ਸੁਖਪਾਲ ਖਹਿਰਾ ਦੇ ਫੌਜ ਵਿਰੋਧੀ ਬਿਆਨ ਦੇਖੋ ਕੀ ਬੋਲੇ ਬੀਬੀ ਜਗੀਰ ਕੌਰ
Saturday, Feb 16, 2019 - 06:47 PM (IST)
ਕਪੂਰਥਲਾ : ਭਗਵੰਤ ਮਾਨ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਸੁਖਪਾਲ ਖਹਿਰਾ ਦੇ ਫੌਜ ਵਿਰੋਧੀ ਬਿਆਨ ਦੀ ਸਖਤ ਨਿੰਦਾ ਕੀਤੀ ਹੈ। ਬੀਬੀ ਜਗੀਰ ਨੇ ਕਿਹਾ ਕਿ ਸੁਖਪਾਲ ਖਹਿਰਾ ਅੱਜ ਦੇਸ਼ ਦੀ ਉਸ ਫੌਜ ਖਿਲਾਫ ਬਿਆਨ ਦੇ ਰਹੇ ਹਨ ਕਿ ਜਿਹੜੀ ਸਰਹੱਦਾਂ 'ਤੇ ਗੋਲੀਆਂ ਖਾ ਕੇ ਸਾਡੀ ਅਤੇ ਸਾਡੀ ਪਰਿਵਾਰਾਂ ਦੀ ਰਾਖੀ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਹੱਦ 'ਤੇ ਸਾਡੇ ਫੌਜੀ ਜਵਾਨ ਆਪਣੀਆਂ ਹਿੱਕਾਂ ਡਾਹ ਕੇ ਗੋਲੀਆਂ ਨਾ ਖਾਣ, ਜੇਕਰ ਜਵਾਨ ਸਰਹੱਦ 'ਤੇ ਦਿਨ ਰਾਤ ਰਾਖੀਆਂ ਨਾ ਕਰਨ ਤਾਂ ਅਸੀਂ ਸੁੱਖ ਦੀ ਨੀਂਦ ਨਹੀਂ ਸੌਂ ਸਕਦੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਹੋ ਜਿਹਾ ਬਿਆਨ ਸੁਖਪਾਲ ਖਹਿਰਾ ਵਲੋਂ ਫੌਜ ਖਿਲਾਫ ਦਿੱਤਾ ਗਿਆ ਹੈ, ਇਸ ਲਈ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੁੱਖ ਦੀ ਘੜੀ ਵਿਚ ਸਾਨੂੰ ਸਾਰਿਆਂ ਨੂੰ ਦੇਸ਼ ਤੋਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜ੍ਹਾ ਹੋਣਾ ਚਾਹੀਦਾ ਹੈ ਨਾ ਕਿ ਅਜਿਹੇ ਘਟੀਆ ਬਿਆਨ ਦੇ ਕੇ ਉਨ੍ਹਾਂ ਦੇ ਜ਼ਖਮਾਂ 'ਤੇ ਲੂਣ ਛਿੜਕਣਾਂ ਚਾਹੀਦਾ ਹੈ। ਬੀਬੀ ਜਗੀਰ ਨੇ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਸੁਖਪਾਲ ਖਹਿਰਾ ਆਪਣੀ ਪਾਕਿਸਤਾਨੀ ਸਾਂਝ ਦੇ ਕਾਰਨ ਅਜਿਹੇ ਬਿਆਨ ਦੇ ਰਹੇ ਹਨ। ਲੱਗਦਾ ਹੈ ਕਿ ਹੈਰੋਇਨ ਅਤੇ ਹਥਿਆਰ ਸਮਗਲਿੰਗ ਕਾਰਨ ਪਾਕਿਸਤਾਨ ਨਾਲ ਪਈ ਸਾਂਝ ਕਰਕੇ ਹੀ ਖਹਿਰਾ ਵਲੋਂ ਅਜਿਹਾ ਬਿਆਨ ਦਿੱਤਾ ਗਿਆ ਹੈ।
ਇਥੇ ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਨੇ ਸ਼ਨੀਵਾਰ ਨੂੰ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਕਿਹਾ ਸੀ ਕਿ ਤਾੜੀ ਇਕ ਹੱਥ ਨਾਲ ਕਦੇ ਨਹੀਂ ਵੱਜਦੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ 'ਤੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਗੰਭੀਰ ਦੋਸ਼ ਲੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਜਿਨ੍ਹਾਂ 'ਚ ਔਰਤਾਂ ਦੇ ਬਲਾਤਕਾਰ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਸੁਖਪਾਲ ਖਹਿਰਾ ਨੇ ਕਿਹਾ ਕਿ ਕਸ਼ਮੀਰ 'ਚ ਲੱਖਾਂ ਦੀ ਫੌਜ ਤੋਂ ਇਲਾਵਾ ਬਹੁਤ ਸਾਰੀਆਂ ਸੁਰੱਖਿਆ ਏਜੰਸੀਆਂ ਵੀ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ਕੋਲੋਂ ਵੀ ਜ਼ਿਆਦਤੀਆਂ ਹੁੰਦੀਆਂ ਹਨ। ਖਹਿਰਾ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਤਿੱਖਾ ਵਿਰੋਧ ਹੋ ਰਿਹਾ ਹੈ।