾ (ਵੀਡੀਓ)
Thursday, Jan 16, 2020 - 12:55 PM (IST)
ਜਲੰਧਰ (ਬਿਊਰੋ) - ਲਗਾਤਾਰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਜਨਤਾ ਸਾਹਮਣੇ ਆਉਣ ਵਾਲੇ ਪੰਜਾਬ ਏਕਤਾ ਪਾਰਟੀ ਦੇ ਮੁੱਖੀ ਸੁਖਪਾਲ ਸਿੰਘ ਖਹਿਰਾ ਅੱਜ ਕਾਫੀ ਸਮੇਂ ਬਾਅਦ ਜਗਬਾਣੀ ਟੀ.ਵੀ ’ਤੇ ਜਨਤਾ ਦੇ ਸਾਹਮਣੇ ਆਏ। ਸਿਆਸਤ ਤੋਂ ਨਦਾਰਦ ਹੋਣ ਮਗਰੋਂ ਜਗਬਾਣੀ ਦੇ ਸੀਨੀਅਰ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਉਹ ਕੁਝ ਸਮਾਂ ਆਰਾਮ ਕਰਨਾ ਚਾਹੁੰਦੇ ਸਨ ਅਤੇ ਇਹ ਜਾਣਨਾ ਚਾਹੁੰਦੇ ਸਨ ਕਿ ਪਿਛਲੇ ਸਮੇਂ ਉਨ੍ਹਾਂ ਤੋਂ ਕਿਹੜੀਆਂ ਉਣਤਾਈਆਂ ਹੋਈਆਂ ਹਨ, ਜੋ ਉਹ ਠੀਕ ਕਰ ਸਕਣ। ਖਹਿਰਾ ਨੇ ਕਿਹਾ ਕਿ ਉਹ ਪਿਛਲੇ 20 ਸਾਲ ਤੋਂ ਆਪਣੀ ਤਨਦੇਹੀ ਅਤੇ ਇਮਾਨਦਾਰੀ ਨਾਲ ਲਗਾਤਾਰ ਕੰਮ ਕਰ ਰਹੇ ਹਨ, ਜਿਸ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਵਿਰੋਧੀ ਧਿਰ ਦੇ ਆਗੂਆਂ ਵਲੋਂ ਸਪੀਕਰ ਤੋਂ ਅਸਤੀਫਾ ਵਾਪਸ ਲੈਣ ਦੇ ਲਾਏ ਜਾ ਰਹੇ ਦੋਸ਼ਾਂ ਦੇ ਬਾਰੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਸਪੀਕਰ ਨੂੰ ਮਿਲਣਾ ਅਤੇ ਉਨ੍ਹਾਂ ਤੋਂ ਅਸਤੀਫਾ ਵਾਪਸ ਲੈਣਾ ਮੇਰਾ ਕਾਨੂੰਨੀ ਅਧਿਕਾਰੀ ਹੈ। ਵਿਧਾਇਕ ਹੋਣ ਦੇ ਨਾਤੇ ਮੈਂ ਸਪੀਕਰ ਨੂੰ ਮਿਲ ਸਕਦਾ ਹਾਂ।
ਕਾਂਗਰਸ ਦੀ ਸਰਕਾਰ ਵਲੋਂ ਖਹਿਰਾ ’ਤੇ ਦਰਜ ਕੀਤੇ ਸੰਗੀਨ ਪਰਚੇ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਸਬੰਧ ’ਚ ਉਨ੍ਹਾਂ ਲਈ ਪੰਜ ਮੈਂਬਰੀ ਬੈਂਚ ਤਿਆਰ ਕੀਤਾ ਗਿਆ ਸੀ। ਉਨ੍ਹਾਂ ਨੇ ਕੋਈ ਗਲਤੀ ਨਹੀਂ ਸੀ ਕੀਤੀ, ਜਿਸ ਦੇ ਬਾਵਜੂਦ ਵਿਰੋਧੀ ਧਿਰ ਦੇ ਲੋਕਾਂ ਨੇ ਉਨ੍ਹਾਂ ਦੀ ਪਿੱਠ ਪਿੱਛੇ ਵਾਰ ਕੀਤਾ। ਪਰਚਾ ਦਰਜ ਹੋਣ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਏਕਤਾ ਪਾਰਟੀ ਸਾਡੀ ਅਜੇ ਤੱਕ ਕਾਇਮ ਹੈ। ਮੈਂ ਕਿਸੇ ਨਾਲ ਕੋਈ ਬੇਇਮਾਨੀ ਨਹੀਂ ਕੀਤੀ। ਵਿਧਾਨ ਸਭਾ ਦੇ ਸੈਸ਼ਨ ’ਚ ਨਾ ਜਾਣ ’ਤੇ ਖਹਿਰਾ ਨੇ ਕਿਹਾ ਕਿ ਉਹ ਕੁਝ ਸਮਾਂ ਉਥੇ ਵੀ ਨਹੀਂ ਜਾਣਗੇ। ਅਜੌਕੇ ਸਮੇਂ ’ਚ ਵਿਧਾਨ ਸਭਾ ਦੇ ਸੈਸ਼ਨ ਇਕ ਮਜ਼ਾਕ ਬਣ ਕੇ ਰਹਿ ਗਏ ਹਨ। ਖਹਿਰਾ ਨੇ ਕਿਹਾ ਕਿ ਅੱਜ ਦੇ ਸੈਸ਼ਨ ਦੇ ਬਾਹਰ ਅਕਾਲੀ ਦਲ ਵਲੋਂ ਛਣਕਣੇ ਵਜਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜੋ ਸਹੀ ਨਹੀਂ ਹੈ।
ਬਾਜਵਾ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਦਿੱਤੇ ਬਿਆਨ ’ਤੇ ਖਹਿਰਾ ਨੇ ਕਿਹਾ ਕਿ ਬਾਜਵਾ ਦਾ ਬਿਆਨ ਬਿਲਕੁਲ ਸਹੀ ਬਿਆਨ ਹੈ। ਕੈਪਟਨ ਅਮਰਿੰਦਰ ਸਿੰਘ ਮੇਰੇ ਪਿਤਾ ਸਮਾਨ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ’ਚ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਮੁੱਦੇ ’ਤੇ ਲਏ ਗਏ ਗਲਤ ਫੈਸਲੇ ਨੂੰ ਮਨਮੋਹਨ ਸਿੰਘ ਨਾਲ ਮਿਲ ਕੇ ਚੰਗਾ ਫੈਸਲਾ ਲਿਆ ਸੀ। ਇਸੇ ਤਰ੍ਹਾਂ ਹੁਣ ਵੀ ਜਦੋਂ ਉਨ੍ਹਾਂ ਨੇ ਹੱਥ ’ਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਸੀ ਤਾਂ ਜਨਤਾ ਨੂੰ ਉਨ੍ਹਾਂ ’ਤੇ ਵਿਸ਼ਵਾਸ ਹੋ ਗਿਆ ਸੀ ਕਿ ਉਹ ਨਸ਼ੇ ਸਣੇ ਹੋਰ ਬਹੁਤ ਸਾਰੇ ਮੁੱਦਿਆਂ ਨੂੰ ਖਤਮ ਕਰ ਦੇਣਗੇ ਪਰ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ। ਇਸ ਦੇ ਪਿੱਛੇ ਕਿਹੜਾ ਕਾਰਨ ਹੈ, ਉਹ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਦੱਸ ਸਕਦੇ ਹਨ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਨਵਜੋਤ ਸਿੰਘ ਸਿੱਧੂ, ਬੈਂਸ ਸਣੇ ਕਈ ਆਗੂਆਂ ਦੀ ਤਾਰੀਫ ਵੀ ਕੀਤੀ।
ਬਿਜਲੀ ਦੇ ਮੁੱਦੇ ’ਤੇ ਖਹਿਰਾ ਨੇ ਕਿਹਾ ਕਿ ਇਸ ਦੇ ਲਈ ਅਕਾਲੀ ਸਭ ਤੋਂ ਵੱਧ ਜ਼ਿੰਮੇਵਾਰ ਹਨ। ਅਕਾਲੀ ਦੋਗਲੀ ਨੀਤੀ ਕਰ ਰਹੇ ਹਨ। ਗੁਰੂ ਨਾਨਕ ਲੇਵਾ ਨਾਮ ’ਤੇ ਸ਼ੁਰੂ ਕੀਤੇ ਧਰਮਲ ਪਲਾਂਟ, ਜੋ ਰੋਪੜ ਅਤੇ ਬਠਿੰਡਾ ’ਚ ਨੂੰ ਸੁਖਬੀਰ ਬਾਦਲ ਨੇ ਬੰਦ ਕਰਵਾ ਦਿੱਤਾ। ਡਰੱਗ ਮਾਫੀਆ ’ਤੇ ਬੋਲਦੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਅਮਿਰੰਦਰ ਸਿੰਘ ’ਤੇ ਬਹੁਤ ਵਿਸ਼ਵਾਸ ਸੀ ਕਿ ਉਹ ਨਸ਼ੇ ਨੂੰ ਜੜ੍ਹ ਤੋਂ ਖਤਮ ਕਰ ਦੇਣਗੇ, ਕਿਉਂਕਿ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਪਰ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ। ਬੇਅਦਬੀ ਦੇ ਦੋਸ਼ੀ ਸ਼ਰੇਆਮ ਸ਼ਹਿਰ ’ਚ ਘੁੰਮ ਰਹੇ ਹਨ, ਕਿਸੇ ਨੂੰ ਅੱਜ ਤੱਕ ਕੋਈ ਸਜ਼ਾ ਨਹੀਂ ਦਿੱਤੀ। ਇਸ ਦੇਸ਼ ’ਚ ਸਿਆਸਤ ਦਿਮਾਗ ਤੋਂ ਚੱਲਦੀ ਹੈ। ਪੰਜਾਬ ਇਸ ਸਮੇਂ ਨਾਜ਼ੁਕ ਦੌਰ ਤੋਂ ਲੰਘ ਰਿਹਾ ਹੈ। ਹਾਲਾਤ ਠੀਕ ਨਾ ਹੋਣ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਬਾਹਰ ਜਾਣ ਲੱਗ ਪਈ ਹੈ।