ਸਰਕਾਰੀ ਸਰਪ੍ਰਸਤੀ ਹੇਠ ਮਾਈਨਿੰਗ ਮਾਫੀਆ ਕਰ ਰਿਹੈ ਕਰੋੜਾਂ ਦੀ ਲੁੱਟ: ਖਹਿਰਾ
Thursday, Nov 01, 2018 - 09:04 AM (IST)

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ, ਦਲਜੀਤ)— ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਬੁੱਧਵਾਰ ਨੂੰ ਸਤਲੁਜ ਦਰਿਆ ਅਤੇ ਸਵਾਂ ਨਦੀ 'ਚ ਰੋਜ਼ਾਨਾ ਕਰੋੜਾਂ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਮੱਦੇਨਜ਼ਰ ਮਾਈਨਿੰਗ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਤੇ ਗਰਾਊਂਡ ਜ਼ੀਰੋ ਤੱਕ ਵੱਡੇ ਪੈਮਾਨੇ 'ਤੇ ਕੀਤੀ ਗਈ ਨਾਜਾਇਜ਼ ਖੋਦਾਈ ਦਾ ਮੀਡੀਆ ਅੱਗੇ ਪਰਦਾਫਾਸ਼ ਕੀਤਾ।
ਇਸ ਦੌਰਾਨ ਖਹਿਰਾ ਨੇ ਕਿਹਾ ਕਿ ਜਿਸ ਮਾਈਨਿੰਗ ਮਾਫੀਏ ਨੂੰ ਦਹਾਕਾ ਭਰ ਸਿਆਸੀ ਸਰਪ੍ਰਸਤੀ ਦੇ ਕੇ ਅਕਾਲੀ ਸਰਕਾਰ ਨੇ ਕੁਦਰਤੀ ਸ੍ਰੋਤਾਂ ਨੂੰ ਲੁੱਟਣ ਦੀ ਖੁੱਲ੍ਹ ਦਿੱਤੀ ਹੋਈ ਸੀ ਉਹ ਹੀ ਮਾਈਨਿੰਗ ਮਾਫੀਆ ਅੱਜ ਕਾਂਗਰਸ ਸਰਕਾਰ ਦੀ ਛਤਰ- ਛਾਇਆ ਹੇਠ ਰੋਜ਼ਾਨਾ ਕਰੋੜਾਂ ਦੀ ਲੁੱਟ ਕਰਕੇ ਆਵਾਮ ਦੇ ਜੀਵਨ ਨੂੰ ਖਤਰੇ 'ਚ ਪਾ ਰਿਹਾ ਹੈ। ਅਜਿਹੀ ਸਥਿਤੀ 'ਚ ਰਾਜ ਸਰਕਾਰ ਨੂੰ ਜੋ ਮਾਈਨਿੰਗ ਨੀਤੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸੁਝਾਅ ਦੇ ਰੂਪ 'ਚ ਪੇਸ਼ ਕੀਤੀ ਗਈ ਸੀ ਉਸ ਨੂੰ ਨਜ਼ਰਅੰਦਾਜ਼ ਕਰ ਕੇ ਕੈਪਟਨ ਸਰਕਾਰ ਜੋ ਨੀਤੀ ਤਿਆਰ ਕਰ ਰਹੀ ਹੈ ਉਹ ਮਹਿਜ਼ ਰਾਣਾ ਗੁਰਜੀਤ ਸਿੰਘ ਦੀ ਤਰਜ਼ 'ਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਲ਼ੀ ਹੈ ਜਿਸ ਨਾਲ਼ ਆਮ ਤੇ ਗਰੀਬ ਵਰਗ ਵੱਡੀ ਲੁੱਟ ਦਾ ਸ਼ਿਕਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਕੈਪ. ਅਮਰਿੰਦਰ ਸਿੰਘ ਕੋਲ਼ ਜੇਕਰ ਫੁਰਸਤ ਹੋਵੇ ਤਾਂ ਉਹ ਇਸ ਖੇਤਰ ਦਾ ਹਵਾਈ ਸਰਵੇਖਣ ਕਰ ਕੇ ਵੇਖਣ ਤਾਂ ਜੋ ਉਨ੍ਹਾਂ ਨੂੰ ਆਪਣੇ ਨਾਜਾਇਜ਼ ਮਾਈਨਿੰਗ ਰੋਕਣ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਅਸਲ ਤਸਵੀਰ ਦਿਸ ਸਕੇ। ਇਹ ਮਾਈਨਿੰਗ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਹਲਕੇ 'ਚ ਹੋ ਰਹੀ ਹੈ। ਰਾਣਾ ਕੇ.ਪੀ. ਸਿੰਘ ਨਾਜਾਇਜ਼ ਮਾਈਨਿੰਗ ਦੇ ਖਿਲਾਫ ਵਿਰੋਧੀ ਧਿਰ 'ਚ ਹੁੰਦਿਆਂ ਖੁਦ ਆਵਾਜ਼ ਉਠਾਉਂਦੇ ਰਹੇ ਹਨ ਪਰ ਅੱਜ ਉਹ ਇਸ ਮਾਈਨਿੰਗ ਦੇ ਖਿਲਾਫ ਖਾਮੋਸ਼ ਹਨ। ਮਾਈਨਿੰਗ ਮਾਫੀਏ 'ਚ ਸ਼ਾਮਲ ਸਰਕਾਰੀ ਅਸਰ ਰਸੂਖ ਰੱਖਣ ਵਾਲ਼ੇ ਹਰ ਵਿਅਕਤੀ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ ਭਾਵੇਂ ਕਿ ਇਸ ਵਿਚ ਮੈਂ (ਖਹਿਰਾ) ਵੀ ਸ਼ਾਮਲ ਕਿਉਂ ਨਾ ਹੋਵਾਂ।
ਪ੍ਰਸ਼ਾਸਨ ਨੇ ਦੇਰ ਰਾਤ ਬੰਦ ਕਰਵਾਈ ਨਾਜਾਇਜ਼ ਮਾਈਨਿੰਗ:
ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਸੁਖਪਾਲ ਸਿੰਘ ਖਹਿਰਾ ਦੀ ਆਮਦ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਖਤੀ ਲਾਗੂ ਕਰਦਿਆਂ ਨਾ ਸਿਰਫ ਨਾਜਾਇਜ਼ ਖੋਦਾਈ ਨੂੰ ਰੋਕਿਆ ਗਿਆ ਬਲਕਿ ਮਾਈਨਿੰਗ ਪ੍ਰਭਾਵਿਤ ਖੇਤਰ ਨੂੰ ਜਾਣ ਵਾਲ਼ੇ ਤਮਾਮ ਰਸਤਿਆਂ ਨੂੰ ਵੱਡੇ ਖੱਡੇ ਪੁੱਟ ਕੇ ਬੰਦ ਕਰ ਦਿੱਤਾ ਗਿਆ। ਸਰਕਾਰੀ ਸੂਤਰਾਂ ਅਨੁਸਾਰ ਇਹ ਕਾਰਵਾਈ ਮਾਈਨਿੰਗ ਰੋਕਣ ਦੀ ਸਥਿਤੀ ਦੇਮੱਦੇਨਜ਼ਰ ਕੀਤੀ ਗਈ ਹੈ ਜਦਕਿ ਸ. ਖਹਿਰਾ ਦੇ ਸਮਰਥਕਾਂ ਅਨੁਸਾਰ ਇਹ ਕੰਮ ਖਹਿਰਾ ਦੀ ਆਮਦ ਤੋਂ ਬੁਖਲਾਹਟ 'ਚ ਆ ਕੇ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ।
8 ਦਿਨਾਂ ਬਾਅਦ ਐਲਾਨਾਂਗੇ ਅਗਲੀ ਰਣਨੀਤੀ:
ਖਹਿਰਾ ਨੇ ਆਪ ਵੱਲੋਂ ਐਲਾਨੇ ਲੋਕ ਸਭਾ ਦੇ ਪੰਜ ਉਮੀਦਵਾਰਾਂ ਸਬੰਧੀ ਕਿਹਾ ਹੈ ਕਿ ਇਹ ਐਲਾਨ ਸਵਰਾਜ ਦੇ ਉਸ ਵਿਧਾਨ ਅਨੁਸਾਰ ਨਹੀਂ ਕੀਤਾ ਗਿਆ ਜਿਸ ਦਾ ਏਜੰਡਾ ਲੈ ਕੇ ਪਾਰਟੀ ਹੋਂਦ ਵਿਚ ਆਈ ਸੀ। ਇਸ ਦੇ ਪੁਨਰਵਿਚਾਰ ਲਈ ਅਸੀਂ ਪਾਰਟੀ ਨੂੰ ਅੱਠ ਦਿਨਾਂ ਦਾ ਅਲ਼ਟੀਮੇਟਮ ਦਿੱਤਾ ਹੈ ਜੇਕਰ ਇਨ੍ਹਾਂ ਦਿਨਾਂ 'ਚ ਪਾਰਟੀ ਹਾਈਕਮਾਂਡ ਵੱਲੋਂ ਕੋਈ ਸਾਰਥਕ ਹੁੰਗਾਰਾ ਨਾ ਦਿੱਤਾ ਤਾਂ ਉਹ ਅਗਲੀ ਰੂਪ-ਰੇਖਾ ਉਲੀਕਣਗੇ ਤੇ ਸਮਾਂ ਆਉਣ 'ਤੇ ਸਿਆਸੀ ਭਾਈਵਾਲ ਧਿਰਾਂ ਨਾਲ਼ ਸਾਂਝ ਸਬੰਧੀ ਲਏ ਜਾਣ ਵਾਲ਼ੇ ਫੈਸਲੇ 'ਤੇ ਵਿਚਾਰ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਅੱਜ ਤੀਜੇ ਬਦਲ ਦੀ ਲੋਕਾਂ ਨੂੰ ਤਲਾਸ਼ ਹੈ ਤੇ ਉਹ ਤੀਜੇ ਬਦਲ ਨੂੰ ਇਕ ਮਜ਼ਬੂਤ ਧਿਰ ਵਜੋਂ ਸਥਾਪਿਤ ਕਰਨਗੇ। ਪੰਜਾਬ ਅੰਦਰ ਬਾਦਲ ਪਰਿਵਾਰ ਦੀਆਂ ਗਲਤ ਨੀਤੀਆਂ ਕਾਰਨ ਅਕਾਲੀ ਦਲ ਦਾ ਵਜੂਦ ਖਤਮ ਹੋ ਚੁੱਕਾ ਹੈ। ਅੱਜ ਕਦੇ 1984 ਦੇ ਕਤਲੇਆਮ ਤੇ ਕਦੇ ਅੰਮ੍ਰਿਤਸਰ ਰੇਲ ਹਾਦਸੇ ਨੂੰ ਜ਼ਰੀਆ ਬਣਾ ਕੇ ਸੌੜੀ ਸਿਆਸਤ ਖੇਡ ਰਿਹਾ ਹੈ ਜਦਕਿ ਅੱਜ ਸਮੁੱਚਾ ਸਿੱਖ ਜਗਤ ਅਕਾਲੀ ਦਲ ਤੋਂ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਪ੍ਰਤੀ ਜੁਆਬ ਮੰਗ ਰਿਹਾ ਹੈ। ਸ. ਖਹਿਰਾ ਨੇ ਕਿਹਾ ਕਿ ਬੇਅਦਬੀ ਕਾਂਡ ਦੇ ਮਾਮਲੇ 'ਚ ਵੀ ਅਗਲੇ ਦਿਨੀਂ ਅਹਿਮ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ਼ ਹੋਰਨਾਂ ਤੋਂ ਇਲਾਵਾ ਜੈ ਕਿਸ਼ਨ ਸਿੰਘ ਰੌੜੀ ਵਿਧਾਇਕ ਗੜ੍ਹਸ਼ੰਕਰ, ਜਗਦੇਵ ਸਿੰਘ ਕਮਾਲ਼ੂ ਵਿਧਾਇਕ ਮੌੜ ਮੰਡੀ, ਐਡਵੋਕੇਟ ਦਿਨੇਸ਼ ਚੱਢਾ, ਤਰਲੋਚਨ ਸਿੰਘ ਚੱਠਾ, ਹਰਤੇਗਵੀਰ ਸਿੰਘ ਤੇਗੀ, ਗੁਰਮੇਲ ਸਿੰਘ ਬਾੜਾ, ਰਣਬਹਾਦਰ ਰਾਣਾ, ਅਵਤਾਰ ਸਿੰਘ ਕੂਨਰ, ਮਲਕੀਤ ਭੰਗੂ, ਐਡਵੋਕੇਟ ਸਤਨਾਮ ਸਿੰਘ ਤੇ ਮਨਿੰਦਰ ਮਨੀ ਆਦਿ ਸਣੇ ਅਨੇਕਾਂ ਆਗੂ ਮੌਜੂਦ ਸਨ।