ਰੰਧਾਵਾ ਦੇ ਤਿੱਖੇ ਹਮਲੇ, ਸਿੱਧੂ ਦੱਸਣ ਕਿ ਪ੍ਰਧਾਨ ਬਣਨ ਪਿੱਛੋਂ ਉਨ੍ਹਾਂ ਦੀ ਮੰਜੀ ਕਾਂਗਰਸ ਭਵਨ ’ਚ ਕਿਉਂ ਨਹੀਂ ਲੱਗੀ

Sunday, Mar 13, 2022 - 11:57 AM (IST)

ਜਲੰਧਰ (ਧਵਨ)– ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਨੀਵਾਰ ਮੁੜ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਕਾਂਗਰਸ ਦੀ ਕਿਸ਼ਤੀ ਡੁਬੋ ਕੇ ਰੱਖ ਦਿੱਤੀ। ਰੰਧਾਵਾ ਨੇ ਕਿਹਾ ਕਿ ਸਿੱਧੂ ਦੀ ਬਿਆਨਬਾਜ਼ੀ ਕਾਰਨ ਹੀ ਕਾਂਗਰਸ ਦੀ ਇੰਨੀ ਮਾੜੀ ਹਾਲਤ ਹੋਈ ਹੈ। ਰੰਧਾਵਾ ਨੇ ਕਿਹਾ ਕਿ ਮੇਰੀ ਗੱਲ ਕਈ ਆਗੂਆਂ ਨੂੰ ਬੁਰੀ ਲੱਗ ਸਕਦੀ ਹੈ ਅਤੇ ਕਈ ਨੇਤਾ ਮੇਰੀਆਂ ਸ਼ਿਕਾਇਤਾਂ ਵੀ ਕਰ ਸਕਦੇ ਹਨ ਪਰ ਮੈਂ ਹਮੇਸ਼ਾ ਸੱਚੀ ਗੱਲ ਕਰਦਾ ਹਾਂ। ਕਾਂਗਰਸ ਹਾਈ ਕਮਾਨ ਨੂੰ ਸਿੱਧੂ ’ਤੇ ਤੁਰੰਤ ਸ਼ਿਕੰਜਾ ਕੱਸਣਾ ਚਾਹੀਦਾ ਸੀ। ਸਿੱਧੂ ਅੰਦਰ ‘ਮੈਂ’ ਆ ਗਈ ਸੀ ਅਤੇ ਇਸ ਦੀ ਸਜ਼ਾ ਲੋਕਾਂ ਨੇ ਸਿੱਧੂ ਦਾ ਹੰਕਾਰ ਤੋੜ ਕੇ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ 2022: ‘ਆਪ’ ਵੱਲੋਂ ਪੰਜਾਬ ’ਚ 34 ਰਿਜ਼ਰਵ ਸੀਟਾਂ ’ਚੋਂ 26 ’ਤੇ ਕਬਜ਼ਾ

ਉਨ੍ਹਾਂ ਕਿਹਾ ਕਿ ਕਦੇ ਵੀ ਹੋਰਨਾਂ ਪਾਰਟੀਆਂ ਵਿਚੋਂ ਆਉਣ ਵਾਲੇ ਆਗੂਆਂ ਨੂੰ ਪ੍ਰਧਾਨਗੀ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਨੂੰ ਮੰਤਰੀ ਜਾਂ ਵਿਧਾਇਕ ਬਣਾਉਣ ਵਿਚ ਕੋਈ ਮਾੜੀ ਗੱਲ ਨਹੀਂ ਪਰ ਪਾਰਟੀ ਦਾ ਪ੍ਰਧਾਨ ਨਹੀਂ ਬਣਾਇਆ ਜਾਣਾ ਚਾਹੀਦਾ। ਭਾਜਪਾ ਨੇ ਕਦੇ ਵੀ ਸੰਗਠਨ ਦੇ ਬਾਹਰ ਤੋਂ ਆਏ ਵਿਅਕਤੀ ਨੂੰ ਪ੍ਰਧਾਨਗੀ ਜਾਂ ਮੁੱਖ ਮੰਤਰੀ ਦਾ ਅਹੁਦਾ ਨਹੀਂ ਦਿੱਤਾ ਹੈ। ਮੈਂ ਸ਼ੁਰੂ ਤੋਂ ਹੀ ਕਾਂਗਰਸ ਦਾ ਵਫ਼ਾਦਾਰ ਰਿਹਾ ਹਾਂ ਅਤੇ ਅੱਜ ਕਾਂਗਰਸ ਦੀ ਮਾੜੀ ਹਾਲਤ ਵੇਖ ਕੇ ਮੈਨੂੰ ਦੁੱਖ ਹੋ ਰਿਹਾ ਹੈ। ਜਿਹੜਾ ਵਿਅਕਤੀ ਕਾਂਗਰਸ ਪ੍ਰਤੀ ਵਫ਼ਾਦਾਰ ਨਹੀਂ ਸੀ, ਉਸ ਨੂੰ ਪ੍ਰਧਾਨਗੀ ਦੇ ਦਿੱਤੀ ਗਈ। ਰੰਧਾਵਾ ਨੇ ਕਿਹਾ ਕਿ ਸਿੱਧੂ ਨੇ ਕਿਹਾ ਸੀ ਕਿ ਪ੍ਰਧਾਨ ਬਣਨ ਪਿੱਛੋਂ ਮੇਰੀ ਮੰਜੀ ਕਾਂਗਰਸ ਭਵਨ ਚੰਡੀਗੜ੍ਹ ਵਿਚ ਲੱਗੇਗੀ ਪਰ ਉਹ ਇਕ ਦਿਨ ਵੀ ਉਥੇ ਮੰਜੀ ’ਤੇ ਬੈਠੇ ਨਜ਼ਰ ਨਹੀਂ ਆਏ। ਉਥੇ ਤਾਂ ਮੰਜੀ ਵੀ ਨਜ਼ਰ ਨਹੀਂ ਆਈ। ਮੰਜੀ ਦੀ ਗੱਲ ਤਾਂ ਵੱਖਰੀ ਹੈ, ਸਿੱਧੂ ਕਦੇ ਪ੍ਰਧਾਨ ਦੀ ਕੁਰਸੀ ’ਤੇ ਜਾ ਕੇ ਵੀ ਨਹੀਂ ਬੈਠੇ। ਉਨ੍ਹਾਂ ਕਦੇ ਵੀ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਬੈਠਕ ਨਹੀਂ ਸੱਦੀ।

ਇਹ ਵੀ ਪੜ੍ਹੋ:ਟਾਂਡਾ ਵਿਖੇ ਗਊਆਂ ਦੇ ਕਤਲ ਦਾ ਮਾਮਲਾ ਭਖਿਆ, ਹਿੰਦੂ ਸੰਗਠਨਾਂ ਵੱਲੋਂ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਜਾਮ

ਉਨ੍ਹਾਂ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਭਰਾ ਨੇ ਜਦੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਚੰਨੀ ਨੂੰ ਆਪਣੇ ਭਰਾ ਨਾਲੋਂ ਨਾਤਾ ਤੋੜ ਲੈਣਾ ਚਾਹੀਦਾ ਸੀ। ਪਾਰਟੀ ਅਨੁਸ਼ਾਸਨ ਤੋਂ ਵੱਡੀ ਕੋਈ ਵੀ ਚੀਜ਼ ਨਹੀਂ ਹੈ। ਉਨ੍ਹਾਂ ਆਪਣੇ ਭਰਾ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਮੇਰਾ ਭਰਾ ਇੰਦਰਜੀਤ ਅਕਾਲੀ ਦਲ ਵਿਚ ਸ਼ਾਮਲ ਹੋਇਆ ਸੀ ਤਾਂ ਚਾਰ ਸਾਲ ਤਕ ਮੈਂ ਉਸ ਨਾਲ ਗੱਲਬਾਤ ਨਹੀਂ ਕੀਤੀ ਸੀ। ਜਦੋਂ ਉਹ ਕਾਂਗਰਸ ਵਿਚ ਵਾਪਸ ਆਇਆ ਤਾਂ ਦੋਹਾਂ ਪਰਿਵਾਰਾਂ ਦੌਰਾਨ ਗੱਲਬਾਤ ਸ਼ੁਰੂ ਹੋਈ। ਕੈਪਟਨ ਅਮਰਿੰਦਰ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਨਸ਼ਿਆਂ ਨੂੰ ਖ਼ਤਮ ਨਾ ਕਰਨ ਕਾਰਨ ਉਨ੍ਹਾਂ ਨੂੰ ਗੁਰੂ ਮਹਾਰਾਜ ਨੇ ਸਜ਼ਾ ਦਿੱਤੀ ਹੈ। ਕਾਂਗਰਸ ਸਰਕਾਰ ਨੂੰ ਵੀ ਇਸੇ ਲਈ ਸਜ਼ਾ ਮਿਲੀ ਹੈ ਕਿਉਂਕਿ ਉਹ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਸਕੀ। ਬਰਗਾੜੀ ਕਾਂਡ ਅੱਜ ਵੀ ਜ਼ਿੰਦਾ ਹੈ। ਮੈਂ ਗ੍ਰਹਿ ਮੰਤਰੀ ਹੁੰਦਿਆਂ ਇਸ ਸੰਬੰਧੀ ਕਦਮ ਚੁੱਕੇ ਸਨ ਅਤੇ ਨਸ਼ਾ ਫੈਲਾਉਣ ਵਾਲਿਆਂ ਨੂੰ ਜੇਲ੍ਹ ਵਿਚ ਭੇਜਿਆ ਸੀ। ਇਸੇ ਲਈ ਗੁਰੂ ਦੀ ਮੇਰੇ ’ਤੇ ਮਿਹਰਬਾਨੀ ਹੋਈ ਅਤੇ ਮੈਂ ਆਪਣੀ ਸੀਟ ਬਚਾਉਣ ਵਿਚ ਸਫ਼ਲ ਰਿਹਾ।

ਇਹ ਵੀ ਪੜ੍ਹੋ: ਫਗਵਾੜਾ 'ਚ ਵੱਡੀ ਵਾਰਦਾਤ, ਲੁਟੇਰਿਆਂ ਨੇ SBI ਦਾ ATM ਤੋੜ ਕੇ ਲੁੱਟੀ 23 ਲੱਖ ਦੀ ਨਕਦੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News