ਖਹਿਰਾ ਦੇ ਡਗਮਗਾਉਂਦੇ ਕਰੀਅਰ ਨਾਲ ਪੀ. ਏ. ਪੀ. 'ਚ ਫੈਲੀ ਉਦਾਸੀਨਤਾ

01/08/2020 10:01:07 AM

ਜਲੰਧਰ (ਬੁਲੰਦ) –  ਪੰਜਾਬ ਏਕਤਾ ਪਾਰਟੀ (ਪੀ.ਏ.ਪੀ.) 'ਚ ਸੁਖਪਾਲ ਸਿੰਘ ਖਹਿਰਾ ਦੇ ਡਗਮਗਾਉਂਦੇ ਰਾਜਨੀਤਕ ਕਰੀਅਰ ਕਾਰਨ ਇਕ ਸਾਲ ਪਾਰਟੀ ’ਚ ਉਦਾਸੀਨਤਾ ਫੈਲੀ ਹੋਈ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਤਕਰੀਬਨ ਇਕ ਸਾਲ ਪਹਿਲਾਂ ਬੜੇ ਉਤਸ਼ਾਹ ਨਾਲ ਖਹਿਰਾ ਨੇ ਆਪਣੇ ਕਈ ਸਾਥੀ ਵਿਧਾਇਕਾਂ ਨਾਲ ‘ਆਪ’ ਤੋਂ ਬਾਗੀ ਹੋ ਪੀ.ਏ.ਪੀ. ਦਾ ਗਠਨ ਕੀਤਾ ਸੀ। ਪਿਛਲੇ ਕੁਝ ਮਹੀਨਿਆਂ ਦੌਰਾਨ ਜਿਵੇਂ ‘ਆਪ' ਛੱਡ ਪੀ.ਏ.ਪੀ. ਆਏ ਕਈ ਵਿਧਾਇਕਾਂ ਨੇ ਆਪਣੇ ਕਦਮ ਪਿੱਛੇ ਖਿੱਚ ਮੁੜ 'ਆਪ' ’ਚ ਸ਼ਾਮਲ ਹੋ  ਗਏ, ਉਸੇ ਤਰ੍ਹਾਂ ਕਈਆਂ ਨੇ ਆਪਣੀ ਵਿਧਾਇਕੀ ਬਚਾਉਣ ਲਈ ਵਿਧਾਨ ਸਭਾ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ। ਇਥੋਂ ਤੱਕ ਕਿ ਖੁਦ ਖਹਿਰਾ ਨੇ 'ਆਪ' ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਕੇ ਵਾਪਸ ਲੈ ਲਿਆ। ਇਸੇ ਪ੍ਰਕਾਰ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਵੀ 'ਆਪ' ’ਚ ਸ਼ਾਮਲ ਹੋ ਗਏ।

ਜਨਵਰੀ 2019 'ਚ ਪੀ. ਏ. ਪੀ. ਦੇ ਗਠਨ ਦੌਰਾਨ ਪੀ. ਏ. ਪੀ. ਵਿਚ ਜਿੰਨੀ ਗਰਮੀ ਸੀ, ਸਮੇਂ ਦੇ ਨਾਲ ਉਹ ਠੰਡੀ ਪੈਂਦੀ ਜਾ ਰਹੀ ਹੈ। ਪੀ. ਏ. ਪੀ. ਦੇ ਸੀਨੀਅਰ ਨੇਤਾ ਹੁਣ ਇਸ ਕਦਮ ਨੂੰ ਸਿਆਸੀ ਗਲਤੀ ਦੱਸਣ ਲੱਗੇ ਹਨ। ਪੀ. ਏ. ਪੀ. ’ਚ ਸਭ ਤੋਂ ਵੱਡਾ ਡਾਊਨਫਾਲ ਮਈ 2019 ’ਚ ਦਿਖਾਈ ਦਿੱਤਾ, ਜਦ ਪਾਰਟੀ ਦੇ ਵੱਡੇ ਨੇਤਾਵਾਂ ਸੁਖਪਾਲ ਖਹਿਰਾ ਨੇ ਬਠਿੰਡਾ ਤੋਂ ਅਤੇ ਬਲਦੇਵ ਸਿੰਘ ਫਰੀਦਕੋਟ ਲੋਕ ਸਭਾ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਅਤੇ ਦੋਵਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਇਸ ਨਾਲ ਸਾਫ ਹੋ ਗਿਆ ਕਿ ਲੋਕ ਰਿਵਾਇਤੀ ਪਾਰਟੀਆਂ ਨੂੰ ਛੱਡ ਨਵੀਆਂ ਪਾਰਟੀਆਂ 'ਤੇ ਭਰੋਸਾ ਨਹੀਂ ਕਰ ਪਾ ਰਹੇ। ਇਸ ਦੌਰਾਨ ਪੀ. ਏ. ਪੀ. ਵਰਕਰਾਂ ਅਤੇ ਨੇਤਾਵਾਂ ਵਲੋਂ ਦੂਜੀਆਂ ਪਾਰਟੀਆਂ ਨਾਲ ਮੋਹ ਵਧਦਾ ਦਿਖਾਈ ਦਿੱਤਾ।

ਤਾਜ਼ਾ ਹਾਲਾਤ 'ਤੇ ਨਜ਼ਰ ਮਾਰੀਏ ਤਾਂ ਪਿਛਲੇ ਕਈ ਮਹੀਨਿਆਂ ਤੋਂ ਸੁਖਪਾਲ ਸਿਆਸੀ ਤੌਰ 'ਤੇ ਠੰਡੇ ਪਏ ਹੋਏ ਹਨ ਅਤੇ ਆਪਣੇ ਸੁਭਾਅ ਦੇ ਉਲਟ ਨਾ ਤਾਂ ਰਾਜਨੀਤਕ ਪ੍ਰੈੱਸ ਕਾਨਫਰੰਸਾਂ ਕਰਦੇ ਦਿਖਾਈ ਦਿੱਤੇ ਹਨ ਅਤੇ ਨਾ ਹੀ ਸੋਸ਼ਲ ਮੀਡੀਆ 'ਤੇ ਰਾਜਨੀਤਕ ਮੁੱਦਿਆਂ 'ਤੇ ਸਰਗਰਮ ਹਨ। ਉਨ੍ਹਾਂ ਦੀ ਚੁੱਪੀ 'ਤੇ ਉਨ੍ਹਾਂ ਦੇ ਪਾਰਟੀ ਦੇ ਇਕ ਨੌਜਵਾਨ ਨੇਤਾ ਦਾ ਕਹਿਣਾ ਹੈ ਕਿ ਖਹਿਰਾ ਨੂੰ ਲਗਾਤਾਰ ਸਿਆਸੀ ਸਦਮੇ ਲੱਗੇ ਹਨ, ਜਿਸ ਕਾਰਣ ਉਨ੍ਹਾਂ ਦੇ ਸਿਆਸੀ ਕੱਦ ’ਚ ਕਮੀ ਆਈ ਹੈ। ਉਨ੍ਹਾਂ ਦੇ ਆਪਣੇ ਹਲਕੇ ’ਚ ਉਨ੍ਹਾਂ ਦੇ ਵੋਟ ਬੈਂਕ ’ਚ ਭਾਰੀ ਕਮੀ ਆਈ ਹੈ। ਅਜਿਹੇ ’ਚ ਪਾਰਟੀ ਵਰਕਰਾਂ ਨੂੰ ਕੋਈ ਦਿਸ਼ਾ ਨਹੀਂ ਦਿਸ ਰਹੀ। ਉਕਤ ਨੇਤਾ ਨੇ ਨਾਂ ਨਾ ਪ੍ਰਕਾਸ਼ਤ ਕਰਨ ਦੀ ਸ਼ਰਤ 'ਤੇ ਕਿਹਾ ਕਿ ਇਹ ਸਮਾਂ ਨਿਕਲ ਜਾਵੇਗਾ ਅਤੇ ਖਹਿਰਾ ਦੁਬਾਰਾ ਐਕਟਿਵ ਹੋਣਗੇ।

ਖਹਿਰਾ ਨੇ ਪੰਜਾਬ ਨਾਲ ਧੋਖਾ ਕੀਤਾ : 'ਆਪ'
ਉਥੇ ਹੀ ਮਾਮਲੇ ਬਾਰੇ ਆਮ ਆਦਮੀ ਪਾਰਟੀ (ਆਪ) ਦੇ ਇਕ ਨੇਤਾ ਦਾ ਕਹਿਣਾ ਹੈ ਕਿ ਖਹਿਰਾ ਨੇ ਨਾ ਸਿਰਫ 'ਆਪ' ਨਾਲ ਧੋਖਾ ਕੀਤਾ ਸੀ, ਸਗੋਂ ਉਨ੍ਹਾਂ ਨੇ ਪੂਰੇ ਪੰਜਾਬ ਨਾਲ ਧੋਖਾ ਕੀਤਾ ਹੈ। ਚੋਣ ਸਟੰਟ ਕਰਦੇ ਹੋਏ ਉਨ੍ਹਾਂ ਨੇ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਅਤੇ ਬਾਅਦ ਵਿਚ ਵਾਪਸ ਲਿਆ। ਇਹ ਉਨ੍ਹਾਂ ਦੇ ਸਿਆਸੀ ਦਾਅ-ਪੇਚਾਂ ਨੂੰ ਦਰਸਾਉਂਦਾ ਹੈ। ਸਪੀਕਰ ਵਿਧਾਨ ਸਭਾ ਵਲੋਂ ਉਨ੍ਹਾਂ ਦੇ ਅਸਤੀਫੇ ਨੂੰ ਸਵੀਕਾਰ ਨਾ ਕਰਨਾ ਅਤੇ ਉਨ੍ਹਾਂ ਦੇ ਕੇਸ ਨੂੰ ਜਾਣਬੁਝ ਕੇ ਲਟਕਾ ਕੇ ਰੱਖਣਾ ਸਾਬਤ ਕਰਦਾ ਹੈ ਕਿ ਖਹਿਰਾ ਦੀ ਕੈਪਟਨ ਸਰਕਾਰ ਨਾਲ ਅੰਦਰਖਾਤੇ ਸੈਟਿੰਗ ਰਹੀ ਹੈ।

ਭਾਜਪਾ ਦੇ ਨਾਲ ਸੰਪਰਕ ਨੂੰ ਲੈ ਕੇ ਚਰਚਾਵਾਂ
ਉਥੇ ਹੀ ਪੰਜਾਬ ਦੀ ਰਾਜਨੀਤੀ ਦੇ ਜਾਣਕਾਰਾਂ ਦੀ ਮੰਨੀਏ ਤਾਂ ਖਹਿਰਾ ਦੀ 'ਆਪ' ਅਤੇ ਪੀ. ਏ. ਪੀ. ਵਿਚ ਦਾਲ ਨਾ ਗਲਣ ਤੋਂ ਬਾਅਦ ਹੁਣ ਉਨ੍ਹਾਂ ਦੀ ਅੰਦਰਖਾਤੇ ਭਾਜਪਾ ਨਾਲ ਨਜ਼ਦੀਕੀ ਬਣਨ ਦੀ ਚਰਚਾ ਹੈ। ਭਾਜਪਾ ਨੂੰ ਪੰਜਾਬ ਲਈ ਇਕ ਵੱਡੇ ਚਿਹਰੇ ਦੀ ਲੋੜ ਹੈ ਅਤੇ ਜੇਕਰ ਉਹ ਚਿਹਰਾ ਪਹਿਲਾਂ ਤੋਂ ਹੀ ਪੰਜਾਬ ਦੀ ਰਾਜਨੀਤੀ ਨਾਲ ਪੁਰਾਣਾ ਰਿਸ਼ਤਾ ਰੱਖਦਾ ਹੋਵੇ ਤਾਂ ਬਿਹਤਰ ਹੋਵੇਗਾ। ਜਾਣਕਾਰਾਂ ਦੀ ਮੰਨੀਏ ਤਾਂ ਭਾਜਪਾ ਦੀ ਨਜ਼ਰ ਸਿੱਧੂ ਅਤੇ ਖਹਿਰਾ 'ਤੇ ਹੈ। ਜੇਕਰ ਪੰਜਾਬ 'ਚ ਭਾਜਪਾ ਇਕੱਲਿਆਂ ਪੈਰ ਮਜ਼ਬੂਤ ਕਰਨ ਦੀ ਸੋਚ ਰਹੀ ਹੈ ਤਾਂ ਉਸ ਨੂੰ ਖਹਿਰਾ ਵਰਗਾ ਨੇਤਾ ਫਾਇਦਾ ਪਹੁੰਚਾ ਸਕਦਾ ਹੈ ਪਰ ਖਹਿਰਾ ਦੇ ਕਰੀਬੀਆਂ ਦੀ ਮੰਨੀਏ ਤਾਂ ਖਹਿਰਾ ਸਿਰਫ ਕੁਝ ਦੇਰ ਲਈ ਚੁੱਪ ਹਨ ਪਰ ਉਹ ਭਾਜਪਾ ਜਾਂ ਕਿਸੇ ਹੋਰ ਪਾਰਟੀ ਨਾਲ ਸੰਪਰਕ ਵਿਚ ਨਹੀਂ ਹਨ ਪਰ ਕਿਉਂਕਿ ਉਹ 'ਆਪ' ਦੇ ਵਿਧਾਇਕ ਹਨ, ਇਸ ਲਈ 'ਆਪ' ਨਾਲ ਹੀ ਉਨ੍ਹਾਂ ਦੀ ਅੰਦਰਖਾਤੇ ਗੱਲ ਚੱਲ ਰਹੀ ਹੈ।

ਜਨਤਾ ਲਈ ਹਮੇਸ਼ਾ ਲੜਾਂਗਾ : ਖਹਿਰਾ
ਉਥੇ ਹੀ ਮਾਮਲੇ ਬਾਰੇ ਖਹਿਰਾ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਜਨਤਾ ਦੇ ਮੁੱਦਿਆਂ ਲਈ ਆਵਾਜ਼ ਉਠਾਉਂਦੇ ਰਹੇ ਹਨ ਅਤੇ ਇਹ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਉਹ ਕੁਝ ਦੇਰ ਸ਼ਾਂਤ ਰਹਿ ਕੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਸਮਝ ਰਹੇ ਹਨ। ਜਲਦ ਹੀ ਉਹ ਦੁਬਾਰਾ ਪੰਜਾਬ ਦੀ ਰਾਜਨੀਤੀ 'ਚ ਸਰਗਰਮ ਹੋਣਗੇ।


rajwinder kaur

Content Editor

Related News