ਭਾਰਤ ਦੇ ਸੁਖੋਈ ਲੜਾਕੂ ਜਹਾਜ਼ਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਅੱਧ-ਵਿਚਾਲੇ ਲਟਕਿਆ
Wednesday, Apr 27, 2022 - 10:32 AM (IST)
ਜਲੰਧਰ (ਵਿਸ਼ੇਸ਼)– ਯੂਕ੍ਰੇਨ-ਰੂਸ ਜੰਗ ਕਾਰਨ ਰੂਸ ਤੋਂ ਦਰਾਮਦ ਕੀਤੇ ਅਤੇ ਤਕਨੀਕ ਟਰਾਂਸਫਰ ਰਾਹੀਂ ਭਾਰਤ ਵਿਚ ਤਿਆਰ ਸੁਖੋਈ ਜਹਾਜ਼ਾਂ ਦੇ ਸਪੇਅਰ ਪਾਰਟਸ ਮਿਲਣੇ ਮੁਸ਼ਕਲ ਹੋ ਗਏ ਹਨ। ਇਸ ਨਾਲ 40 ਫ਼ੀਸਦੀ ਤੋਂ ਵੱਧ ਸੁਖੋਈ ਜਹਾਜ਼ ਉੱਡਣ ਦੀ ਸਥਿਤੀ ’ਚ ਨਹੀਂ ਹਨ। ਇਕ ਰਿਪੋਰਟ ਮੁਤਾਬਕ ਸਪੇਅਰ ਪਾਰਟਸ ਦੀ ਸਪਲਾਈ ਵਿਚ ਹੋਰ ਦੇਰੀ ਹੋਣ ਦਾ ਡਰ ਪ੍ਰਗਟ ਕੀਤਾ ਜਾ ਰਿਹਾ ਹੈ। ਭਾਰਤੀ ਹਵਾਈ ਫ਼ੌਜ ਕੋਲ 272 ਸੁਖੋਈ ਲੜਾਕੂ ਜਹਾਜ਼ ਹਨ। 5 ਸਾਲ ਪਹਿਲਾਂ ਤਕ ਇਨ੍ਹਾਂ ਜਹਾਜ਼ਾਂ ਦੀ ਸੇਵਾ ’ਚ ਰਹਿਣ ਦੀ ਦਰ 60-65 ਫ਼ੀਸਦੀ ਤੋਂ ਵੀ ਵੱਧ ਸੀ। ਸੁਖੋਈ ਲੜਾਕੂ ਜਹਾਜ਼ਾਂ ਦੇ ਬੇੜੇ ਨੂੰ ਅਪਗ੍ਰੇਡ ਕੀਤਾ ਜਾਣਾ ਹੈ। ਇਸ ਪ੍ਰਕਿਰਿਆ ਵਿਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ, ਭਾਰਤ ਇਲੈਕਟ੍ਰਾਨਿਕਸ ਲਿਮਟਿਡ ਅਤੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਸ਼ਾਮਲ ਹੋਣਗੇ। ਇਸ ਤਰ੍ਹਾਂ ਦੇ ਅਪਗ੍ਰੇਡੇਸ਼ਨ ’ਤੇ ਚਰਚਾ ਪਿਛਲੇ ਇਕ ਦਹਾਕੇ ਤੋਂ ਚੱਲ ਰਹੀ ਹੈ ਪਰ ਅੰਤਿਮ ਯੋਜਨਾ ਨੂੰ ਅਜੇ ਤਕ ਮਨਜ਼ੂਰੀ ਨਹੀਂ ਮਿਲੀ। ਮਾਹਿਰ ਇਸ ਗੱਲ ਨਾਲ ਸਹਿਮਤ ਹਨ ਕਿ ਭਾਰਤ ਦੀ ਜੰਗੀ ਧਾਰ ਨੂੰ ਬਣਾਈ ਰੱਖਣ ਲਈ ਇਸ ਦੀ ਤੁਰੰਤ ਲੋੜ ਹੈ।
ਜ਼ਿਆਦਾਤਰ ਸਪਲਾਈ ਰੂਸ ’ਤੇ ਨਿਰਭਰ
ਮੀਡੀਆ ’ਚ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਆਪਣੇ ਅਗਲੀ ਕਤਾਰ ਦੇ ਸੁਖੋਈ ਲੜਾਕੂ ਬੇੜੇ ਨੂੰ ਅਪਗ੍ਰੇਡ ਕਰਨ ਲਈ ਰੂਸੀ ਸਪਲਾਈ ’ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਸਥਾਨਕ ਤੌਰ ’ਤੇ ਤਿਆਰ ਪ੍ਰਣਾਲੀਆਂ ਨੂੰ ਜਲਦ ਤੋਂ ਜਲਦ ਸੁਖੋਈ 30 ਐੱਮ. ਕੇ. ਆਈ. ਲੜਾਕੂ ਜਹਾਜ਼ਾਂ ਵਿਚ ਏਕੀਕ੍ਰਿਤ ਕਰਨ ਦੀ ਲੋੜ ਹੈ। ਇਹ ਜਹਾਜ਼ ਭਾਰਤ ਦੇ ਲੜਾਕੂ ਬੇੜੇ ਦਾ ਵੱਡਾ ਹਿੱਸਾ ਹੈ ਅਤੇ ਪਹਿਲੀ ਵਾਰ 2 ਦਹਾਕੇ ਪਹਿਲਾਂ ਸ਼ਾਮਲ ਕੀਤਾ ਗਿਆ ਸੀ। ਸੁਪਰ ਸੁਖੋਈ ਅਪਗ੍ਰੇਡ ਹੋਣ ਦੀ ਉਡੀਕ ਕਰ ਰਿਹਾ ਹੈ, ਜਿਸ ਵਿਚ ਰਾਡਾਰ, ਪੂਰੀ ਤਰ੍ਹਾਂ ਕੱਚ ਵਾਲਾ ਕਾਕਪਿਟ ਅਤੇ ਉਡਾਣ ਕੰਟਰੋਲ ਸਮੇਤ ਪ੍ਰਮੁੱਖ ਭਾਰਤ-ਨਿਰਮਿਤ ਹਿੱਸੇ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ: ਜਲੰਧਰ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ, 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਇਸ ਲਈ ਆ ਰਹੀਆਂ ਹਨ ਔਕੜਾਂ
ਹੁਣ ਸਪੇਅਰ ਪਾਰਟਸ ਦੀ ਸਪਲਾਈ ਨਾ ਹੋਣ ਨਾਲ ਦਰਜਨਾਂ ਜਹਾਜ਼ਾਂ ਦੀ ਮੁਰੰਮਤ ਦਾ ਕੰਮ ਰੁਕ ਗਿਆ ਹੈ। ਮੀਡੀਆ ’ਚ ਛਪੀ ਇਕ ਰਿਪੋਰਟ ਮੁਤਾਬਕ ਭਾਰਤ ਨੇ ਸੁਖੋਈ ਜਹਾਜ਼ਾਂ ਦੀ ਸਪਲਾਈ ਲਈ ਰੂਸ ਦੀ ਯੂਨਾਈਟਿਡ ਏਅਰਕ੍ਰਾਫਟ ਕਾਰਪੋਰੇਸ਼ਨ ਅਤੇ ਯੂਨਾਈਟਿਡ ਇੰਜਣ ਕਾਰਪੋਰੇਸ਼ਨ ਨਾਲ ਸਮਝੌਤਾ ਕੀਤਾ ਹੋਇਆ ਹੈ। ਲਾਇਸੈਂਸ ਟਰਾਂਸਫਰ ਰਾਹੀਂ 222 ਸੁਖੋਈ ਭਾਰਤ ’ਚ ਐੱਚ. ਏ. ਐੱਲ. ਵੱਲੋਂ ਤਿਆਰ ਕੀਤੇ ਗਏ ਹਨ। ਖਾਸ ਤੌਰ ’ਤੇ ਇਨ੍ਹਾਂ ਜਹਾਜ਼ਾਂ ਲਈ ਸਪੇਅਰ ਪਾਰਟਸ ਦੀ ਸਪਲਾਈ ’ਤੇ ਪਹਿਲਾਂ ਹੋਏ ਸਮਝੌਤੇ ਵਿਚ ਸਪਸ਼ਟ ਨਿਯਮ ਨਾ ਹੋਣ ਕਾਰਨ ਜ਼ਿਆਦਾ ਔਕੜਾਂ ਆ ਰਹੀਆਂ ਹਨ।
ਰੂਸੀ ਕੰਪਨੀਆਂ ਸਾਹਮਣੇ ਰੁਕਾਵਟ
ਯੂਕ੍ਰੇਨ ਦੇ ਹਮਲੇ ਤੋਂ ਬਾਅਦ ਲਾਈਆਂ ਗਈਆਂ ਸਖ਼ਤ ਪਾਬੰਦੀਆਂ ਨੂੰ ਵੇਖਦਿਆਂ ਰੱਖਿਆ ਅਦਾਰੇ ਦੇ ਅਧਿਕਾਰੀਆਂ ਨੇ ਲੜਾਕੂ ਬੇੜੇ ਲਈ ਸਪੇਅਰ ਪਾਰਟਸ ਦੀ ਸਥਿਰ ਸਪਲਾਈ ਪ੍ਰਦਾਨ ਕਰਨ ਵਾਸਤੇ ਰੂਸੀ ਕੰਪਨੀਆਂ ਦੀ ਸਮਰੱਥਾ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਲਈ ਲੋੜੀਂਦੀ ਮਾਤਰਾ ’ਚ ਸਪੇਅਰ ਪਾਰਟਸ ਮੁਹੱਈਆ ਹਨ ਪਰ ਲੰਮੇ ਸਮੇਂ ’ਚ ਰੂਸੀ ਸਪਲਾਇਰਾਂ ਨੂੰ ਵਚਨਬੱਧਤਾਵਾਂ ਨੂੰ ਪੂਰਾ ਕਰਨ ’ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕਈ ਹਿੱਸੇ ਪੱਛਮੀ ਦੇਸ਼ਾਂ ਤੋਂ ਖਰੀਦੇ ਜਾਂਦੇ ਹਨ। ਪ੍ਰਾਜੈਕਟ ਨਾਲ ਸਬੰਧਤ ਸੂਤਰਾਂ ਨੇ ਦੱਸਿਆ ਕਿ ਆਉਣ ਵਾਲੇ ਮਹੀਨਿਆਂ ਵਿਚ ਵੱਡੀ ਚੁਣੌਤੀ ਰੂਸੀ ਮੂਲ ਦੇ ਇਲੈਕਟ੍ਰਾਨਿਕਸ ਦੀ ਸਪਲਾਈ ਦੀ ਹੋਵੇਗੀ।
ਇਹ ਵੀ ਪੜ੍ਹੋ: ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲਿਆਂ ਲਈ ਅਹਿਮ ਖ਼ਬਰ, ਪੰਜਾਬ ਰੋਡਵੇਜ ਨੇ ਸ਼ੁਰੂ ਕੀਤੀ ਇਹ ਸਹੂਲਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ