ਜਨਰਲ ਡਾਇਰ ਨੂੰ ਡਿਨਰ ਕਰਵਾਉਣ ਵਾਲਾ ਮਜੀਠੀਆ ਪਰਿਵਾਰ ਮੰਗੇ ਮੁਆਫੀ : ਰੰਧਾਵਾ

Monday, Apr 15, 2019 - 01:55 PM (IST)

ਜਨਰਲ ਡਾਇਰ ਨੂੰ ਡਿਨਰ ਕਰਵਾਉਣ ਵਾਲਾ ਮਜੀਠੀਆ ਪਰਿਵਾਰ ਮੰਗੇ ਮੁਆਫੀ : ਰੰਧਾਵਾ

ਪਠਾਨਕੋਟ (ਸ਼ਾਰਦਾ) : ਸੂਬੇ ਦੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟ 'ਚ ਆਪਣੀ ਫੇਰੀ ਦੌਰਾਨ ਕੇਂਦਰੀ ਰਾਜ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਦੋਵੇਂ ਭੈਣ-ਭਰਾ ਦੇਸ਼ ਵਾਸੀਆਂ ਤੋਂ ਇਸ ਗੱਲ ਲਈ ਮੁਆਫ਼ੀ ਮੰਗਣ ਕਿ ਉਨ੍ਹਾਂ ਦੇ ਦਾਦਾ (ਦਿਆਲ ਸਿੰਘ ਮਜੀਠੀਆ) ਨੇ ਉਸੇ ਦਿਨ ਜਨਰਲ ਡਾਇਰ ਨੂੰ ਰਾਤ ਨੂੰ ਸੁਆਦੀ ਡਿਨਰ ਕਰਵਾਇਆ, ਜਿਸ ਦਿਨ ਸਵੇਰੇ ਡਾਇਰ ਨੇ ਬੇਰਹਿਮੀ ਨਾਲ ਜਲਿਆਂਵਾਲਾ ਬਾਗ 'ਚ ਸੈਂਕੜੇ ਲੋਕਾਂ ਨੂੰ ਉਦੋਂ ਤੱਕ ਗੋਲੀਆਂ ਮਾਰੀਆਂ ਜਦੋਂ ਤੱਕ ਉਸ ਦੀ ਟੁਕੜੀ ਕੋਲ ਸਮੁੱਚਾ ਅਸਲਾ ਖਤਮ ਨਹੀਂ ਹੋ ਗਿਆ। ਇਸ ਬਦਲੇ 'ਚ ਮਜੀਠੀਆ ਪਰਿਵਾਰ ਨੂੰ ਬੇਸ਼ਕੀਮਤੀ ਪ੍ਰਾਪਰਟੀ ਖੁਸ਼ ਹੋ ਕੇ ਦੇ ਦਿੱਤੀ। ਅਜਿਹੇ ਪਰਿਵਾਰ ਨਾਲ ਸਬੰਧਤ ਲੋਕਾਂ ਨੂੰ ਹੁਣ ਸ਼ੋਭਾ ਨਹੀਂ ਦਿੰਦਾ ਕਿ ਉਹ ਕਾਂਗਰਸ ਪਾਰਟੀ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾਏ, ਕਿਉਂਕਿ ਦੇਸ਼ਭਗਤੀ ਤੇ ਦੇਸ਼ ਲਈ ਕੁਰਬਾਨੀਆਂ ਦੇਣਾ ਤਾਂ ਕਾਂਗਰਸੀਆਂ ਦੇ ਡੀ. ਐੱਨ. ਏ. 'ਚ ਹੈ।

ਰੰਧਾਵਾ ਨੇ ਟਕੋਰ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਬੜੀ ਬੇਰਹਿਮੀ ਨਾਲ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕ੍ਰੈਡਿਟ ਪ੍ਰਕਾਸ਼ ਸਿੰਘ ਬਾਦਲ ਨੂੰ ਦੇਣ ਵਾਲੀ ਉਨ੍ਹਾਂ ਦੀ ਨੂੰਹ ਹਰਸਿਮਰਤ ਇਹ ਤਾਂ ਦੱਸੇ ਕਿ ਕੀ ਕਦੇ ਸਾਬਕਾ ਮੁੱਖ ਮੰਤਰੀ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਦਰਸ਼ਨ ਸਥਲ 'ਤੇ ਆ ਕੇ ਮੱਥਾ ਟੇਕਿਆ ਹੈ? ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਦੀ ਜਨਤਾ ਅਕਾਲੀਆਂ ਦੀ ਝੂਠੀ ਬਿਆਨਬਾਜ਼ੀ ਤੋਂ ਭਰਮੇਗੀ ਨਹੀਂ ਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਬਿਨਾਂ ਛੱਡੇਗੀ ਨਹੀਂ।


author

Anuradha

Content Editor

Related News