ਸੁਖਪਾਲ ਖਹਿਰਾ ਦਾ ਯੂ-ਟਰਨ, ਫਿਰ ਜਾਗਿਆ ਵਿਧਾਇਕੀ ਦਾ ਮੋਹ

10/22/2019 6:36:39 PM

ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਯੂ-ਟਰਨ ਲੈਂਦੇ ਹੋਏ ਵਿਧਾਇਕੀ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ। ਸੁਖਪਾਲ ਖਹਿਰਾ ਨੇ 25 ਅਪ੍ਰੈਲ ਨੂੰ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਵੱਖਰੀ ਪਾਰਟੀ ਬਣਾ ਲਈ ਸੀ। ਉਸ ਸਮੇਂ ਅਸਤੀਫਾ ਦਿੰਦਿਆਂ ਸੁਖਪਾਲ ਖਹਿਰਾ ਨੇ ਬਕਾਇਦਾ ਇਹ ਵੀ ਆਖਿਆ ਸੀ ਕਿ ਉਹ ਇਹ ਕਦਮ ਆਪਣੇ ਹਲਕਾ ਭੁਲੱਥ ਦੀ ਜਨਤਾ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਚੁੱਕ ਰਹੇ ਹਨ। 
ਦੱਸਣਯੋਗ ਹੈ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਾਲ ਆਪ ਮੁਖਤਿਆਰੀ ਦੀ ਮੰਗ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਸੁਖਪਾਲ ਖਹਿਰਾ ਨੂੰ ਪਾਰਟੀ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਖਹਿਰਾ ਨੇ ਪਾਰਟੀ ਅਤੇ ਵਿਧਾਇਕੀ 'ਚੋਂ ਅਸਤੀਫਾ ਦੇ ਕੇ ਆਪਣੀ ਪਾਰਟੀ (ਪੰਜਾਬ ਏਕਤਾ ਪਾਰਟੀ) ਬਣਾ ਲਈ ਸੀ। ਇਸ ਦੌਰਾਨ ਬਕਾਇਦਾ ਖਹਿਰਾ ਵਲੋਂ ਪੰਜਾਬ ਡੈਮੋਕ੍ਰੇਟਿਕ ਗਠਜੋੜ ਨਾਲ ਬਠਿੰਡਾ ਤੋਂ ਪਾਰਲੀਮੈਂਟ ਚੋਣ ਵੀ ਲੜੀ ਜਿਸ ਵਿਚ ਉਨ੍ਹਾਂ ਨੂੰ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ। ਹੁਣ ਜਦੋਂ ਸੁਖਪਾਲ ਖਹਿਰਾ ਨੇ ਯੂ-ਟਰਨ ਲੈਂਦੇ ਹੋਏ ਵਿਧਾਇਕੀ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ ਤਾਂ ਅਜਿਹੇ 'ਚ ਦੇਖਣਾ ਇਹ ਹੋਵੇਗਾ ਆਮ ਆਦਮੀ ਪਾਰਟੀ ਵਿਚ ਉਨ੍ਹਾਂ ਦੀ ਵਾਪਸੀ ਹੁੰਦੀ ਹੈ ਜਾਂ ਨਹੀਂ।


Gurminder Singh

Content Editor

Related News