ਖੇਤੀ ਕਾਨੂੰਨ ''ਤੇ ਨੱਢਾ ਦੇ ਬਿਆਨ ਤੋਂ ਬਾਅਦ ਸੁਖਪਾਲ ਖਹਿਰਾ ਦਾ ਠੋਕਵਾਂ ਜਵਾਬ

Friday, Oct 23, 2020 - 02:57 PM (IST)

ਖੇਤੀ ਕਾਨੂੰਨ ''ਤੇ ਨੱਢਾ ਦੇ ਬਿਆਨ ਤੋਂ ਬਾਅਦ ਸੁਖਪਾਲ ਖਹਿਰਾ ਦਾ ਠੋਕਵਾਂ ਜਵਾਬ

ਭੁਲੱਥ (ਰਜਿੰਦਰ) : ਖੇਤੀ ਕਨੂੰਨਾਂ ਨੂੰ ਲੈ ਕੇ ਪੰਜਾਬ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਬਾਰੇ ਵਿਵਾਦਤ ਬਿਆਨ ਦੇਣ ਵਾਲੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੂੰ ਸੁਖਪਾਲ ਖਹਿਰਾ ਨੇ ਠੋਕਵਾਂ ਜਵਾਬ ਦਿੱਤਾ ਹੈ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਦਿੱਲੀ ਬੈਠੇ ਜੇ. ਪੀ. ਨੱਢਾ ਨੂੰ ਇਹ ਨਹੀਂ ਸਮਝ ਆਉਂਦਾ ਕਿ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਕੀ ਹਨ ਤਾਂ ਫਿਰ ਤੁਹਾਨੂੰ ਭਾਜਪਾ ਪ੍ਰਧਾਨ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ। ਖਹਿਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਸੀ ਕਿ ਪੰਜਾਬ 'ਚ ਕਿਸਾਨ ਹੁੱਲੜਬਾਜ਼ੀ ਕਰ ਰਹੇ ਹਨ ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਸ਼ਾਂਤਮਈ ਢੰਗ ਨਾਲ ਆਪਣਾ ਅਧਿਕਾਰ ਮੰਗਣ ਨੂੰ ਹੁੱਲੜਬਾਜ਼ੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰਦੀਪ ਪੁਰੀ ਅਤੇ ਜੇ. ਪੀ. ਨੱਢਾ ਨੂੰ ਪੰਜਾਬ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਹਰ ਵਰਗ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਕਾਨੂੰਨ 'ਚ ਸੋਧ ਕਰਕੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ ਅਤੇ ਹੁਣ ਉਸ 'ਚ ਸੋਧ ਕਰਨ ਦੀ ਬਜਾਏ ਇਹ ਟਿੱਚਰਾਂ ਕਰ ਰਹੇ ਹਨ ।

ਇਹ ਵੀ ਪੜ੍ਹੋ :ਦੀਵਾਲੀ ਨੇੜੇ ਵੱਡਾ ਧਮਾਕਾ ਕਰ ਸਕਦੇ ਹਨ ਰਣਜੀਤ ਸਿੰਘ ਬ੍ਰਹਮਪੁਰਾ

ਖਹਿਰਾ ਨੇ ਕਿਹਾ ਕਿ 73 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਸਾਡੀਆਂ ਕੇਂਦਰ ਸਰਕਾਰਾਂ ਨੇ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨਾਲ ਭਾਰੀ ਵਿਤਕਰਾ ਕੀਤਾ। ਜੇਕਰ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਬਹਾਦਰ ਪੰਜਾਬੀਆਂ ਨੇ ਹਮੇਸ਼ਾ ਧਾੜਵੀਆਂ ਨਾਲ ਲੜਾਈਆਂ ਲੜੀਆਂ ਭਾਵੇਂ ਉਹ ਮੁਗਲ ਹੋਣ ਜਾਂ ਅੰਗਰੇਜ਼। ਇਨ੍ਹਾਂ ਲੜਾਈਆਂ 'ਚ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਘੱਲੂਘਾਰੇ ਹੋਏ ਅਤੇ ਸਾਡਾ ਖ਼ੂਨ ਇਸ ਧਰਤੀ 'ਤੇ ਡੁੱਲ੍ਹਿਆ ਪਰ ਸਾਡੀ ਧਰਤੀ ਮਾਂ ਕਦੇ ਖ਼ਰਾਬ ਨਹੀਂ ਹੋਈ ਸੀ। 73 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਕੇਂਦਰ ਸਰਕਾਰਾਂ ਨੇ ਸਾਡੀ ਜ਼ਮੀਨ ਦਾ ਸੋਸ਼ਣ ਕੀਤਾ। ਅਨਾਜ 'ਚ ਭਾਰਤ ਦਾ ਢਿੱਡ ਭਰਨ ਲਈ ਹਰੀ ਕ੍ਰਾਂਤੀ ਦੇ ਨਾਂ 'ਤੇ ਧਰਤੀ 'ਤੇ ਪੈਸਟੀਸਾਈਡ, ਫ਼ਰਟੀਲਾਈਜ਼ਰਜ਼ ਅਤੇ ਹੋਰ ਦਵਾਈਆਂ ਪਾਈਆਂ ਗਈਆਂ, ਜਿਸ ਨਾਲ ਸਾਡੀ ਪੰਜਾਬ ਦੀ ਜ਼ਰਖੇਜ਼ ਧਰਤੀ ਅਤੇ ਇੱਥੋਂ ਦਾ ਪਾਣੀ ਤਬਾਹ ਕੀਤਾ ਗਿਆ। ਇਨ੍ਹਾਂ ਨੇ ਸਾਡੇ ਪੰਜਾਬ ਵਿੱਚ ਕੈਂਸਰ ਵਰਗੀਆਂ ਬੀਮਾਰੀਆਂ ਫੈਲਾਈਆਂ। ਜਦੋਂ ਅੱਜ ਦੇਸ਼ ਨੂੰ ਅਨਾਜ ਦੀ ਲੋੜ ਨਹੀਂ ਹੈ, ਉਨ੍ਹਾਂ ਨੇ ਕਿਸਾਨਾਂ ਨੂੰ ਅਤੇ ਪੰਜਾਬ ਨੂੰ ਅੰਗੂਠਾ ਦਿਖਾ ਦਿੱਤਾ । ਵਿਧਾਇਕ ਖਹਿਰਾ ਨੇ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ 'ਚ ਕਿਸਾਨਾਂ ਦਾ ਹੀ ਨਹੀਂ ਸਗੋਂ ਵਪਾਰੀਆਂ ਦਾ ਬੱਚਾ-ਬੱਚਾ ਤੁਹਾਡੇ 'ਤੇ ਥੂ- ਥੂ ਕਰ ਰਿਹਾ ਹੈ ਅਤੇ ਤੁਹਾਡੇ ਖ਼ਿਲਾਫ਼ ਹੈ।

ਇਹ ਵੀ ਪੜ੍ਹੋ : ਮਕਾਨ ਮਾਲਕ ਤੋਂ ਦੁੱਖੀ ਹੋ ਕੇ ਨੌਕਰਾਣੀ ਨੇ ਕੀਤੀ ਆਤਮ ਹੱਤਿਆ


author

Anuradha

Content Editor

Related News