ਖਹਿਰਾ ਨੇ ਦੱਸਿਆ ਕੈਪਟਨ ਕਿਉਂ ਨਹੀਂ ਕਰਦੇ ਬਾਦਲਾਂ ''ਤੇ ਕਾਰਵਾਈ
Wednesday, Dec 05, 2018 - 07:16 PM (IST)

ਜਲੰਧਰ : ਸੁਖਪਾਲ ਖਹਿਰਾ ਨੇ ਇਕ ਵਾਰ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਗੰਢ-ਤੁੱਪ ਹੋਣ ਦੀ ਗੱਲ ਆਖੀ ਹੈ। ਖਹਿਰਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ ਪੰਜਾਬ ਦੇ ਮੁੱਦਿਆਂ ਨੂੰ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ ਅਤੇ ਇਸੇ ਦਾ ਖਮਿਆਜ਼ਾ ਉਨ੍ਹਾਂ ਭੁਗਤਣਾ ਪਿਆ। ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਖਿਲਾਫ ਨਸ਼ੇ ਦਾ ਝੂਠਾ ਮੁੱਦਾ ਬਣਾਇਆ। 'ਜਗ ਬਾਣੀ' ਦੇ ਸ਼ੋਅ ਜਨਤਾ ਦੀ ਸੱਥ ਵਿਚ ਬੋਲਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦਾ ਸਤਿਕਾਰ ਕਰਦੇ ਹਨ ਅਤੇ ਕੈਪਟਨ ਮੇਰੇ ਪਿਤਾ ਸਮਾਨ ਹਨ ਪਰ ਇਸ ਵਾਰ ਕੈਪਟਨ ਦਾ ਕਾਰਜਕਾਲ ਬਿਲਕੁਲ ਫੇਲੀਅਰ ਰਿਹਾ ਹੈ। ਜਦਕਿ ਪਹਿਲਾਂ ਮੁੱਖ ਮੰਤਰੀ ਰਹਿੰਦਿਆਂ ਕੈਪਟਨ ਨੇ ਵੱਡੇ ਫੈਸਲੇ ਲਏ, ਪਾਣੀਆਂ ਦੇ ਮੁੱਦੇ 'ਤੇ ਉਨ੍ਹਾਂ ਅਹਿਮ ਫੈਸਲਾ ਲਿਆ। ਕਰੱਪਟ ਬਾਦਲਾਂ ਖਿਲਾਫ ਮੁਕੱਦਮਾ ਦਰਜ ਕਰਵਾਇਆ ਭਾਵੇਂ ਬਾਅਦ ਵਿਚ ਆਪ ਹੀ ਉਸ ਮੁਕੱਦਮੇ ਨੂੰ ਢਹਿ-ਢੇਰੀ ਕਰ ਦਿੱਤਾ।
ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਸ਼ਾਇਦ ਹੁਣ ਚੋਣਾਂ ਨਹੀਂ ਲੜਨੀਆਂ ਚਾਹੁੰਦੇ, ਇਸ ਲਈ ਕਿਸੇ ਨਾਲ ਵਿਗਾੜਨਾ ਨਹੀਂ ਚਾਹੁੰਦੇ, ਇਸੇ ਦਾ ਸਿੱਟਾ ਹੈ ਕਿ ਬਾਦਲਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਬਿਕਰਮ ਮਜੀਠੀਆ ਖਿਲਾਫ ਵੀ ਕੈਪਟਨ ਨੇ ਅਜੇ ਤਕ ਕਾਰਵਾਈ ਨਹੀਂ ਕੀਤੀ ਜਦਕਿ ਸੁਖਬੀਰ ਸਿੰਘ ਬਾਦਲ ਦੀ ਟ੍ਰਾਂਸਪੋਰਟ ਦਾ ਵਪਾਰ ਵੀ ਕੈਪਟਨ ਦਾ ਰਾਜ 'ਚ ਹੋਰ ਵਧਿਆ ਹੈ।