ਭਾਜਪਾ ਸਰਕਾਰ ਸਾਡੇ ਵਿਰੁੱਧ ਕੇਸ ਦਰਜ ਕਰੇ, ਅਸੀਂ ਗ੍ਰਿਫ਼ਤਾਰੀਆਂ ਦੇਣ ਨੂੰ ਤਿਆਰ: ਸੁਖਜਿੰਦਰ ਰੰਧਾਵਾ
Thursday, Jan 20, 2022 - 11:03 AM (IST)
ਜਲੰਧਰ (ਧਵਨ)- ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਸਾਡੇ ਵਿਰੁੱਧ ਕੇਸ ਦਰਜ ਕਰੇ, ਅਸੀਂ ਗ੍ਰਿਫ਼ਤਾਰੀਆਂ ਦੇਣ ਲਈ ਤਿਆਰ ਬੈਠੇ ਹਾਂ। ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਨੇਤਾਵਾਂ ਦੇ ਉਨ੍ਹਾਂ ਦੋਸ਼ਾਂ ਵਿਚ ਦਮ ਨਹੀਂ ਹੈ, ਜਿਸ ਵਿਚ ਕਿਹਾ ਸੀ ਕਿ ਕਾਂਗਰਸੀ ਨੇਤਾਵਾਂ ਕੋਲ 500 ਕਰੋੜ ਰੁਪਏ ਦੀ ਰਾਸ਼ੀ ਪਈ ਹੋਈ ਹੈ, ਜਿਸ ਕਾਰਨ ਈ. ਡੀ. ਵੱਲੋਂ ਛਾਪੇ ਮਾਰੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੇਤਾ ਇਹ ਮੰਨਦੇ ਹਨ ਕਿ ਸਾਡੇ ਕੋਲ 500 ਕਰੋੜ ਰੁਪਏ ਪਏ ਹੋਏ ਹਨ ਤਾਂ ਫਿਰ ਉਨ੍ਹਾਂ ਦੀ ਸਰਕਾਰ ਸਾਡੇ ਵਿਰੁੱਧ ਕੇਸ ਦਰਜ ਕਿਉਂ ਨਹੀਂ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸਰਕਾਰ ਉਨ੍ਹਾਂ ਵਿਰੁੱਧ ਕੇਸ ਦਰਜ ਕਰਦੀ ਹੈ ਤਾਂ ਉਹ ਯਕੀਨ ਦਿਵਾਉਂਦੇ ਹਨ ਕਿ ਕੋਈ ਵੀ ਕਾਂਗਰਸੀ ਨੇਤਾ ਬਿਕਰਮ ਮਜੀਠੀਆ ਦੀ ਤਰ੍ਹਾਂ ਜ਼ਮਾਨਤਾਂ ਵੀ ਨਹੀਂ ਲਵੇਗਾ।
ਇਹ ਵੀ ਪੜ੍ਹੋ: ਚੋਣਾਂ ਦੇ ਗਣਿਤ 'ਚ ਹਿੰਦੂਆਂ ਤੇ ਵਪਾਰੀਆਂ ਨੂੰ ਭੁੱਲੀਆਂ ਸਿਆਸੀ ਪਾਰਟੀਆਂ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਜਾ ਰਿਹਾ ਹੈ ਕਿ ਤੁਸੀਂ ਪ੍ਰਧਾਨ ਮੰਤਰੀ ਵਿਰੁੱਧ ਨਾ ਬੋਲੋ। ਇਸ ਦੇ ਕਈ ਸੰਦੇਸ਼ ਵੀ ਸਾਡੇ ਕੋਲ ਮੌਜੂਦ ਹਨ। ਉੱਪ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਵੱਲੋਂ ਕਾਂਗਰਸ ਦੀ ਸਮੂਹਿਕ ਲੀਡਰਸ਼ਿਪ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਨੂੰ 3 ‘ਬਾਂਦਰ’ ਕਹਿਣ ’ਤੇ ਪਲਟਵਾਰ ਕਰਦੇ ਹੋਏ ਸੁਖਬੀਰ ਨੂੰ ਮੰਦਬੁੱਧੀ ਬਾਲਗ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਨੇਤਾਵਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਜੀਠੀਆ ਵਿਰੁੱਧ ਜਦੋਂ ਕੇਸ ਦਰਜ ਹੋਇਆ ਸੀ ਤਾਂ ਕੋਈ ਵੀ ਅਕਾਲੀ ਨੇਤਾ ਉਨ੍ਹਾਂ ਦੇ ਸਰਮਥਨ ਵਿਚ ਅੱਗੇ ਨਹੀਂ ਆਇਆ ਸੀ।
ਇਹ ਵੀ ਪੜ੍ਹੋ: ਠੰਡ ਤੋਂ ਬਚਾਉਣ ਲਈ ਬਾਲੀ ਅੱਗ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਡੇਢ ਸਾਲਾ ਬੱਚੇ ਦੀ ਦਰਦਨਾਕ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ