ਅਕਾਲੀ ਦਲ ਵਲੋਂ ਸੁਖਜਿੰਦਰ ਰੰਧਾਵਾ ਦੀ ਬਰਖਾਸਤਗੀ ਦੀ ਮੰਗ

Wednesday, Dec 25, 2019 - 02:27 PM (IST)

ਅਕਾਲੀ ਦਲ ਵਲੋਂ ਸੁਖਜਿੰਦਰ ਰੰਧਾਵਾ ਦੀ ਬਰਖਾਸਤਗੀ ਦੀ ਮੰਗ

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਲਈ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਦੀ ਤੁਰੰਤ ਬਰਖਾਸਤਗੀ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਇਸ ਸਮੁੱਚੇ ਮਸਲੇ ਦੀ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਜਾਂ ਸੀ. ਬੀ. ਆਈ. ਕੋਲੋਂ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ, ਜਿਸ 'ਚ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਆ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਤਾਜ਼ਾ ਮੌਤ ਦੀ ਧਮਕੀ ਵੀ ਸ਼ਾਮਲ ਦੇਣਾ ਵੀ ਸ਼ਾਮਲ ਹੈ। ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀਆਂ ਡਾ. ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਤੱਥ ਦੇ ਬਾਵਜੂਦ ਕਿ ਅਕਾਲੀ ਦਲ ਦਾ ਸਮੁੱਚਾ ਵਿਧਾਇਕ ਦਲ ਸਾਬਕਾ ਅਕਾਲੀ ਮੰਤਰੀ ਨੂੰ ਮਿਲੀਆਂ ਧਮਕੀਆਂ ਦਾ ਮਾਮਲਾ ਡੀ. ਜੀ. ਪੀ. ਦੇ ਧਿਆਨ 'ਚ ਲਿਆ ਚੁੱਕਿਆ ਸੀ, ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਹੋਈ ਸੀ। ਚੀਮਾ ਨੇ ਕਿਹਾ ਕਿ ਹੁਣ ਜੱਗੂ ਭਗਵਾਨਪੁਰੀਆ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ 10 ਦਸੰਬਰ ਨੂੰ ਜੇਲ ਅੰਦਰੋਂ ਮਜੀਠੀਆ ਨੂੰ ਸਿੱਧੀ ਮੌਤ ਦੀ ਧਮਕੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਤਸਵੀਰ ਨਾਲ ਮੌਤ ਦੀ ਧਮਕੀ ਪੋਸਟ ਕੀਤੀ ਗਈ ਹੈ ਅਤੇ ਵੀਡੀਓ ਇਹ ਕਹਿੰਦਾ ਹੈ,''ਹਮਸੇ ਦੋਸਤੀ ਔਰ ਦੁਸ਼ਮਣੀ ਦੋਨੋਂ ਅੱਛੀ ਹੋਂਗੀ। ਦੋਸਤ ਕੇ ਲੀਏ ਦਿਲ ਮੇਂ ਜਗ੍ਹਾ ਹੈ ਤੋ ਦੁਸ਼ਮਣ ਕੇ ਲੀਏ ਸ਼ਮਸ਼ਾਨਘਾਟ ਮੇਂ।''

ਕੈਪਟਨ ਤੁਰੰਤ ਰੰਧਾਵਾ ਨੂੰ ਕਰੇ ਬਰਖਾਸਤ
ਅਕਾਲੀ ਆਗੂਆਂ ਨੇ ਕਿਹਾ ਕਿ ਭਾਵੇਂ ਕਿ ਉਹ ਤਾਜ਼ਾ ਮਿਲੀ ਧਮਕੀ ਬਾਰੇ ਦੁਬਾਰਾ ਡੀ. ਜੀ. ਪੀ. ਦੇ ਧਿਆਨ 'ਚ ਲਿਆਉਣਗੇ ਪਰ ਉਹ ਮਹਿਸੂਸ ਕਰਦੇ ਹਨ ਕਿ ਜਦ ਤਕ ਜੇਲ ਮੰਤਰੀ ਜੱਗੂ ਭਗਵਾਨਪੁਰੀਆ ਦੀ ਪੁਸ਼ਤਪਨਾਹੀ ਕਰ ਰਿਹਾ ਹੈ, ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਹੋਣੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਰੰਧਾਵਾ ਨੂੰ ਬਰਖਾਸਤ ਕਰਨਾ ਚਾਹੀਦਾ ਹੈ ਅਤੇ ਇਸ ਮੰਤਰੀ-ਗੈਂਗਸਟਰ ਗਠਜੋੜ ਦੀ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਜਾਂ ਸੀ. ਬੀ. ਆਈ. ਕੋਲੋਂ ਜਾਂਚ ਕਰਵਾਉਣ ਦਾ ਹੁਕਮ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸ਼ੁਰੂ ਕਰਵਾਈ ਮੌਜੂਦਾ ਜਾਂਚ ਸਿਰਫ ਇਕ ਦਿਖਾਵਾ ਹੈ, ਕਿਉਂਕਿ ਇਕ ਪਾਸੇ ਉਸ ਨੇ ਜਾਂਚ ਸ਼ੁਰੂ ਕਰਵਾਈ ਹੈ ਅਤੇ ਨਾਲ ਹੀ ਰੰਧਾਵਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

ਇਸ ਮਾਮਲੇ ਬਾਰੇ ਬਿਕਰਮ ਸਿੰਘ ਮਜੀਠੀਆ ਨੇ ਜੱਗੂ ਭਗਵਾਨਪੁਰੀਆ ਵੱਲੋਂ ਜੇਲ 'ਚੋਂ ਕੀਤੀ ਜਾ ਰਹੀ ਇਕ ਵੀਡੀਓ ਕਾਲ ਦਾ ਵੀ ਸਬੂਤ ਦਿੱਤਾ, ਜਿਸ 'ਚ ਉਹ ਮਨਿੰਦਰ ਸਿੰਘ ਨਾਂ ਦੇ ਵਿਅਕਤੀ ਖਿਲਾਫ ਦਰਜ ਅਪਰਾਧ ਦੇ ਇਕ ਕੇਸ 'ਚ ਇਕ ਗਵਾਹ ਨੂੰ ਧਮਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਿੰਦਰ ਵੀ ਜੇਲ ਮੰਤਰੀ ਦਾ ਇਕ ਕਰੀਬੀ ਹੈ ਅਤੇ ਉਨ੍ਹਾਂ ਮਨਿੰਦਰ ਦੀਆਂ ਜੇਲ ਮੰਤਰੀ ਨਾਲ ਵੱਖ-ਵੱਖ ਤਸਵੀਰਾਂ ਵੀ ਵਿਖਾਈਆਂ। ਇਸ ਮੌਕੇ ਇਕ ਕਾਂਗਰਸੀ ਕੌਂਸਲਰ ਨੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਜੱਗੂ ਭਗਵਾਨਪੁਰੀਆ ਅਤੇ ਉਸ ਦੇ ਸਾਥੀ ਉਨ੍ਹਾਂ ਖ਼ਿਲਾਫ ਦਰਜ ਕੇਸਾਂ 'ਚੋਂ ਬਰੀ ਹੋ ਰਹੇ ਹਨ, ਕਿਉਂਕਿ ਜਾਂ ਤਾਂ ਪੁਲਸ ਸਮੇਂ ਸਿਰ ਚਲਾਨ ਪੇਸ਼ ਨਹੀਂ ਕਰ ਰਹੀ ਹੈ ਜਾਂ ਮੌਤ ਦੀਆਂ ਧਮਕੀਆਂ ਤੋਂ ਡਰਦੇ ਗਵਾਹ ਗਵਾਹੀਆਂ ਦੇਣ ਤੋਂ ਮੁੱਕਰ ਰਹੇ ਹਨ।

ਇਕ ਮੋਟੀ ਸੋਨੇ ਦੀ ਚੇਨ ਪਾ ਕੇ ਜੇਲ 'ਚੋਂ ਵੀਡੀਓ ਕਾਲ ਕਰ ਰਹੇ ਜੱਗੂ ਨੂੰ ਵਿਖਾਉਂਦਿਆਂ ਮਜੀਠੀਆ ਨੇ ਕਿਹਾ ਕਿ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਦਾਅਵਿਆਂ ਦੇ ਉਲਟ ਗੈਂਗਸਟਰ ਜੇਲ ਅੰਦਰ ਇਕ ਫਾਈਵ ਸਟਾਰ ਜ਼ਿੰਦਗੀ ਜੀਅ ਰਿਹਾ ਹੈ ਜਦਕਿ ਅਕਾਲੀ ਦਲ ਵੱਲੋਂ ਡੀ. ਜੀ. ਪੀ. ਕੋਲ ਗੈਂਗਸਟਰ ਵੱਲੋਂ ਦਿੱਤੀਆਂ ਧਮਕੀਆਂ ਦੀ ਸ਼ਿਕਾਇਤ ਕਰਨ 'ਤੇ ਵਿਜੇ ਪ੍ਰਤਾਪ ਨੇ ਜੱਗੂ ਨੂੰ ਕਲੀਨ ਚਿੱਟ ਦਿੱਤੀ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਪਟਿਆਲਾ ਜੇਲ ਵਿਚ ਛਾਪੇ ਦੌਰਾਨ ਜੱਗੂ ਕੋਲੋਂ ਦੋ ਫੋਨ ਬਰਾਮਦ ਹੋਏ ਸਨ ਪਰ ਉਨ੍ਹਾਂ ਫੋਨਾਂ ਨੂੰ ਜੇਲ ਵਿਭਾਗ ਕੋਲ ਜਮ੍ਹਾ ਕਰਵਾਉਣ ਦੀ ਬਜਾਏ ਜੇਲ ਮੰਤਰੀ ਨੂੰ ਦੇ ਦਿੱਤਾ ਗਿਆ ਸੀ।

ਮਜੀਠੀਆ ਨੇ ਕਿਹਾ ਕਿ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਜੇਲ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਦਾ ਮੁੱਖ ਕੇਂਦਰ ਮਾਝਾ ਖੇਤਰ ਹੈ। ਉਨ੍ਹਾਂ ਗੁਰੀ ਫਤਿਹਗੜ੍ਹ ਚੂੜੀਆਂ ਵੱਲੋਂ ਪਾਈ ਇਕ ਫੇਸਬੁੱਕ ਪੋਸਟ ਵਿਖਾਈ, ਜਿਸ ਨੇ ਪਹਿਲਾਂ ਅਕਾਲੀ ਆਗੂ ਨੂੰ ਧਮਕੀਆਂ ਦਿੱਤੀਆਂ ਸਨ। ਤਾਜ਼ਾ ਪੋਸਟ ਵਿਚ ਕਾਂਗਰਸ ਸਰਕਾਰ ਨੂੰ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਜੇਲ ਵਿਚ ਤਬਦੀਲ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਬਾਕੀ ਸਾਰਿਆਂ ਨੂੰ ਸਰਕਾਰ ਵਿਰੁੱਧ ਕੁੱਝ ਵੀ ਨਾ ਲਿਖਣ ਦੀ ਅਪੀਲ ਕੀਤੀ ਹੈ। ਅਕਾਲੀ ਆਗੂ ਨੇ ਕਿਹਾ ਕਿ ਉਨ੍ਹਾਂ ਸਾਬਕਾ ਪਾਰਟੀ ਸਰਪੰਚ ਦਲਬੀਰ ਢਿੱਲਵਾਂ ਦੇ ਪਰਿਵਾਰ ਅਤੇ ਉਸ ਦੀ ਨਵੀਂ ਵਿਆਹੀ ਧੀ ਨਵਨੀਤ ਨਾਲ ਵਾਅਦਾ ਕੀਤਾ ਹੈ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲੜਨਗੇ ਅਤੇ ਕਿਸੇ ਵੀ ਤਰ੍ਹਾਂ ਦੀਆਂ ਧਮਕੀਆਂ ਤੋਂ ਨਹੀਂ ਡਰਨਗੇ।

ਮਜੀਠੀਆ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸੁਖਜਿੰਦਰ ਰੰਧਾਵਾ ਇਹ ਝੂਠਾ ਬਿਆਨ ਦੇ ਰਿਹਾ ਹੈ ਕਿ ਭਗਵਾਨਪੁਰੀਆ ਖਿਲਾਫ ਸਭ ਤੋਂ ਵੱਧ ਕੇਸ ਮਜੀਠਾ ਹਲਕੇ ਅੰਦਰ ਦਰਜ ਕੀਤੇ ਗਏ ਸਨ। ਉਨਾਂ ਕਿਹਾ ਕਿ ਇਹ ਨਿਰਾ ਝੂਠ ਹੈ ਅਤੇ ਨਾਲ ਹੀ ਵੇਰਵੇ ਦਿੱਤੇ ਕਿ ਮਜੀਠਾ ਹਲਕੇ ਅੰਦਰ ਭਗਵਾਨਪੁਰੀਆ ਖ਼ਿਲਾਫ ਸਿਰਫ ਪੰਜ ਕੇਸ ਦਰਜ ਕੀਤੇ ਗਏ ਹਨ ਨਾ ਕਿ 29 ਕੇਸ, ਜਿਸ ਦਾ ਰੰਧਾਵਾ ਵੱਲੋਂ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵਾਨਪੁਰੀਆ ਖ਼ਿਲਾਫ ਜ਼ਿਆਦਾਤਰ ਕੇਸ ਗੁਰਦਾਸਪੁਰ ਜ਼ਿਲੇ ਨਾਲ ਸੰਬੰਧਿਤ ਹਨ। ਇਸ ਮੌਕੇ ਕੰਵਰਜੀਤ ਸਿੰਘ ਬਰਕੰਦੀ, ਪਰਮਬੰਸ ਸਿੰਘ ਰੋਮਾਣਾ, ਚਰਨਜੀਤ ਸਿੰਘ ਬਰਾੜ ਅਤੇ ਸਰਬਜੋਤ ਸਿੰਘ ਸਾਬੀ ਵੀ ਹਾਜ਼ਰ ਸਨ।
 


author

Anuradha

Content Editor

Related News