ਸੁਖਜਿੰਦਰ ਰੰਧਾਵਾ ਦਾ ਮੋਦੀ ’ਤੇ ਨਿਸ਼ਾਨਾ, ਕਿਹਾ-ਪ੍ਰਧਾਨ ਮੰਤਰੀ ਭਾਜਪਾ ਦੇ ਭਾੜੇ ਦੇ ਗੁੰਡਿਆਂ ਨੂੰ ਪਾਉਣ ਨੱਥ

01/30/2021 9:58:07 AM

ਚੰਡੀਗੜ੍ਹ (ਅਸ਼ਵਨੀ)- ਕੌਮੀ ਰਾਜਧਾਨੀ ਦੀਆਂ ਸਰਹੱਦਾਂ ਉਤੇ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਭਾਜਪਾ ਦੇ ਗੁੰਡਿਆਂ ਵੱਲੋਂ ਕੀਤਾ ਨੰਗਾ ਨਾਚ ਭਾਰਤੀ ਜਮਹੂਰੀਅਤ ’ਤੇ ਕਾਲਾ ਧੱਬਾ ਹੈ, ਜਿਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਗਾਤਾਰ ਚੁੱਪ ਅਜਿਹੇ ਅਨਸਰਾਂ ਨੂੰ ਹੋਰ ਵੀ ਸ਼ਹਿ ਦਿੰਦੀ ਹੈ। ਇਹ ਗੱਲ ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਰੀ ਪ੍ਰੈੱਸ ਬਿਆਨ ਵਿਚ ਕਰਦਿਆਂ ਪ੍ਰਧਾਨ ਮੰਤਰੀ ਨੂੰ ਭਾਜਪਾਈ ਗੁੰਡਿਆਂ 'ਤੇ ਨੱਥ ਪਾਉਣ ਲਈ ਕਿਹਾ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ ਵੱਡਾ ਦਾਅਵਾ, ਦਿੱਲੀ ਪੁਲਸ ਵੱਲੋਂ ਚਲਾਈ ਗੋਲੀ ਨਾਲ ਹੋਈ ਸੀ ਨਵਰੀਤ ਸਿੰਘ ਦੀ ਮੌਤ

ਰੰਧਾਵਾ ਨੇ ਕਿਹਾ ਕਿ ਪੁਲਸ ਦੀ ਹਾਜ਼ਰੀ ਵਿਚ ਸਿੰਘੂ ਬਾਰਡਰ ਵਿਖੇ ਭਾਜਪਾ ਸਮਰਥਕਾਂ ਵੱਲੋਂ ਕੀਤੀ ਹੁੱਲੜਬਾਜ਼ੀ ਨੇ ਜਮਹੂਰੀਅਤ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸਮੁੱਚੇ ਦੇਸ਼ ਵਿਚ ਉੱਠੀ ਆਵਾਜ਼ ਨੂੰ ਦਬਾਉਣ ਲਈ ਕੇਂਦਰ ਸਰਕਾਰ ਵੱਲੋਂ ਪਹਿਲਾਂ ਤਾਂ ਇਨ੍ਹਾਂ ਅੰਦੋਲਨਕਾਰੀ ਕਿਸਾਨਾਂ ਨੂੰ ਨਕਸਲੀ, ਅੱਤਵਾਦੀ, ਖ਼ਾਲਿਸਤਾਨੀਆਂ ਨਾਲ ਜੋੜ ਕੇ ਕੋਝੀਆਂ ਚਾਲਾਂ ਚੱਲੀਆਂ ਗਈਆਂ ਅਤੇ ਜਦੋਂ ਕੇਂਦਰ ਦੇ ਮਨਸੂਬੇ ਇਹ ਸਫ਼ਲ ਨਾ ਹੋਏ ਤਾਂ ਹੁਣ ਭਾਜਪਾ ਵੱਲੋਂ ਆਪਣੇ ਭਾੜੇ ਦੇ ਗੁੰਡਿਆਂ ਤੋਂ ਕਿਸਾਨਾਂ ਨੂੰ ਡਰਾਉਣ-ਧਮਕਾਉਣ ਦੀਆਂ ਨੀਵੇਂ ਪੱਧਰ ਦੀਆਂ ਘਿਨਾਉਣੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਸਿੰਘੂ ਸਰਹੱਦ ਤੋਂ ਵਾਪਸ ਪਰਤ ਰਹੇ ਪਟਿਆਲਾ ਦੇ ਕਿਸਾਨ ਦੀ ਹਾਦਸੇ ’ਚ ਮੌਤ

ਰੰਧਾਵਾ ਨੇ ਕਿਸਾਨਾਂ ਦੀ ਪਿੱਠ ਥਾਪੜਦਿਆਂ ਉਨ੍ਹਾਂ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਹੁਣ ਤੱਕ ਉਨ੍ਹਾਂ ਵ੍ੱਲੋਂ ਵਿਖਾਈ ਸ਼ਹਿਣਸੀਲਤਾ ਨੇ ਜਿੱਥੇ ਆਮ ਲੋਕਾਂ ਦਾ ਦਿਲ ਜਿੱਤਿਆ, ਉਥੇ ਹੀ ਬੀਤੀ ਰਾਤ ਤੋਂ ਗਾਜ਼ੀਪੁਰ ਅਤੇ ਸਿੰਘੂ ਬਾਰਡਰ ਵਿਖੇ ਕਿਸਾਨਾਂ ਵੱਲੋਂ ਆਪਣੀ ਸੂਝ-ਬੂਝ ਨਾਲ ਕੇਂਦਰ ਦੇ ਮਨਸੂਬਿਆਂ ਨੂੰ ਫੇਲ੍ਹ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੀ ਸਭ ਤੋਂ ਵੱਡੀ ਖ਼ਾਸੀਅਤ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸ਼ਾਂਤਮਈ ਅੰਦੋਲਨ ਹੈ ਪਰ ਕੇਂਦਰ ਸਰਕਾਰ ਨੂੰ ਇਹ ਰਾਸ ਨਹੀਂ ਆ ਰਿਹਾ ਹੈ, ਜਿਸ ਕਰਕੇ ਉਹ ਆਪਣੀਆਂ ਗੰਦੀਆਂ ਚਾਲਾਂ ਚੱਲਦੀ ਹੋਈ ਵਾਰ-ਵਾਰ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News