ਡਿਪਟੀ ਕਤਲ ਕੇਸ ’ਚ ਗੁਰੂਗ੍ਰਾਮ ਦੇ ਖ਼ਤਰਨਾਕ ਗੈਂਗਸਟਰ ਕੌਸ਼ਲ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਪੁਲਸ

Monday, Jul 26, 2021 - 12:57 PM (IST)

ਜਲੰਧਰ (ਵਰੁਣ)– ਸੁਖਮੀਤ ਸਿੰਘ ਉਰਫ਼ ਡਿਪਟੀ ਮਰਡਰ ਕੇਸ ਵਿਚ ਜਲੰਧਰ ਪੁਲਸ ਗੁਰੂਗ੍ਰਾਮ ਦੇ ਮਸ਼ਹੂਰ ਗੈਂਗਸਟਰ ਕੌਸ਼ਲ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਹੈ। ਦੱਸਿਆ ਜਾ ਰਿਹਾ ਹੈ ਕਿ ਡਿਪਟੀ ਮਰਡਰ ਕੇਸ ਹੁਣ ਜਲਦ ਟਰੇਸ ਹੋਣ ਦੀ ਸੰਭਾਵਨਾ ਹੈ। ਫਿਰੌਤੀ ਨਾ ਦੇਣ ’ਤੇ ਕਾਂਗਰਸ ਆਗੂ ਦੀ ਹੱਤਿਆ ਕਰਵਾਉਣ ਵਾਲੇ ਕੌਸ਼ਲ ਵਿਰੁੱਧ ਹਰਿਆਣਾ, ਰਾਜਸਥਾਨ ਅਤੇ ਹੋਰ ਸੂਬਿਆਂ ’ਚ 200 ਦੇ ਲਗਭਗ ਅਪਰਾਧਿਕ ਕੇਸ ਦਰਜ ਹਨ। ਇਸ ਗੈਂਗਸਟਰ ਨੂੰ ਡਿਪਟੀ ਮਰਡਰ ਕੇਸ ’ਚ ਲਿਆ ਕੇ ਸ਼ਹਿਰ ਦੀ ਕਿਸੇ ਅਣਪਛਾਤੀ ਥਾਂ ’ਤੇ ਰੱਖ ਕੇ ਪੁਲਸ ਅਧਿਕਾਰੀ ਪੁੱਛਗਿੱਛ ਕਰ ਰਹੇ ਹਨ।
ਕੌਸ਼ਲ ਨੂੰ ਜਲੰਧਰ ਪੁਲਸ ਦੇ ਲਗਭਗ 40 ਮੁਲਾਜ਼ਮ ਗੱਡੀਆਂ ’ਚ ਲੈਣ ਗਏ ਸਨ। ਮੁਲਾਜ਼ਮਾਂ ਦੀ ਇਕ ਟੁਕੜੀ ਪੁਲਸ ਲਾਈਨ ਤੋਂ ਵੀ ਬੁਲਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਬੰਬੀਹਾ ਗਰੁੱਪ ਨੂੰ ਲੈ ਕੇ ਚੱਲ ਰਹੀ ਜਾਂਚ ਦੌਰਾਨ ਕੌਸ਼ਲ ਦਾ ਨਾਂ ਸਾਹਮਣੇ ਆਇਆ ਸੀ। ਅਜਿਹੇ ’ਚ ਕੌਸ਼ਲ ਨੂੰ ਜੇਲ ਤੋਂ ਲਿਆ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ। ਹਾਲਾਂਕਿ ਪੁਲਸ ਅਧਿਕਾਰੀ ਕੌਸ਼ਲ ਨੂੰ ਲਿਆਉਣ ਦੀ ਗੱਲ ਦੀ ਪੁਸ਼ਟੀ ਨਹੀਂ ਕਰ ਰਹੇ। ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ ਕੌਸ਼ਲ ਤੋਂ ਡਿਪਟੀ ਮਰਡਰ ਕੇਸ ’ਚ ਕਾਫ਼ੀ ਸੁਰਾਗ ਮਿਲ ਚੁੱਕੇ ਹਨ ਅਤੇ ਜਲਦ ਪੁਲਸ ਪ੍ਰੈੱਸ ਕਾਨਫਰੰਸ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਸਕਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਡਿਪਟੀ ਦੇ ਮਰਡਰ ਪਿੱਛੇ ਇਕ ਸਥਾਨਕ ਵਿਅਕਤੀ ਦਾ ਵੀ ਹੱਥ ਹੈ। ਹਾਲਾਂਕਿ ਉਹ ਵਿਅਕਤੀ ਪ੍ਰੀਤ ਨਗਰ ’ਚ ਹੋਏ ਟਿੰਕੂ ਮਰਡਰ ਕੇਸ ਵਿਚ ਲੋੜੀਂਦਾ ਕ੍ਰਿਮੀਨਲ ਪੁਨੀਤ ਹੈ ਜਾਂ ਕੋਈ ਹੋਰ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਇਸ ਗੱਲ ਦੀ ਵੀ ਪੁਸ਼ਟੀ ਨਹੀਂ ਹੋ ਰਹੀ ਕਿ ਡਿਪਟੀ ਦਾ ਮਰਡਰ ਫਿਰੌਤੀ ਲੈ ਕੇ ਕੀਤਾ ਗਿਆ ਜਾਂ ਰੰਜਿਸ਼ਨ ਉਸ ਦੀ ਹੱਤਿਆ ਕੀਤੀ ਗਈ। ਕੌਸ਼ਲ ਨੂੰ ਲੈ ਕੇ ਜਲੰਧਰ ਪੁਲਸ ਨੇ ਚੁੱਪ ਧਾਰੀ ਹੋਈ ਹੈ।

ਇਹ ਵੀ ਪੜ੍ਹੋ: ਸਕੂਲਾਂ ’ਚ ਪਰਤੀ ਰੌਣਕ, ਪੰਜਾਬ ਭਰ ’ਚ ਖੁੱਲ੍ਹੇ 10ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਸਕੂਲ

ਇਕ ਸਾਲ ਪਹਿਲਾਂ ਦਿੱਲੀ ਦੇ ਸਟਾਫ਼ ਨੇ ਏਅਰਪੋਰਟ ਤੋਂ ਕੀਤਾ ਸੀ ਗ੍ਰਿਫ਼ਤਾਰ
ਕਾਂਗਰਸ ਆਗੂ ਦੀ ਹੱਤਿਆ ਕਰਕੇ ਦੁਬਈ ਭੱਜਣ ਤੋਂ ਬਾਅਦ ਕੌਸ਼ਲ ਨੇ ਉਥੇ ਕ੍ਰਿਕਟ ਮੈਚ ’ਤੇ ਸੱਟੇ ਦਾ ਕੰਮ ਸ਼ੁਰੂ ਕੀਤਾ। ਕੌਸ਼ਲ ਨੂੰ ਗੁਰੂਗ੍ਰਾਮ ਦਾ ਦਾਊਦ ਇਬਰਾਹੀਮ ਵੀ ਕਿਹਾ ਜਾਂਦਾ ਹੈ। ਉਹ ਫਰਜ਼ੀ ਪਾਸਪੋਰਟ ਬਣਵਾ ਕੇ ਦੁਬਈ ਗਿਆ ਸੀ। ਉਥੇ ਉਸ ਨੇ ਹਰਿਆਣਾ ਦੇ ਸਵੀਟਸ ਸ਼ਾਪ ਮਾਲਕ, ਬੁੱਕੀ ਅਤੇ ਹੋਰ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਫੋਨ ਕਰ ਕੇ ਫਿਰੌਤੀ ਮੰਗੀ। ਫਿਰੌਤੀ ਨਾ ਦੇਣ ’ਤੇ ਕੌਸ਼ਲ ਦੇ ਗੁਰਗਿਆਂ ਨੇ ਗੁਰੂਗ੍ਰਾਮ ਦੇ ਬੁੱਕੀ ਵਿਜੇ ਤਾਂਤਰਿਕ ਦੀ ਫਰਵਰੀ 2019 ’ਚ ਹੱਤਿਆ ਕਰ ਦਿੱਤੀ, ਜਦਕਿ ਸਵੀਟਸ ਸ਼ਾਪ ਦੇ ਅੰਦਰ ਜਾ ਕੇ ਗੋਲ਼ੀਆਂ ਵੀ ਚਲਾਈਆਂ। ਦੁਬਈ ’ਚ ਰਹਿੰਦੇ ਹੋਏ ਹਰਿਆਣਾ ਸਮੇਤ ਰਾਜਸਥਾਨ ’ਚ ਆਪਣਾ ਰੁਤਬਾ ਕਾਇਮ ਰੱਖਣ ਵਾਲੇ ਕੌਸ਼ਲ ਲਈ ਹਰਿਆਣਾ ਪੁਲਸ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ। ਇਕ ਸਾਲ ਪਹਿਲਾਂ ਜਦੋਂ ਉਹ ਦੁਬਈ ਤੋਂ ਵਾਪਸ ਆਇਆ ਤਾਂ ਦਿੱਲੀ ਪੁਲਸ ਦੀ ਐੱਸ. ਟੀ. ਐੱਫ. ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਕੌਸ਼ਲ ’ਤੇ 5 ਲੱਖ ਰੁਪਏ ਦਾ ਇਨਾਮ ਸੀ, ਜਿਹੜਾ ਐੱਸ. ਟੀ. ਐੱਫ. ਨੂੰ ਦੇਣ ਦੀ ਗੱਲ ਹੋਈ ਸੀ।

ਇਹ ਵੀ ਪੜ੍ਹੋ: ਸਰਹੱਦੋਂ ਪਾਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਤ, ਵਿਆਹ ਦੇ 6 ਦਿਨਾਂ ਬਾਅਦ ਹੀ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਦਰਦਨਾਕ ਮੌਤ

ਭਰਾ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਬਾਂਹ ’ਤੇ ਮਾਰ ਲਈ ਸੀ ਗੋਲ਼ੀ
ਗੁਰੂਗ੍ਰਾਮ ਦੇ ਇਕ ਹੋਰ ਗੈਂਗਸਟਰ ਸੁਦੇਸ਼ ਛੇਲੂ ਨੇ ਕੌਸ਼ਲ ਦੇ ਭਰਾ ਦਾ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਕੌਸ਼ਲ ਨੇ ਸੁਦੇਸ਼ ਤੋਂ ਬਦਲਾ ਲੈਣ ਦਾ ਪਲਾਨ ਬਣਾਇਆ। ਬਦਲਾ ਲੈਣ ਦੀ ਗੱਲ ਯਾਦ ਰੱਖਣ ਲਈ ਉਸ ਨੇ ਆਪਣੇ ਹੱਥ ’ਤੇ ਗੋਲ਼ੀ ਮਾਰ ਲਈ ਸੀ। ਸੁਦੇਸ਼ ਕੌਸ਼ਲ ਨੂੰ ਵੀ ਮਾਰਨਾ ਚਾਹੁੰਦਾ ਸੀ। ਉਦੋਂ ਕੌਸ਼ਲ ਨੇ ਅਜੇ ਬਦਮਾਸ਼ੀ ’ਚ ਪੈਰ ਰੱਖਿਆ ਹੀ ਸੀ। ਉਸ ਨੇ ਆਪਣੇ ਦੋਸਤ ਅਮਿਤ ਡਾਗਰ ਅਤੇ ਸੂਬੇ ਗੁੱਜਰ ਨਾਲ ਮਿਲ ਕੇ ਗੈਂਗ ਬਣਾਇਆ। ਹੌਲੀ-ਹੌਲੀ ਉਸ ਨੇ ਸੁਦੇਸ਼ ਗੈਂਗ ਦਾ ਸਫਾਇਆ ਕਰ ਦਿੱਤਾ। ਅਪਰਾਧਿਕ ਮਾਮਲਿਆਂ ’ਚ ਹਰਿਆਣਾ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਕੌਸ਼ਲ ਅਪ੍ਰੈਲ 2015 ਵਿਚ ਜ਼ਮਾਨਤ ’ਤੇ ਆਇਆ ਅਤੇ ਗਾਇਬ ਹੋ ਗਿਆ। ਉਸ ਤੋਂ ਬਾਅਦ ਵੀ ਉਸ ਨੇ ਕਈ ਹੱਤਿਆਵਾਂ ਕੀਤੀਆਂ, 70 ਤੋਂ 80 ਲੋਕਾਂ ਨੂੰ ਫਿਰੌਤੀ ਲਈ ਫੋਨ ਕਰਕੇ ਧਮਕਾਇਆ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਹਵਾਲੇ ਦਾ ਵੀ ਕੰਮ ਸੀ। ਅਜਿਹੇ ’ਚ ਜਲੰਧਰ ਪੁਲਸ ਨੂੰ ਸ਼ੱਕ ਹੈ ਕਿ ਕਿਤੇ ਕੌਸ਼ਲ ਨੇ ਪੈਸਿਆਂ ਲਈ ਆਪਣੇ ਗੈਂਗ ਤੋਂ ਡਿਪਟੀ ਦਾ ਮਰਡਰ ਨਾ ਕਰਵਾਇਆ ਹੋਵੇ।

ਇਹ ਵੀ ਪੜ੍ਹੋ: ਨੂਰਮਹਿਲ 'ਚ ਵੱਡੀ ਵਾਰਦਾਤ, ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ, ਖ਼ੂਹ 'ਚੋਂ ਮਿਲੀਆਂ ਸੜੀਆਂ ਲਾਸ਼ਾਂ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News