ਕੰਡੀਸ਼ਨਲ ਅਸਤੀਫਾ ਦੇ ਕੇ ਸਿਆਸੀ ਪਾਰਟੀਆਂ ਦੇ ਟਾਰਗੈੱਟ ''ਤੇ ਆਏ ਸੁਖਪਾਲ ਖਹਿਰਾ
Saturday, Apr 27, 2019 - 06:33 PM (IST)
ਜਲੰਧਰ (ਬੁਲੰਦ)— ਆਮ ਆਦਮੀ ਪਾਰਟੀ ਤੋਂ ਅਲੱਗ-ਥਲੱਗ ਹੋ ਕੇ ਆਪਣੀ ਸਿਆਸੀ ਪਾਰਟੀ ਅਤੇ ਫਰੰਟ ਬਣਾਉਣ ਵਾਲੇ ਸੁਖਪਾਲ ਖਹਿਰਾ ਨੇ ਬੀਤੇ ਦਿਨ ਬਠਿੰਡਾ ਤੋਂ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਵਿਧਾਨ ਸਭਾ ਤੋਂ ਆਪਣੀ ਭੁਲੱਥ ਤੋਂ ਮੈਂਬਰਸ਼ਿਪ ਨੂੰ ਲੈ ਕੇ ਅਸਤੀਫਾ ਦਿੱਤਾ ਸੀ। ਜਿਸ ਨੂੰ ਲੈ ਕੇ ਇਕ ਵਾਰ ਫਿਰ ਸੁਖਪਾਲ ਸਿੰਘ ਖਹਿਰਾ ਆਪਣੀ ਵਿਰੋਧੀ ਸਿਆਸੀ ਪਾਰਟੀ ਦੇ ਨੇਤਾਵਾਂ ਦੇ ਟਾਰਗੈੱਟ 'ਤੇ ਆ ਗਏ ਹਨ।
ਇਸ ਬਾਰੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਸੀ. ਆਗੂ ਅਮਨ ਅਰੋੜਾ ਨੇ ਖਹਿਰਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਅਨਪੜ੍ਹ ਤੋਂ ਅਨਪੜ੍ਹ ਵਿਅਕਤੀ ਵੀ ਇਹ ਜਾਣਦਾ ਹੈ ਕਿ ਵਿਧਾਨ ਸਭਾ 'ਚ ਦੋ ਲਾਈਨਾਂ ਦਾ ਅਸਤੀਫਾ ਸਵੀਕਾਰ ਹੁੰਦਾ ਹੈ। ਉਸ ਦੇ ਲਈ ਵਿਧਾਨ ਸਭਾ ਤੋਂ ਇਕ ਰੈਜ਼ੀਗਨੇਸ਼ਨਲ ਫਾਰਮ ਮਿਲਦਾ ਹੈ, ਜਿਸ 'ਤੇ ਦੋ ਲਾਈਨਾਂ ਲਿਖ ਕੇ ਅਸਤੀਫਾ ਦੇ ਦਿੱਤਾ ਜਾਂਦਾ ਹੈ ਪਰ ਖਹਿਰਾ ਨੇ ਜਾਣਬੁੱਝ ਕੇ ਤਿੰਨ ਪੇਜਾਂ ਦੀ ਕਹਾਣੀ ਲਿਖ ਕੇ ਸਪੀਕਰ ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖਹਿਰਾ ਨੂੰ ਵੀ ਪਤਾ ਹੈ ਕਿ ਇਸ ਤਰ੍ਹਾਂ ਦਾ ਅਸਤੀਫਾ ਸਪੀਕਰ ਮਨਜ਼ੂਰ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਆਪਣੇ ਚਹੇਤੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਈਆ ਕੋਲੋਂ ਹੀ ਸਲਾਹ ਲੈਣੀ ਚਾਹੀਦੀ ਸੀ ਕਿਉਂਕਿ ਨਾਜ਼ਰ ਸਿੰਘ ਨੇ ਦੋ ਲਾਈਨਾਂ ਲਿਖ ਕੇ ਅਸਤੀਫਾ ਦਿੱਤਾ ਹੈ। ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਸਾਫ ਕਿਹਾ ਕਿ ਖਹਿਰਾ ਦਾ ਇਹ ਅਸਤੀਫਾ ਸਿਰਫ ਸਿਆਸੀ ਸਟੰਟ ਹੈ ਅਤੇ ਚੋਣਾਂ ਤੋਂ ਬਾਅਦ ਉਹ ਦੁਬਾਰਾ ਆਪਣੀ ਵਿਧਾਇਕੀ ਸੰਭਾਲਣ ਪਹੁੰਚ ਜਾਣਗੇ।
ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਵੀ ਖਹਿਰਾ ਨੂੰ ਡਰਾਮੇਬਾਜ਼ ਦੱਸਦਿਆਂ ਕਿਹਾ ਕਿ ਖਹਿਰਾ ਨੇ ਜੋ 4-5 ਪੇਜ ਦਾ ਅਸਤੀਫਾ ਦਿੱਤਾ ਹੈ ਉਹ ਸਿਆਸੀ ਡਰਾਮਾ ਹੈ। ਅਜਿਹਾ ਅਸਤੀਫਾ ਵਿਧਾਨ ਸਭਾ 'ਚ ਹੀ ਸਵੀਕਾਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਖਹਿਰਾ ਨੇ ਅਸਲ 'ਚ ਅਸਤੀਫਾ ਦੇਣਾ ਹੁੰਦਾ ਤਾਂ ਉਹ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਦਿੰਦੇ।
ਉਥੇ ਸੀ. ਐਡਵੋਕੇਟ ਮਨਦੀਪ ਸਚਦੇਵਾ ਨੇ ਕਾਨੂੰਨੀ ਪੱਖ ਦੱਸਦਿਆਂ ਕਿਹਾ ਕਿ ਵਿਧਾਨ ਸਭਾ 'ਚ ਅਨਕੰਡੀਸ਼ਨਲ ਰਿਜ਼ਾਈਨ ਮਨਜ਼ੂਰ ਕੀਤਾ ਜਾਂਦਾ ਹੈ। ਕੰਡੀਸ਼ਨਲ ਰਿਜ਼ਾਈਨ ਵਧੇਰੇ ਕਰਕੇ ਰੱਦ ਕਰ ਦਿੱਤਾ ਜਾਂਦਾ ਹੈ ਕਿਉਂਕਿ ਇਸ ਵਿਚ ਜਾਂ ਤਾਂ ਕੋਈ ਨਾ ਕੋਈ ਸ਼ਰਤ ਰੱਖ ਦਿੱਤੀ ਜਾਂਦੀ ਹੈ ਜਾਂ ਫਿਰ ਸਮਾਂ ਦੇ ਦਿੱਤਾ ਜਾਂਦਾ ਹੈ। ਜੇਕਰ ਇਸ ਸਮੇਂ ਦੌਰਾਨ ਉਕਤ ਸ਼ਰਤਾਂ ਪੂਰੀਆਂ ਨਾ ਹੋਈਆਂ ਤਾਂ ਅਸਤੀਫਾ ਮੰਨਿਆ ਜਾਵੇ ਜੇਕਰ ਸ਼ਰਤਾਂ ਪੂਰੀਆਂ ਹੋ ਗਈਆਂ ਤਾਂ ਅਸਤੀਫਾ ਨਾ ਮੰਨਿਆ ਜਾਵੇ।
ਉਧਰ ਮਾਮਲੇ ਬਾਰੇ ਸੁਖਪਾਲ ਖਹਿਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਜੋ ਅਸਤੀਫਾ ਦਿੱਤਾ ਹੈ ਉਹ ਬਿਲਕੁਲ ਸਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਉਨ੍ਹਾਂ ਨੂੰ ਪਤਾ ਹੈ, ਜਿਨ੍ਹਾਂ ਨੇ ਇਲਜ਼ਾਮਬਾਜੀ ਕਰਨੀ ਹੈ ਉਹ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਜੇਕਰ ਲੋੜ ਪਈ ਤਾਂ ਉਹ ਸਪੀਕਰ ਨੂੰ ਦੋਬਾਰਾ ਅਸਤੀਫਾ ਲਿਖ ਦੇਣਗੇ।