ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਸੁਖਪਾਲ ਖਹਿਰਾ ਦੇ ਆਮ ਆਦਮੀ ਪਾਰਟੀ ’ਤੇ ਵੱਡੇ ਦੋਸ਼
Saturday, Jan 29, 2022 - 10:23 PM (IST)
ਚੰਡੀਗੜ੍ਹ : 78 ਦਿਨ ਬਾਅਦ ਜੇਲ੍ਹ ’ਚੋਂ ਬਾਹਰ ਆਏ ਹਲਕਾ ਭੁਲੱਥ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ’ਤੇ ਵੱਡੇ ਦੋਸ਼ ਲਗਾਏ ਹਨ। ਸੁਖਪਾਲ ਸਿੰਘ ਖਹਿਰਾ ਨੇ ਆਪਣੇ ’ਤੇ ਲੱਗੇ ਈ.ਡੀ. ਨਾਲ ਸਬੰਧਤ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਸ ਪਿੱਛੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਹੱਥ ਹੈ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਤਿੱਕੜੀ ਨੇ ਮੇਰੇ ਖ਼ਿਲਾਫ਼ ਸਾਜ਼ਿਸ਼ ਰਚੀ ਹੈ। ਭਾਜਪਾ ਨਾਲ ਮਿਲ ਕੇ ਮੇਰੇ ’ਤੇ ਈ. ਡੀ. ਦਾ ਕੇਸ ਦਰਜ ਕਰਵਾਇਆ ਗਿਆ ਹੈ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ 2016 ਵਿਚ ਮੈਨੂੰ ਵਿਦੇਸ਼ ਭੇਜਿਆ ਸੀ ਅਤੇ ਉਥੇ 2 ਕਰੋੜ ਰੁਪਏ ਇਕੱਠੇ ਕੀਤੇ ਸਨ ਪਰ ਇਸ ਪੈਸੇ ਦਾ ਕੋਈ ਹਿਸਾਬ ਨਹੀਂ ਹੈ।
ਇਹ ਵੀ ਪੜ੍ਹੋ : ਹਾਈਕਮਾਨ ਨੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦਾ ਬਾਇਕਾਟ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਕੀਤਾ ਦਿੱਲੀ ਤਲਬ
ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਬਹੁਤ ਨੇੜੇ ਤੋਂ ਹੋ ਕੇ ਕੰਮ ਕੀਤਾ ਹੈ, ਇਸ ਲਈ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਨਾ ਉਨ੍ਹਾਂ ਦਾ ਫਰਜ਼ ਹੈ ਕਿ ਇਨ੍ਹਾਂ ਤੋਂ ਬਚ ਕੇ ਰਹੋ, ਇੰਨ੍ਹਾਂ ਦੇ ਝਾਂਸੇ ’ਚ ਨਾ ਆ ਜਾਣਾ। ਉਨ੍ਹਾਂ ਕਿਹਾ ਕਿ ਇਹ ਕੇਸ ਹੋਰ ਕੁਝ ਨਹੀਂ ਬਲਕਿ ਝੂਠ ਦਾ ਪੁਲੰਦਾ ਹੈ ਅਤੇ ਇਹ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਡੂੰਘੀ ਸਾਜ਼ਿਸ਼ ਦਾ ਵੀ ਖੁਲਾਸਾ ਕਰਦਾ ਹੈ ਕਿਉਂਕਿ ਗ੍ਰਿਫ਼ਤਾਰ ਕੀਤੇ ਜਾਣ ਦਾ ਇਕ ਕਾਰਣ ਆਮ ਆਦਮੀ ਪਾਰਟੀ ਦੇ ਸੈਕਟਰੀ ਪੰਕਜ ਗੁਪਤਾ ਦਾ ਸਰਾਸਰ ਝੂਠਾ ਬਿਆਨ ਵੀ ਹੈ, ਜਿਸ ਨੇ ਦਿੱਲੀ ਵਿਖੇ ਈ.ਡੀ. ਨੂੰ ਬਿਆਨ ਦਿੰਦੇ ਸਮੇਂ ਮੇਰੇ ਉਪਰ 1.19 ਲੱਖ ਡਾਲਰ ਇਕੱਠੇ ਕਰਨ ਦਾ ਦੋਸ਼ ਲਗਾਇਆ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੇ ਘਰ ’ਚ ਹੀ ਬਗਾਵਤ, ਭਰਾ ਨੇ ਆਜ਼ਾਦ ਉਮੀਦਵਾਰ ਵਜੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ
ਖਹਿਰਾ ਨੇ ਕਿਹਾ ਕਿ ਭਾਜਪਾ ਵਲੋਂ ਆਪਣੇ ਹੱਥਠੋਕੇ ਈ.ਡੀ. ਰਾਹੀਂ ਬਾਂਹ ਮਰੋੜਣ ਦੀ ਨੀਤੀ ਜਾਂ ਆਮ ਆਦਮੀ ਪਾਰਟੀ ਆਗੂਆਂ ਵਲੋਂ ਸੱਤਾ ਦੇ ਲਾਲਚ ’ਚ ਝੂਠ ਦੀ ਸਿਆਸਤ ਕਰਨ ਦੇ ਬਾਵਜੂਦ ਉਹ ਹਰ ਤਰ੍ਹਾਂ ਦੀ ਬੇਇਨਸਾਫ਼ੀ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਣਗੇ।
ਇਹ ਵੀ ਪੜ੍ਹੋ : ਭਗਵੰਤ ਮਾਨ ਨੇ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ, ਠੋਕਿਆ ਇਹ ਵੱਡਾ ਦਾਅਵਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?