ਪਾਕਿਸਤਾਨ ਲਈ ਰੰਧਾਵਾ ਦੇ ਬੋਲ, 'ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ'

Wednesday, Feb 27, 2019 - 10:15 AM (IST)

ਪਾਕਿਸਤਾਨ ਲਈ ਰੰਧਾਵਾ ਦੇ ਬੋਲ, 'ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ'

ਡੇਰਾ ਬਾਬਾ ਨਾਨਕ : ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੇ ਦਿਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡਾਂ ਚੰਦੂ ਵਡਾਲਾ, ਰੋਸਾ ਤੇ ਦੋਸਤਪੁਰ ਦਾ ਦੌਰਾ ਕਰ ਕੇ ਪਿੰਡ ਵਾਸੀਆਂ ਨੂੰ ਸਹਿਮ ਮੁਕਤ ਰਹਿਣ ਦਾ ਸੱਦਾ ਦਿੱਤਾ। ਰੰਧਾਵਾ ਨੇ ਕਿਹਾ ਕਿ ਭਾਰਤ ਵਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਕੀਤੀ ਗਈ ਜਵਾਬੀ ਕਾਰਵਾਈ 2 ਸਾਲ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਕਿਉਂਕਿ 'ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ'। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਹੱਦੀ ਪਿੰਡਾਂ ਦੇ ਵਸਨੀਕਾਂ ਦੀ ਹਰ ਪੱਖੋਂ ਰੱਖਿਆ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਬਿਨਾਂ ਕਿਸੇ ਡਰ ਦੇ ਰਹਿਣ।

ਮੌਜੂਦਾ ਹਾਲਾਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਸਰਹੱਦੀ ਪਿੰਡਾਂ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡੇਗੀ। ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਹੱਦੀ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ ਅਤੇ ਕਰਤਾਰਪੁਰ ਜਾਕੇ ਹਿੰਦ-ਪਾਕਿ ਸਰਹੱਦ ਦਾ ਜਾਇਜ਼ਾ ਲੈਣਗੇ। ਰੰਧਾਵਾ ਨੇ ਕਿਹਾ ਕਿ ਭਾਰਤ ਦੀ ਜਵਾਬੀ ਕਾਰਵਾਈ ਕਰਨ 'ਤੇ ਉਨ੍ਹਾਂ ਨੂੰ ਖੁਸ਼ੀ ਹੈ ਪਰ ਅਜਿਹੀ ਕਾਰਵਾਈ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਤਾਂ ਜੋ ਸਾਡੇ ਜਵਾਨ ਸ਼ਹੀਦ ਨਾ ਹੁੰਦੇ। ਉੱਥੇ ਹੀ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਆਪਣੇ ਦੇਸ਼ ਅਤੇ ਆਪਣੀ ਫੌਜ ਨਾਲ ਉਹ ਹਮੇਸ਼ਾ ਖੜ੍ਹੇ ਹਨ। 


author

Babita

Content Editor

Related News