ਪਾਕਿ ਸਰਕਾਰ ਵਾਂਗ ਕੇਂਦਰ ਤੇ ਪੰਜਾਬ ਵੀ ਲੋਕਾਂ ਦੇ ਖਾਤਿਆਂ ''ਚ ਪੈਸੇ ਪਾਉਣ: ਖਹਿਰਾ

04/28/2020 6:19:41 PM

ਬਾਬਾ ਬਕਾਲਾ ਸਾਹਿਬ (ਰਾਕੇਸ਼): ਪਾਕਿਸਤਾਨ ਸਰਕਾਰ ਜੋ ਕਿ ਭਾਰਤ ਨਾਲੋਂ ਕਿਧਰੇ ਛੋਟਾ ਤੇ ਗਰੀਬ ਦੇਸ਼ ਹੈ, ਪਰ ਉਹ ਆਪਣੇ ਦੇਸ਼ਵਾਸੀਆਂ ਦੇ ਖਾਤੇ ਵਿਚ ਪੈਸੇ ਪਾ ਰਹੇ ਹਨ। ਹੁਣ ਤੱਕ ਇਕ ਕਰੋੜ 20 ਲੱਖ ਲੋਕਾਂ ਦੇ ਖਾਤੇ ਵਿਚ 12 ਹਜ਼ਾਰ ਪ੍ਰਤੀ ਪਰਿਵਾਰ ਪੈਸੇ ਪਾਏ ਜਾ ਚੁੱਕੇ ਹਨ। ਇਸੇ ਤਰ੍ਹਾਂ ਹੀ ਕਨੇਡਾ ਵਰਗੇ ਦੇਸ਼ ਵੀ ਆਪਣੇ ਹਰੇਕ ਨਾਗਰਿਕ ਦੇ ਖਾਤੇ ਵਿਚ 2000 ਹਜ਼ਾਰ ਡਾਲਰ ਪਾ ਰਹੇ ਹਨ, ਸਾਡਾ ਦੇਸ਼ ਉਨ੍ਹਾਂ ਦਾ ਮੁਕਾਬਲਾ ਤਾਂ ਨਹੀ ਕਰ ਸਕਦਾ ਪਰ ਮਦਦ ਜ਼ਰੂਰ ਕਰ ਸਕਦਾ ਹੈ। ਇਹ ਗੱਲ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਵੀ ਲੋੜਵੰਦਾਂ ਦੇ ਖਾਤਿਆਂ 'ਚ ਪੰਜ-ਪੰਜ ਹਜ਼ਾਰ ਰੁਪਏ ਪਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦੋ ਲੱਖ ਕਰੋੜ ਸਾਲ ਦਾ ਬਜਟ ਹੈ, ਜਿਸਨੂੰ ਫਜ਼ੂਲ ਖਰਚ ਕਰਨ ਦੀ ਬਜਾਏ ਲੋਕਾਂ ਦੇ ਖਾਤੇ ਵਿਚ ਪਾਏ ਜਾਣ, ਤਾਂ ਉਨ੍ਹਾਂ ਦੀ ਰੋਟੀ ਚੱਲ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਜ਼ੁਬਾਨੀ ਅਜਿਹੇ ਪਰਿਵਾਰਾਂ ਦੀ ਗਿਣਤੀ 10 ਲੱਖ ਦੱਸੀ ਹੈ ਅਤੇ ਹਰੇਕ ਖਾਤੇ 'ਚ 5 ਹਜ਼ਾਰ ਰੁਪਏ ਪਾਉਣ ਦੇ ਨਾਲ ਕੇਵਲ 500 ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ 'ਚ ਬਹੁਤ ਸਾਰੇ ਜ਼ਿਮੀਦਾਰ ਬੇਜ਼ਮੀਨੇ ਹਨ, ਪਰ ਉਹ ਨਾ ਤਾਂ ਗਰੀਬੀ ਰੇਖਾ 'ਚ ਆਉਂਦੇ ਹਨ ਅਤੇ ਨਾ ਹੀ ਆਮ ਜਾਤਾਂ 'ਚ, ਜਿਸ ਕਰਕੇ ਉਹ ਹਰ ਸਹੂਲਤ ਤੋਂ ਵਾਂਝੇ ਰਹਿ ਰਹੇ ਹਨ।

ਇਹ ਵੀ ਪੜ੍ਹੋ: ਮਜੀਠਾ 'ਚ ਵੱਡੀ ਵਾਰਦਾਤ, ਮਹਿਲਾ ਸਰਪੰਚ ਦੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਖਹਿਰਾ ਨੇ ਕਿਹਾ ਕਿ ਸਵਰਨ ਜਾਤੀਆਂ ਜੋ ਕਿ ਆਰਥਿਕ ਤੌਰ 'ਤੇ ਕਮਜ਼ੋਰ ਹੁੰਦੀਆਂ ਹਨ, ਨੂੰ ਵੀ ਸਹਾਇਤਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਵਲੋਂ ਦਿੱਤੀ ਜਾਣ ਵਾਲੀ ਰਾਸ਼ਨ ਸਮੱਗਰੀ 'ਚ ਕੇਵਲ 500 ਰੁਪਏ ਤੋਂ ਵੱਧ ਦਾ ਸਾਮਾਨ ਨਹੀਂ ਹੁੰਦਾ, ਪਰ ਫਿਰ ਵੀ ਘੱਟ ਗਿਣਤੀ ਵਿਚ ਸਪਲਾਈ ਕੀਤੀ ਜਾ ਰਹੀ ਹੈ। ਅੰਤ ਵਿਚ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਇਸ ਵਾਰ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕਰਵਾਈ ਜਾਵੇ, ਜੋ 15 ਜੁਲਾਈ ਤੱਕ ਮੁਕੰਮਲ ਹੋ ਸਕਦੀ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਮੌਜੂਦਾ ਸਮੇਂ ਦੌਰਾਨ ਜੋ ਮਜ਼ਦੂਰ ਯੂ.ਪੀ, ਬਿਹਾਰ, ਮੱਧ ਪ੍ਰਦੇਸ਼ ਆਦਿ ਤੋਂ ਆਉਦੇ ਸਨ, ਉਨ੍ਹਾਂ ਦਾ ਆਉਣਾ ਮੁਸ਼ਕਲ ਹੈ। ਇਸ ਤੋਂ ਇਲਾਵਾ ਬਿਜਲੀ ਦੀ ਵੀ ਕੋਈ ਕਿੱਲਤ ਨਹੀਂ ਹੈ, ਕਿਉਂਕਿ ਸਮੁੱਚੀ ਇੰਡਸਟਰੀ ਬੰਦ ਪਈ ਹੋਈ ਹੈ। ਇਸ ਲਈ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਜਿਹਾ ਕਰਨਾ ਜ਼ਰੂਰੀ ਹੈ, ਇਸ ਨਾਲ ਫਸਲ ਆਰਾਮ ਨਾਲ ਬੀਜੀ ਜਾ ਸਕਦੀ ਹੈ, ਕੋਈ ਹਫੜਾ-ਦਫੜੀ ਨਹੀਂ ਪਵੇਗੀ ਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਵੀ ਹੋਵੇਗੀ। ਅੰਤ ਵਿਚ ਖਹਿਰਾ ਨੇ ਕਿਹਾ ਕਿ ਜੋ ਪੰਜਾਬ ਦੇ ਲੋਕ ਆਪਣੀਆਂ ਕੰਬਾਇਨਾਂ ਲੈ ਕੇ ਮੱਧ ਪ੍ਰਦੇਸ਼ ਤੇ ਹੋਰ ਸੂਬਿਆਂ ਵਿਚ ਗਏ ਹੋਏ ਸਨ, ਉਨ੍ਹਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ ਤੇ ਰੋਜ਼ੀ ਰੋਟੀ ਤੋਂ ਵੀ ਆਤਰ ਹੋ ਕੇ ਬੈਠੈ ਹਨ ਅਤੇ ਖਾਸ ਗੱਲ ਇਹ ਹੈ ਕਿ ਉਹ ਸਾਰੇ ਜ਼ਿਲਾ ਪਟਿਆਲਾ ਨਾਲ ਸਬੰਧਤ ਹਨ। ਇਸ ਲਈ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਕੰਬਾਇਨ ਮਾਲਕਾਂ ਤੇ ਚਾਲਕਾਂ ਨੂੰ ਪੰਜਾਬ ਲਿਆਉਣ ਦਾ ਬੰਦੋਬਸਤ ਕਰਨ।

ਇਹ ਵੀ ਪੜ੍ਹੋ: ਜਲੰਧਰ ਤੋਂ ਆਉਣ ਵਾਲੀ ਪਬਲਿਕ ਨੂੰ ਰੋਕਣ ਲਈ ਚੋਲਾਂਗ ਨੇੜੇ ਹਾਈਵੇਅ ਸੀਲ


Shyna

Content Editor

Related News