1155 ਫੁੱਟ ਤੱਕ ਪੁੱਜਿਆ ''ਸੁਖਨਾ'' ਦਾ ਵਾਟਰ ਲੈਵਲ, ਸਿਰਫ ਮਾਨਸੂਨ ਦਾ ਆਸਰਾ

06/13/2018 1:43:33 PM

ਚੰਡੀਗੜ੍ਹ (ਵਿਜੇ) : ਸੁਖਨਾ ਲੇਕ ਦਾ ਵਾਟਰ ਲੈਵਲ 1155 ਫੁੱਟ ਤਕ ਆ ਗਿਆ ਹੈ ਜੇਕਰ ਮਾਨਸੂਨ ਨੇ ਛੇਤੀ ਦਸਤਕ ਨਾ ਦਿੱਤੀ ਤਾਂ ਇਹ ਲੈਵਲ ਹੋਰ ਵੀ ਡਿਗਣ ਦੀ ਉਮੀਦ ਜਤਾਈ ਜਾ ਰਹੀ ਹੈ । ਭਾਵ ਇਕ ਵਾਰ ਫਿਰ ਚੰਡੀਗੜ੍ਹ ਪ੍ਰਸ਼ਾਸਨ ਸੁਖਨਾ ਲੇਕ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਮਾਨਸੂਨ 'ਤੇ ਨਿਰਭਰ ਹੋ ਚੁੱਕਾ ਹੈ । ਦਰਅਸਲ, ਆਪਣੇ ਨਵੇਂ ਪ੍ਰਾਜੈਕਟ ਲਿਆਉਣ ਦੇ ਚੱਕਰ 'ਚ ਇਸ ਸਾਲ ਸੁਖਨਾ ਲੇਕ 'ਚ ਟਿਊਬਵੈੱਲਾਂ ਰਾਹੀਂ ਵੀ ਪਾਣੀ ਨਹੀਂ ਭਰਿਆ ਗਿਆ । ਅਜਿਹੇ ਵਿਚ ਹੁਣ ਪ੍ਰਬੰਧਕੀ ਅਧਿਕਾਰੀ ਸਿਰਫ ਚੰਗੀ ਮਾਨਸੂਨ ਦੀ ਉਮੀਦ ਲਾਈ ਬੈਠੇ ਹਨ ਜੇਕਰ ਇੰਝ ਨਾ ਹੋਇਆ ਤਾਂ ਇਸ ਸਾਲ ਫਿਰ ਸੁਖਨਾ ਲੇਕ ਦੇ ਸੁੱਕਣ ਦਾ ਖ਼ਤਰਾ ਬਣ ਸਕਦਾ ਹੈ । 
ਪਿਛਲੇ 37 ਸਾਲਾਂ ਦਾ ਰਿਕਾਰਡ ਇਹੀ ਕਹਾਣੀ ਬਿਆਨ ਕਰ ਰਿਹਾ ਹੈ, ਜਦੋਂ-ਜਦੋਂ ਚੰਡੀਗੜ੍ਹ 'ਚ ਮਾਨਸੂਨ ਦਿਆਲੂ ਰਹੀ ਹੈ ਉਦੋਂ-ਉਦੋਂ ਸੁਖਨਾ ਲੇਕ ਵਿਚ ਵੀ ਪਾਣੀ ਦੀ ਕਮੀ ਨਹੀਂ ਆਈ ਪਰ ਜਦੋਂ ਔਸਤ ਤੋਂ ਘੱਟ ਮੀਂਹ ਪਿਆ ਹੈ ਉਦੋਂ ਸੁਖਨਾ ਦਾ ਵਾਟਰ ਲੈਵਲ ਵੀ ਘਟਿਆ ਹੈ । ਨੈਸ਼ਨਲ ਇੰਸਟੀਚਿਊਟ ਆਫ ਹਾਇਡਰੋਲਾਜੀ (ਐੱਨ. ਆਈ. ਐੱਚ.), ਰੁੜਕੀ ਨੇ ਜੋ ਰਿਪੋਰਟ 6 ਸਾਲ ਪਹਿਲਾਂ ਪ੍ਰਸ਼ਾਸਨ ਕੋਲ ਜਮ੍ਹਾ ਕਰਵਾਈ ਸੀ, ਸੁਖਨਾ ਦਾ ਭਵਿੱਖ ਵੀ ਉਸੇ 'ਤੇ ਨਿਰਭਰ ਕਰਦਾ ਹੈ । 
ਐੱਨ. ਆਈ. ਐੱਚ. ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਸੁਖਨਾ ਦਾ ਵਾਟਰ ਲੈਵਲ ਜੇਕਰ ਘੱਟ ਵੀ ਹੁੰਦਾ ਹੈ ਤਾਂ ਇਸ ਨੂੰ ਕਿਸੇ ਵੀ ਤਰ੍ਹਾਂ ਦਾ ਗੰਭੀਰ ਖ਼ਤਰਾ ਨਹੀਂ ਮੰਨਣਾ ਚਾਹੀਦਾ । ਹਾਲਾਂਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਵਲੋਂ ਕਈ ਵਾਰ ਪਾਣੀ ਦੇ ਪੱਧਰ ਨੂੰ ਵਧਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ ਹੈ ।  


Related News