ਮੋਦੀ ਸਰਕਾਰ ''ਤੇ ਵਰ੍ਹੇ ਸੁਖਪਾਲ ਖਹਿਰਾ, ਪੰਜਾਬ ਸਰਕਾਰ ਨੂੰ ਸਲਾਹ
Sunday, Jul 07, 2019 - 06:01 PM (IST)
ਚੰਡੀਗੜ੍ਹ (ਸ਼ਰਮਾ) : ਕੇਂਦਰੀ ਬਜਟ 'ਚ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਦੇ ਰੂਪ 'ਚ ਵਾਧੇ ਨੂੰ ਦੇਸ਼ ਦੀ ਜਨਤਾ ਖਾਸ ਤੌਰ 'ਤੇ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੰਦਿਆਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਇਸ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਸ ਵਾਧੇ ਨੂੰ ਵਾਪਸ ਨਹੀਂ ਲੈਂਦੀ ਤਾਂ ਸੂਬੇ ਦੀ ਕੈਪਟਨ ਸਰਕਾਰ ਇਸ ਵਾਧੂ ਬੋਝ ਨੂੰ ਖੁਦ ਚੁੱਕੇ ਕਿਉਂਕਿ ਸੂਬੇ 'ਚ ਪਹਿਲਾਂ ਤੋਂ ਹੀ ਦੇਸ਼ ਦੇ ਹੋਰ ਸੂਬਿਆਂ ਦੇ ਮੁਕਾਬਲੇ ਵੈਟ ਦੀ ਵਾਧੂ ਦਰ ਵਸੂਲ ਕੀਤੀ ਜਾ ਰਹੀ ਹੈ।
ਖਹਿਰਾ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਜਿਥੇ ਕਰੂਡ ਦੀਆਂ ਦਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਉਥੇ ਹੀ ਕੇਂਦਰ ਦੀ ਭਾਜਪਾ ਸਰਕਾਰ ਆਪਣਾ ਖਜ਼ਾਨਾ ਭਰਨ ਲਈ ਜਨਤਾ 'ਤੇ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਤੇਲ ਦੀਆਂ ਦਰਾਂ 'ਚ ਵਾਧੇ ਨਾਲ ਆਮ ਜਨਤਾ ਨੂੰ ਮਹਿੰਗਾਈ ਦੀ ਮਾਰ ਝੱਲਣੀ ਪਏਗੀ। ਖਹਿਰਾ ਨੇ ਇਸ ਗੱਲ 'ਤੇ ਵੀ ਹੈਰਾਨੀ ਜ਼ਾਹਿਰ ਕੀਤੀ ਕਿ ਕੇਂਦਰ ਸਰਕਾਰ 'ਚ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਪਤੀ ਸੁਖਬੀਰ ਸਿੰਘ ਬਾਦਲ ਨੇ ਵੀ ਤੇਲ ਦੀਆਂ ਦਰਾਂ 'ਚ ਵਾਧੇ ਦਾ ਨਾ ਤਾਂ ਵਿਰੋਧ ਕੀਤਾ ਅਤੇ ਨਾ ਹੀ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ।