ਫਸਲੀ ਕਰਜ਼ਿਆਂ ਲਈ ਨਬਾਰਡ ਜਾਰੀ ਕਰੇਗਾ 4000 ਕਰੋੜ ਰੁਪਏ ਦੀ ਲਿਮਟ : ਰੰਧਾਵਾ
Friday, Jul 27, 2018 - 06:03 AM (IST)
ਚੰਡੀਗੜ੍ਹ(ਭੁੱਲਰ)-ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਮੁੰਬਈ ਵਿਖੇ ਨਾਬਾਰਡ ਦੇ ਚੇਅਰਮੈਨ ਡਾ. ਹਰਸ਼ ਕੁਮਾਰ ਬਾਨਵਾਲਾ ਨਾਲ ਅਹਿਮ ਮੀਟਿੰਗ ਕਰ ਕੇ ਫਸਲੀ ਕਰਜ਼ਿਆਂ ਦੀ ਲਿਮਟ ਤੁਰੰਤ ਜਾਰੀ ਕਰਵਾਉਣ, ਅਗਲੇ ਸੀਜ਼ਨ ਤੋਂ ਲਿਮਟ ਰਾਸ਼ੀ ਵਧਾਉਣ ਸਮੇਤ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਕਈ ਮੰਗਾਂ ਰੱਖੀਆਂ ਗਈਆਂ। ਨਾਬਾਰਡ ਦੇ ਚੇਅਰਮੈਨ ਵਲੋਂ ਪੰਜਾਬ ਰਾਜ ਸਹਿਕਾਰੀ ਬੈਂਕ ਨੂੰ ਕਿਸਾਨਾਂ ਨੂੰ ਫਸਲੀ ਕਰਜ਼ਾ ਮੁਹੱਈਆ ਕਰਵਾਉਣ ਹਿੱਤ 4000 ਕਰੋੜ ਰੁਪਏ ਦੀ ਲਿਮਟ ਮਨਜ਼ੂਰ ਕਰ ਕੇ ਜਲਦੀ ਜਾਰੀ ਕਰਨ ਅਤੇ ਨਵੰਬਰ-ਦਸੰਬਰ ਦੀ ਲਿਮਟ ਨੂੰ ਵਧਾਉਣ ਬਾਰੇ ਪੁਨਰ-ਵਿਚਾਰ ਕਰਨ ਦਾ ਭਰੋਸਾ ਦਿਵਾਇਆ ਗਿਆ। ਮੀਟਿੰਗ ਦੌਰਾਨ ਰੰਧਾਵਾ ਵਲੋਂ ਪੰਜਾਬ ਦੇ ਸਹਿਕਾਰੀ ਬੈਂਕਾਂ ਦੇ ਨਬਾਰਡ ਨਾਲ ਸਬੰਧਤ ਅਹਿਮ ਮੁੱਦੇ ਸਾਂਝੇ ਕੀਤੇ ਗਏ। ਇਨ੍ਹਾਂ ਮੁੱਦਿਆਂ ਵਿਚ ਮੁੱਖ ਤੌਰ 'ਤੇ ਸੂਬੇ ਦੇ ਸਹਿਕਾਰੀ ਬੈਂਕਾਂ ਨੂੰ ਨਬਾਰਡ ਵੱਲੋਂ ਖੇਤੀਬਾੜੀ ਕਰਜ਼ਿਆਂ ਲਈ ਦਿੱਤੀ ਜਾ ਰਹੀਂ ਰੀਫਾਈਨਾਂਸ ਦੀ ਲਿਮਟ ਤੁਰੰਤ ਜਾਰੀ ਕਰਨਾ ਸੀ। ਇਹ ਲਿਮਟ ਆਮ ਤੌਰ 'ਤੇ ਜੂਨ ਮਹੀਨੇ 'ਚ ਨਾਬਾਰਡ ਵੱਲੋਂ ਜਾਰੀ ਕੀਤੀ ਜਾਂਦੀ ਹੈ ਪਰ ਇਸ ਸਾਲ ਹੁਣ ਤੱਕ ਇਹ ਲਿਮਟ ਜਾਰੀ ਨਹੀਂ ਹੋਈ ਸੀ। ਸਹਿਕਾਰਤਾ ਮੰਤਰੀ ਵਲੋਂ ਮਿਲਕਫੈੱਡ ਪੰਜਾਬ ਨੂੰ ਡੀ. ਆਈ. ਡੀ. ਐੱਫ. ਫੰਡ ਵਿਚੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਲਈ ਰਾਜ ਸਰਕਾਰ ਦੀ ਗਾਰੰਟੀ ਵਾਲੀ ਸ਼ਰਤ ਨੂੰ ਹਟਾਉਣ ਬਾਰੇ ਵੀ ਮੰਗ ਕੀਤੀ ਗਈ ਜਿਸ 'ਤੇ ਚੇਅਰਮੈਨ ਵਲੋਂ ਗਾਰੰਟੀ ਹਟਾਉਣ ਦੀ ਸ਼ਰਤ ਬਾਰੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਦੌਰਾਨ ਪੰਜਾਬ ਵਲੋਂ ਇਹ ਵੀ ਮੰਗ ਰੱਖੀ ਗਈ ਕਿ ਭਾਰਤ ਸਰਕਾਰ ਵਲੋਂ ਜੋ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਕੰਪਿਊਟ੍ਰੀਕਰਨ ਲਈ ਬਜਟ ਰੱਖਿਆ ਗਿਆ ਹੈ, ਉਸ 'ਚ ਪੰਜਾਬ ਦੀਆਂ ਸਮੁੱਚੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਸ਼ਾਮਲ ਕੀਤਾ ਜਾਵੇ।
