ਮੋਹਾਲੀ ''ਚ ਸੜਕ ਵਿਚਾਲੇ ਬੈਠ ''ਸੁਖਮਨੀ ਸਾਹਿਬ'' ਦਾ ਪਾਠ ਕਰਨ ਲੱਗੀਆਂ ਇਹ ਬੀਬੀਆਂ, ਜਾਣੋ ਕੀ ਹੈ ਕਾਰਨ
Saturday, Oct 23, 2021 - 01:02 PM (IST)
ਮੋਹਾਲੀ (ਨਿਆਮੀਆਂ) : ਪੰਜਾਬ ਦੀਆਂ ਆਂਗਨਵਾੜੀ ਵਰਕਰਾਂ ਨੇ ਸਰਕਾਰ ਦਾ ਵਿਰੋਧ ਕਰਨ ਦਾ ਇਕ ਵਿਲੱਖਣ ਢੰਗ ਲੱਭਿਆ ਹੈ। ਸਾਰੀਆਂ ਹੀ ਆਂਗਨਵਾੜੀ ਵਰਕਰਾਂ ਅਤੇ ਹੈਲਪਰ ਅੱਜ ਇਕੱਠੀਆਂ ਹੋ ਕੇ ਮੋਹਾਲੀ ਦੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਘਰ ਨੇੜੇ ਪਹੁੰਚੀਆਂ। ਉਨ੍ਹਾਂ ਨੂੰ ਪੁਲਸ ਵੱਲੋਂ ਅੱਗੇ ਵੱਧਣ ਤੋਂ ਰੋਕ ਲਿਆ ਗਿਆ। ਇਸ ਕਰਕੇ ਬੀਬੀਆਂ ਸੜਕ 'ਤੇ ਹੀ ਟਾਟ ਵਿਛਾ ਕੇ ਬੈਠ ਗਈਆਂ ਅਤੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਲੱਗ ਗਈਆਂ। ਬੀਬੀਆਂ ਨੇ ਐਲਾਨ ਕੀਤਾ ਹੈ ਕਿ ਅੱਗੇ ਤੋਂ ਉਹ ਆਪਣਾ ਵਿਰੋਧ ਇਸੇ ਤਰੀਕੇ ਨਾਲ ਦਰਜ ਕਰਵਾਉਣੀਆਂ। ਉਹ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਿਆ ਕਰਨਗੀਆਂ। ਅੱਜ ਵੀ ਇਹ ਬੀਬੀਆਂ ਸੜਕ ਦੇ ਵਿਚਾਲੇ ਬੈਠ ਕੇ ਬੜੀ ਸ਼ਰਧਾ ਦੇ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : BSF ਮੁੱਦੇ 'ਤੇ ਮੁੱਖ ਮੰਤਰੀ ਚੰਨੀ ਨੇ ਸੱਦੀ ਸਰਵ ਪਾਰਟੀ ਬੈਠਕ
ਪੁਲਸ ਵਾਲੇ ਅੱਗੇ-ਪਿੱਛੇ ਲੱਗ ਕੇ ਪਾਠ ਵੀ ਸੁਣ ਰਹੇ ਹਨ ਅਤੇ ਵਾਹਨਾਂ ਨੂੰ ਵੀ ਕੰਟਰੋਲ ਕਰ ਰਹੇ ਹਨ। ਜ਼ਿਲ੍ਹਾ ਮੋਹਾਲੀ ਦੀ ਪ੍ਰਧਾਨ ਬਲਜੀਤ ਕੌਰ ਰਕੌਲੀ ਨੇ ਦੱਸਿਆ ਕਿ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਬੀਬੀ ਹਰਗੋਬਿੰਦ ਕੌਰ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਲਏ ਗਏ ਫ਼ੈਸਲੇ ਅਨੁਸਾਰ ਇਹ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਉਹ ਪਹਿਲਾਂ ਬਹੁਤ ਸਾਰੇ ਧਰਨੇ-ਮੁਜ਼ਾਹਰੇ ਕਰ ਚੁੱਕੇ ਹਨ ਅਤੇ ਨਾਅਰੇਬਾਜ਼ੀ ਵੀ ਕੀਤੀ ਹੈ ਪਰ ਹੁਣ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਕਾਂਗਰਸੀ ਵਿਧਾਇਕਾਂ ਦੀ ਆਤਮਾ ਨੂੰ ਜਗਾਉਣ ਲਈ ਸੁਖਮਨੀ ਸਾਹਿਬ ਦਾ ਪਾਠ ਉਨ੍ਹਾਂ ਦੇ ਘਰਾਂ ਅੱਗੇ ਕਰਿਆ ਕਰਨਗੀਆਂ। ਉਨ੍ਹਾਂ ਮੰਗ ਕੀਤੀ ਹੈ ਕਿ ਆਂਗਨਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਉਨ੍ਹਾਂ ਨੂੰ ਵਾਪਸ ਕੀਤੇ ਜਾਣ ਅਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 2 ਦਿਨ 'ਮੌਸਮ' ਰਹੇਗਾ ਖ਼ਰਾਬ, ਧੂੜ ਭਰੀ ਹਨ੍ਹੇਰੀ ਨਾਲ ਪੈ ਸਕਦੀ ਹੈ ਬਾਰਸ਼
ਪੰਜਾਬ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ 'ਤੇ ਮਾਣ-ਭੱਤਾ ਦਿੱਤਾ ਜਾਵੇ, ਆਂਗਣਵਾੜੀ ਸੈਂਟਰ ਦੇ ਲਾਭਪਾਤਰੀਆਂ ਲਈ ਰਾਸ਼ਨ ਪਹਿਲਾਂ ਵਾਂਗ ਹੀ ਵਰਕਰਾਂ ਨੂੰ ਸੈਂਟਰਾਂ ਵਿਚ ਸਿੱਧਾ ਹੀ ਦਿੱਤਾ ਜਾਵੇ, ਠੇਕੇਦਾਰੀ ਸਿਸਟਮ ਦਾ ਜੱਥੇਬੰਦੀ ਸਖ਼ਤ ਵਿਰੋਧ ਕਰੇਗੀ। ਇਸ ਮੌਕੇ ਯੂਨੀਅਨ ਦੀਆਂ ਆਗੂਆਂ ਨੇ ਵਿਧਾਇਕ ਰਾਹੀਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਨਾਂ ਇਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਜਸਵਿੰਦਰ ਕੌਰ, ਚਰਨਜੀਤ ਕੌਰ, ਮਿਹਰ ਕੌਰ, ਰਾਜਵੰਤ ਕੌਰ, ਸੰਦੀਪ ਕੌਰ, ਹਰਦੀਪ ਕੌਰ, ਕੁਲਵਿੰਦਰ ਕੌਰ, ਪ੍ਰਿਤਪਾਲ ਕੌਰ, ਮਨਪ੍ਰੀਤ ਕੌਰ ਤੇ ਹੋਰ ਆਂਗਣਵਾੜੀ ਵਰਕਰਾਂ ਵੀ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ