ਬਰਗਾੜੀ ਕੇਸ ਨੂੰ ਕਾਂਗਰਸ ਤੇ ਅਕਾਲੀ ਦਲ ਨੇ ਜਾਣ-ਬੁੱਝ ਕੇ ਉਲਝਾਇਆ: ਖਹਿਰਾ

10/08/2019 4:07:59 PM

ਜੰਲਧਰ— ਪੰਜਾਬ ਏਕਤਾ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੇ ਦੱਸਿਆ ਕਿ ਬਰਗਾੜੀ ਗੋਲੀ ਕਾਂਡ 'ਚ ਮਾਰੇ ਗਏ ਸਿੱਖ ਨੌਜਵਾਨਾਂ ਦੀ ਯਾਦ 'ਚ ਰੱਖੇ ਪਾਠ ਦੇ ਭੋਗ 14 ਅਕਤੂਬਰ ਨੂੰ ਉਨ੍ਹਾਂ ਦੀ ਬਰਸੀ ਵਾਲੇ ਦਿਨ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਕਾਲਾ ਦਿਵਸ ਵਜੋ ਮਨਾਇਆ ਜਾਵੇਗਾ। ਖਹਿਰਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਬਰਗਾੜੀ ਕਾਂਡ ਦੇ ਮਾਮਲੇ 'ਚ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਪਾਰਟੀਆਂ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਅਤੇ ਇਸ ਕੇਸ ਨੂੰ ਉਲਝਾਇਆ ਹੈ। ਇਸ ਗੋਲੀ ਕਾਂਡ 'ਚ ਸਿੱਖਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਤੋਂ ਹਰ ਤਰ੍ਹਾਂ ਦੀ ਜਾਂਚ ਵਾਪਸ ਲੈ ਕੇ ਐੱਸ. ਆਈ. ਟੀ.ਨੂੰ ਸੌਂਪ ਦਿੱਤੀ ਜਾਵੇ। 

ਖਹਿਰਾ ਨੇ ਕਿਹਾ ਕਿ ਗੋਲੀ ਕਾਂਡ ਦੇ ਮੁਲਜ਼ਮਾਂ ਤੋਂ ਲੈ ਕੇ ਬੇਅਦਬੀ ਕਾਂਡ ਦੇ ਮੁਲਜ਼ਮਾਂ ਨੂੰ ਕਾਨੂੰਨ ਤੋਂ ਬਚਾਉਣ ਲਈ ਸਰਕਾਰਾਂ ਨੇ ਖੁਦ ਢਿੱਲੀ ਵਰਤੀ ਹੈ। ਬੀਤੇ ਦਿਨੀਂ ਫੜੇ ਅੱਤਵਾਦੀਆਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਸੀ ਕਿ ਉਹ ਕੁਝ ਸਾਲ ਪਹਿਲਾਂ ਸੁਖਬੀਰ ਬਾਦਲ ਨੂੰ ਮਾਰਨ ਦੀ ਸਾਜਿਸ਼ ਰਚ ਰਹੇ ਸਨ। ਇਹ ਸਭ ਪੰਜਾਬ ਪੁਲਸ ਦੀਆਂ ਕਹਾਣੀਆਂ ਹਨ। ਉਨ੍ਹਾਂ ਮਜ਼ਾਕ 'ਚ ਕਿਹਾ ਕਿ ਹੁਣ ਸੁਖਬੀਰ ਵਰਗੇ ਨੇਤਾਵਾਂ ਨੂੰ ਵਧੇਰੇ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਟ ਦਾ ਮੁਖੀ ਕੁੰਵਰ ਵਿਜੇ ਪ੍ਰਤਾਪ ਇਕ ਈਮਾਨਦਾਰ ਅਧਿਕਾਰੀ ਹੈ ਪਰ ਉਸ ਦੀ ਪੰਜ ਮੈਂਬਰੀ ਸਿੱਟ ਦੇ ਚਾਰ ਪੁਲਸ ਅਧਿਕਾਰੀ ਹੀ ਬਗਾਵਤ ਕਰ ਚੁੱਕੇ ਹਨ। ਸਰਕਾਰ ਚਾਹੁੰਦੀ ਨਹੀਂ ਹੈ ਕਿ ਇਸ ਕੇਸ 'ਚ ਸਹੀ ਫੈਸਲਾ ਹੋਵੇ। ਕੈਪਟਨ ਸਾਹਿਬ ਕਹਿੰਦੇ ਸਨ ਕਿ ਪੁਲਸ 'ਚ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਹੋਵੇਗੀ ਪਰ ਅਜਿਹੀ ਬਗਾਵਤ ਕਰਨ ਵਾਲੇ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਹੋਈ।


shivani attri

Content Editor

Related News