ਫੌਜ ਵਿਰੋਧੀ ਬਿਆਨ ''ਤੇ ਭਗਵੰਤ ਮਾਨ ਨੇ ਘੇਰਿਆ ਸੁਖਪਾਲ ਖਹਿਰਾ
Saturday, Feb 16, 2019 - 06:47 PM (IST)
ਮੋਗਾ : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਵਲੋਂ ਫੌਜ 'ਤੇ ਦਿੱਤੇ ਗਏ ਬੇਤੁਕੇ ਬਿਆਨ ਦਾ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਤਿੱਖਾ ਪ੍ਰਤਕੀਰਮ ਦਿੱਤਾ ਹੈ। ਭਗਵੰਤ ਮਾਨ ਨੇ ਸੁਖਪਾਲ ਖਹਿਰਾ ਦੇ ਬਿਆਨ ਨੂੰ ਇਕ ਸ਼ਰਮਨਾਕ ਬਿਆਨ ਦੱਸਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਇਸ ਸੰਕਟ ਦੀ ਘੜੀ 'ਚ ਜਦੋਂ ਪੂਰਾ ਦੇਸ਼ ਧਰਮ, ਜਾਤ ਅਤੇ ਸਿਆਸ ਤੋਂ ਉਪਰ ਉੱਠ ਕੇ ਫੌਜ ਅਤੇ ਸਰਕਾਰ ਦੇ ਨਾਲ ਖੜ੍ਹਾ ਹੈ, ਉਸ ਸਮੇਂ ਸੁਖਪਾਲ ਖਹਿਰਾ ਦਾ ਇਹ ਕਹਿਣਾ ਕਿ ਫੌਜ ਦੇ ਜਵਾਨਾਂ ਵਲੋਂ ਜੰਮੂ-ਕਸ਼ਮੀਰ ਵਿਚ ਬਲਤਾਕਾਰ ਦੇ ਮਾਮਲੇ, ਫੌਜ ਵਲੋਂ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨਾ ਵਾਲਾ ਬਿਆਨ ਦੇਣਾ ਅਤਿ ਨਿੰਦਣਯੋਗ ਹੈ। ਮਾਨ ਨੇ ਕਿਹਾ ਕਿ ਫੌਜ 'ਤੇ ਅਜਿਹੀ ਘਟੀਆ ਬਿਆਨਬਾਜ਼ੀ ਲਈ ਪੂਰੇ ਸੁਖਪਾਲ ਖਹਿਰਾ ਨੂੰ ਦੇਸ਼ ਅਤੇ ਫੌਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਅੱਗੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਹੋ ਕੇ ਵੀ ਅੱਜ ਇਸ ਦੁੱਖ ਦੀ ਘੜੀ ਵਿਚ ਫੌਜੀ ਪਰਿਵਾਰਾਂ ਅਤੇ ਸਰਕਾਰ ਦੇ ਨਾਲ ਖੜ੍ਹੇ ਹਾਂ ਜਦਕਿ ਦੂਜੇ ਪਾਸੇ ਸੁਖਪਾਲ ਖਹਿਰਾ ਵਰਗੇ ਵਿਅਕਤੀਆਂ ਪਿੱਛੇ ਪਤਾ ਨਹੀਂ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਵਲੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ।
ਇਥੇ ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਨੇ ਸ਼ਨੀਵਾਰ ਨੂੰ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਕਿਹਾ ਸੀ ਕਿ ਤਾੜੀ ਇਕ ਹੱਥ ਨਾਲ ਕਦੇ ਨਹੀਂ ਵੱਜਦੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ 'ਤੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਗੰਭੀਰ ਦੋਸ਼ ਲੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਜਿਨ੍ਹਾਂ 'ਚ ਔਰਤਾਂ ਦੇ ਬਲਾਤਕਾਰ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਸੁਖਪਾਲ ਖਹਿਰਾ ਨੇ ਕਿਹਾ ਕਿ ਕਸ਼ਮੀਰ 'ਚ ਲੱਖਾਂ ਦੀ ਫੌਜ ਤੋਂ ਇਲਾਵਾ ਬਹੁਤ ਸਾਰੀਆਂ ਸੁਰੱਖਿਆ ਏਜੰਸੀਆਂ ਵੀ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ਕੋਲੋਂ ਵੀ ਜ਼ਿਆਦਤੀਆਂ ਹੁੰਦੀਆਂ ਹਨ। ਖਹਿਰਾ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਤਿੱਖਾ ਵਿਰੋਧ ਹੋ ਰਿਹਾ ਹੈ।