ਸੁਰੱਖਿਆ ਦਾ ਮੁੱਦਾ ਚੋਣਾਂ ’ਚ ਵੋਟਰਾਂ ਨੂੰ ਪ੍ਰਭਾਵਿਤ ਕਰੇਗਾ: ਸੁਖਜਿੰਦਰ ਰੰਧਾਵਾ
Friday, Feb 18, 2022 - 11:37 AM (IST)
ਜਲੰਧਰ (ਧਵਨ)- ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸੁਰੱਖਿਆ ਦਾ ਮੁੱਦਾ ਵਿਧਾਨ ਸਭਾ ਚੋਣਾਂ ’ਚ ਵੋਟਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਅਗਲੇ ਦੋ ਦਿਨਾਂ ’ਚ ਸੂਬੇ ਦੇ ਲੋਕ ਸੁਰੱਖਿਆ ਦੇ ਮੁੱਦੇ ਨੂੰ ਵੇਖਦੇ ਹੋਏ ਆਪਣਾ ਮਨ ਇਕ ਵਾਰ ਫਿਰ ਤੋਂ ਕਾਂਗਰਸ ਨੂੰ ਸੱਤਾ ’ਚ ਵਾਪਸ ਲਿਆਉਣ ਦਾ ਬਣਾ ਲੈਣਗੇ। ਰੰਧਾਵਾ ਨੇ ਕਿਹਾ ਕਿ ਪੰਜਾਬ ’ਚ ਲੋਕ ਨਵਾਂ ਪ੍ਰਯੋਗ ਨਹੀਂ ਕਰਨਗੇ ਕਿਉਂਕਿ ਸੂਬੇ ਦੀਆਂ ਸਰਹੱਦਾਂ ਪਾਕਿਸਤਾਨ ਦੇ ਨਾਲ ਲੱਗਦੀਆਂ ਹਨ। ਪੰਜਾਬ ਦੇ ਲੋਕਾਂ ਨੇ ਜਿੱਥੇ ਅੱਤਵਾਦ ਦਾ ਸਾਹਮਣਾ ਕੀਤਾ, ਉੱਥੇ ਹੀ ਸਰਹੱਦੀ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਨੇ ਭਾਰਤ-ਪਾਕਿਸਤਾਨ ਵਿਚਾਲੇ ਹੋਈਆਂ ਜੰਗਾਂ ਦਾ ਵੀ ਸਾਹਮਣਾ ਕੀਤਾ ਸੀ।
ਇਹ ਵੀ ਪੜ੍ਹੋ: ਜਲੰਧਰ 'ਚ 18 ਫਰਵਰੀ ਸ਼ਾਮ ਤੋਂ ਲੈ ਕੇ ਚੋਣਾਂ ਦੇ ਦਿਨ ਤੱਕ ਰਹੇਗਾ 'ਡਰਾਈ ਡੇਅ', ਡੀ. ਸੀ. ਨੇ ਦਿੱਤੇ ਹੁਕਮ
ਉਨ੍ਹਾਂ ਕਿਹਾ ਕਿ ਮਾਝਾ ਅਤੇ ਦੋਆਬਾ ਖੇਤਰ ’ਚ ‘ਆਪ’ ਦਾ ਪ੍ਰਭਾਵ ਨਾਮਾਤਰ ਹੈ। ਇਨ੍ਹਾਂ ਦੋਵਾਂ ਖੇਤਰਾਂ ’ਚ ਕਾਂਗਰਸ ਦਾ ਮੁੱਖ ਮੁਕਾਬਲਾ ਜਾਂ ਤਾਂ ਅਕਾਲੀ ਦਲ ਦੇ ਨਾਲ ਹੈ ਜਾਂ ਫਿਰ ਭਾਜਪਾ ਦੇ ਨਾਲ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ’ਚ ਆਮ ਆਦਮੀ ਪਾਰਟੀ ਦਾ ਕੁਝ ਖੇਤਰਾਂ ’ਚ ਦਬਦਬਾ ਹੈ ਪਰ ਜਿੰਨੀ ਹਵਾ ਆਮ ਆਦਮੀ ਪਾਰਟੀ ਆਪਣੀ ਹੋਣ ਦੀ ਕਰ ਰਹੀ ਹੈ ਓਨੀ ਉਸ ’ਚ ਵਿਖਾਈ ਨਹੀਂ ਦੇ ਰਹੀ ਹੈ। ਰੰਧਾਵਾ ਨੇ ਕਿਹਾ ਕਿ ਕੇਜਰੀਵਾਲ ਨਾ ਤਾਂ ਨਸ਼ੇ ਦਾ ਮਸਲਾ ਹੱਲ ਕਰ ਸਕਦੇ ਹਨ ਅਤੇ ਨਾ ਹੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਸਲੇ ਨੂੰ ਹੱਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਮਸਲਿਆਂ ਨੂੰ ਕਾਂਗਰਸ ਹੀ ਮੁੜ ਸੱਤਾ ’ਚ ਆਉਣ ਤੋਂ ਬਾਅਦ ਹੱਲ ਕਰੇਗੀ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਤਾਂ ਡਰਪੋਕ ਇਨਸਾਨ ਹਨ, ਜੋ ਮਜੀਠੀਆ ਵਰਗੇ ਅਕਾਲੀ ਨੇਤਾਵਾਂ ’ਤੇ ਕਦੇ ਵੀ ਹੱਥ ਨਹੀਂ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗੁਮਰਾਹ ਕਰਨ ਤੋਂ ਆਮ ਆਦਮੀ ਪਾਰਟੀ ਨੂੰ ਗੁਰੇਜ ਕਰਨਾ ਚਾਹੀਦਾ ਹੈ, ਕਿਉਂਕਿ ਪੰਜਾਬ ਇਕ ਅਜਿਹਾ ਸੂਬਾ ਹੈ, ਜਿੱਥੇ ਅਮਨ-ਸ਼ਾਂਤੀ ਬਣਾ ਕੇ ਰੱਖਣਾ ਸਭ ਤੋਂ ਵੱਧ ਜ਼ਰੂਰੀ ਹੈ।
ਇਹ ਵੀ ਪੜ੍ਹੋ: ਸੰਘਰਸ਼ ਭਰਿਆ ਰਿਹਾ ਸੁਰਿੰਦਰ ਸਿੰਘ ਡੁਲੇਵਾਲ ਦਾ ਜੀਵਨ, ‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਹਰ ਮੁੱਦੇ ’ਤੇ ਕੀਤੀ ਗੱਲਬਾਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ