ਸੁਖਮੀਤ ਕਤਲ ਕਾਂਡ: ਨਾਭਾ ਜੇਲ੍ਹ ’ਚੋਂ ਪ੍ਰੋਡੈਕਸ਼ਨ ਵਾਰੰਟ ’ਤੇ ਲਿਆਂਦੇ ਮੁਲਜ਼ਮਾਂ ਤੋਂ ਹੋਈ 16 ਘੰਟੇ ਪੁੱਛਗਿੱਛ

Wednesday, Jun 30, 2021 - 11:16 AM (IST)

ਜਲੰਧਰ (ਸੁਧੀਰ)– ਸਥਾਨਕ ਗੋਪਾਲ ਨਗਰ ਸਥਿਤ ਨਵੀਂ ਦਾਣਾ ਮੰਡੀ ਨੇੜੇ ਮਿੱਕੀ ਅਗਵਾ ਕਾਂਡ ਵਿਚ ਨਾਮਜ਼ਦ ਰਹੇ ਕਾਂਗਰਸ ਦੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਹੱਤਿਆ ਕਾਂਡ ਵਿਚ ਲਗਭਗ ਇਕ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਵੀ ਕਮਿਸ਼ਨਰੇਟ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਦੂਜੇ ਪਾਸੇ ਪੁਲਸ ਇਸ ਮਾਮਲੇ ਵਿਚ ਸੰਗਤ ਸਿੰਘ ਨਗਰ ਵਿਖੇ ਲਗਭਗ 2 ਸਾਲ ਪਹਿਲਾਂ ਹੋਏ ਜੱਸਾ ਕਤਲ ਕਾਂਡ ਵਿਚ ਨਾਮਜ਼ਦ 2 ਮੁਲਜ਼ਮਾਂ ਨੂੰ ਨਾਭਾ ਜੇਲ੍ਹ ਵਿਚੋਂ ਪ੍ਰੋਡੈਕਸ਼ਨ ਵਾਰੰਟ ’ਤੇ ਮਾਮਲੇ ਦੀ ਪੁੱਛਗਿੱਛ ਲਈ ਲਿਆਈ। ਪੁਲਸ ਨੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ 4 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ: ਵਿਆਹ ਦੇ 12 ਦਿਨਾਂ ਬਾਅਦ ਹੀ ਨਣਦੋਈਏ ਨੇ ਰੋਲੀ ਨਵ-ਵਿਆਹੁਤਾ ਦੀ ਪੱਤ, ਪਤੀ ਵੀ ਦਿੰਦਾ ਰਿਹਾ ਸਾਥ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕੱਲ ਤੋਂ ਲੈ ਕੇ ਅੱਜ ਤੱਕ ਪੁਲਸ ਨੇ ਪ੍ਰੋਡੈਕਸ਼ਨ ਵਾਰੰਟ ’ਤੇ ਲਿਆਂਦੇ ਮੁਲਜ਼ਮਾਂ ਤੋਂ ਲਗਭਗ 16 ਘੰਟੇ ਪੁੱਛਗਿੱਛ ਕੀਤੀ ਪਰ ਪੁਲਸ ਨੂੰ ਨਾਭਾ ਜੇਲ੍ਹ ਤੋਂ ਲਿਆਂਦੇ ਮੁਲਜ਼ਮਾਂ ਕੋਲੋਂ ਕੋਈ ਅਹਿਮ ਸੁਰਾਗ ਨਹੀਂ ਮਿਲਿਆ। ਇਸ ਦੇ ਬਾਵਜੂਦ ਕਮਿਸ਼ਨਰ ਪੁਲਸ ਮੁਲਜ਼ਮਾਂ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਵਰਣਨਯੋਗ ਹੈ ਕਿ ਲਗਭਗ ਇਕ ਹਫ਼ਤਾ ਪਹਿਲਾਂ ਸੁਖਮੀਤ ਸਿੰਘ ਡਿਪਟੀ ਆਪਣੇ ਬੁਲੇਟ ਮੋਟਰਸਾਈਕਲ ’ਤੇ ਘਰੋਂ ਨਿਕਲਿਆ ਤਾਂ ਨਵੀਂ ਦਾਣਾ ਮੰਡੀ ਨੇੜੇ ਸਵਿਫਟ ਕਾਰ ਸਵਾਰ ਮੁਲਜ਼ਮਾਂ ਨੇ ਉਸ ’ਤੇ ਤਾਬੜਤੋੜ ਗੋਲ਼ੀਆਂ ਚਲਾ ਕੇ ਉਸ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ। ਇਸ ਤੋਂ ਬਾਅਦ ਲੋਕਾਂ ਨੇ ਮੁਲਜ਼ਮਾਂ ਦੀ ਕਾਰ ਦਾ ਨੰਬਰ ਨੋਟ ਕਰਕੇ ਪੁਲਸ ਨੂੰ ਦੇ ਦਿੱਤਾ ਸੀ। ਪੁਲਸ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕਾਰ ਦੇ ਮਾਲਕ ਕਬੱਡੀ ਖਿਡਾਰੀ ਨੂੰ ਪੁੱਛਗਿੱਛ ਲਈ ਲੈ ਕੇ ਆਈ। ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਕਾਰ ’ਤੇ ਫਰਜ਼ੀ ਨੰਬਰ ਲਾਇਆ ਹੋਇਆ ਸੀ। ਸੀ. ਸੀ. ਟੀ. ਵੀ. ਫੁਟੇਜ ਵਿਚ ਮੁਲਜ਼ਮਾਂ ਦੀ ਕਾਰ ਦੀ ਛੱਤ ਚਿੱਟੇ ਰੰਗ ਦੀ ਸੀ ਪਰ ਕਬੱਡੀ ਖਿਡਾਰੀ ਦੀ ਕਾਰ ਦੀ ਛੱਤ ਕਾਲੇ ਰੰਗ ਦੀ ਸੀ, ਜਿਸ ਤੋਂ ਬਾਅਦ ਪੁਲਸ ਨੇ ਕਾਰ ਮਾਲਕ ਨੂੰ ਜਾਂਚ ਤੋਂ ਬਾਅਦ ਛੱਡ ਦਿੱਤਾ।

ਇਹ ਵੀ ਪੜ੍ਹੋ: ਜਲੰਧਰ: ਕਪੂਰਥਲਾ ਚੌਕ ਨੇੜੇ 2 ਸਾਲ ਪਹਿਲਾਂ ਹੋਏ ਮਰਡਰ ਕੇਸ ਨਾਲ ਜੁੜੇ ਸੁਖਮੀਤ ਡਿਪਟੀ ਕਤਲ ਕਾਂਡ ਦੇ ਤਾਰ

PunjabKesari

ਪੁਲਸ ਨੇ ਡਿਪਟੀ ਦੇ ਨਜ਼ਦੀਕੀਆਂ ਨੂੰ ਪੁੱਛਗਿੱਛ ਵਿਚ ਲਈ ਹਿਰਾਸਤ ਵਿਚ ਲਿਆ, ਜਿਨ੍ਹਾਂ ਕੋਲੋਂ ਪੁਲਸ ਨੂੰ ਹੱਤਿਆ ਕਾਂਡ ਸਬੰਧੀ ਕਈ ਅਹਿਮ ਸੁਰਾਗ ਮਿਲੇ, ਜਿਸ ਦੇ ਆਧਾਰ ’ਤੇ ਪੁਲਸ ਇਸ ਮਾਮਲੇ ਵਿਚ ਹੋਰ ਲੋਕਾਂ ਕੋਲੋਂ ਵੀ ਪੁੱਛਗਿੱਛ ਕਰ ਰਹੀ ਹੈ। ਇਕ ਪਾਸੇ ਪੁਲਸ ਜੱਸਾ ਹੱਤਿਆ ਕਾਂਡ ਵਿਚ ਨਾਮਜ਼ਦ 2 ਮੁਲਜ਼ਮਾਂ ਨੂੰ ਇਸ ਮਾਮਲੇ ਵਿਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਸੀ। ਉਥੇ ਹੀ ਦੂਜੇ ਪਾਸੇ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸੁਖਮੀਤ ਡਿਪਟੀ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਲੈ ਲਈ। ਇਸ ਪੋਸਟ ਵਿਚ ਸਾਫ਼ ਲਿਖਿਆ ਸੀ ਕਿ ਕੁਝ ਸਮਾਂ ਪਹਿਲਾਂ ਜਲੰਧਰ ਵਿਚ ਹੋਏ ਡਿਪਟੀ ਕਤਲ ਕਾਂਡ ਨੂੰ ਪੁਨੀਤ ਨੇ ਅੰਜਾਮ ਦਿੱਤਾ ਸੀ। ਪੋਸਟ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਡਿਪਟੀ ਸਾਡੇ ਭਰਾ ਖ਼ਿਲਾਫ਼ ਚੱਲਦਾ ਸੀ ਅਤੇ ਸਾਡੇ ਵਿਰੋਧੀ ਗਰੁੱਪ ਦੇ ਲੋਕਾਂ ਨੂੰ ਸਾਡੇ ਬਾਰੇ ਖਬਰਾਂ ਪਹੁੰਚਾਉਂਦਾ ਸੀ। ਉਸਨੂੰ ਕਈ ਵਾਰ ਸਮਝਾਇਆ ਵੀ ਗਿਆ ਪਰ ਉਹ ਨਹੀਂ ਸਮਝਿਆ। ਇਸੇ ਕਾਰਨ ਉਨ੍ਹਾਂ ਦੇ ਗਰੁੱਪ ਦੇ ਪੁਨੀਤ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ: ਜਲੰਧਰ: ਫੁੱਲਾਂ ਵਰਗੀ ਨਵਜਨਮੀ ਬੱਚੀ ਨੂੰ ਪੰਘੂੜੇ 'ਚ ਛੱਡ ਗਏ ਰਈਸਜ਼ਾਦੇ, ਟੁੱਟੀ ਸਾਹਾਂ ਦੀ ਡੋਰ

ਕੀ ਕਹਿੰਦੇ ਹਨ ਡੀ. ਸੀ. ਪੀ. ਗੁਰਮੀਤ ਸਿੰਘ
ਡੀ. ਸੀ. ਪੀ. (ਇਨਵੈਸਟੀਗੇਸ਼ਨ) ਗੁਰਮੀਤ ਸਿੰਘ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਇਸ ਮਾਮਲੇ ਵਿਚ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਇਸ ਮਾਮਲੇ ਨੂੰ ਹੱਲ ਕਰਨ ਲਈ 4 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਹੜੀਆਂ ਵੱਖ-ਵੱਖ ਐਂਗਲਾਂ ਤੋਂ ਮਾਮਲੇ ਦੀ ਜਾਂਚ ਵਿਚ ਲੱਗੀਆਂ ਹੋਈਆਂ ਹਨ। ਜੱਸਾ ਕਤਲ ਕਾਂਡ ਵਿਚ ਨਾਭਾ ਜੇਲ੍ਹ ਵਿਚੋਂ ਪ੍ਰੋਡੈਕਸ਼ਨ ’ਤੇ ਲਿਆਂਦੇ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ। ਫਿਲਹਾਲ ਪੁਲਸ ਹੱਥ ਮੁਲਜ਼ਮਾਂ ਕੋਲੋਂ ਕਤਲ ਸਬੰਧੀ ਕੋਈ ਸੁਰਾਗ ਨਹੀਂ ਲੱਗਾ। ਦੂਜੇ ਪਾਸੇ ਬੰਬੀਹਾ ਗਰੁੱਪ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਗਈ ਪੋਸਟ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਪੁਲਸ ਦੀ ਜਾਂਚ ਨੂੰ ਭਟਕਾਉਣ ਲਈ ਇਹ ਪੋਸਟ ਨਾ ਪਾਈ ਗਈ ਹੋਵੇ। ਡੀ. ਸੀ. ਪੀ. ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਬਾਰੇ ਸਾਈਬਰ ਸੈੱਲ ਤੋਂ ਵੀ ਮਦਦ ਲੈ ਰਹੀ ਹੈ ਕਿ ਇਹ ਪੋਸਟ ਸੋਸ਼ਲ ਮੀਡੀਆ ’ਤੇ ਪਾਉਣ ਲਈ ਕਿਹੜੇ ਸਰਵਰ ਦੀ ਵਰਤੋਂ ਕੀਤੀ ਗਈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਬਸਪਾ ਗਠਜੋੜ ਕਿਸੇ ਹੋਰ ਨਾਲ ਕਰਦੀ ਹੈ ਤੇ ਸਰਕਾਰ ਕਿਸੇ ਹੋਰ ਨਾਲ ਬਣਾਉਂਦੀ ਹੈ : ਮਨੀਸ਼ ਤਿਵਾੜੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News