ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨਾਂ ਨਾਲ ਹੋ ਰਹੇ ਅੰਨਿਆਂ ਵਿਰੁੱਧ ਸੰਸਦ ''ਚ ਚੁੱਕੀ ਆਵਾਜ਼
Friday, Nov 29, 2024 - 05:39 PM (IST)
ਨਵੀਂ ਦਿੱਲੀ/ਗੁਰਦਾਸਪੁਰ : ਅੱਜ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਨੇ ਕਿਸਾਨੀ ਮੰਗਾਂ ਅਤੇ ਮਸਲਿਆਂ ਲਈ ਕਿਸਾਨਾਂ ਦੇ ਹੱਕ ਵਿਚ ਜ਼ੋਰਦਾਰ ਢੰਗ ਨਾਲ ਆਵਾਜ਼ ਚੁੱਕੀ। ਉਨ੍ਹਾਂ ਕਿਹਾ ਕਿ ਦਸੰਬਰ 2021 ਵਿਚ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਦੇ ਸਮੇਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਨਾ ਕਿਸਾਨਾਂ ਨੂੰ ਐੱਮ. ਐੱਸ. ਪੀ. ਦੇਣ ਦੀ ਗਾਰੰਟੀ ਪੂਰੀ ਕੀਤੀ ਗਈ ਤੇ ਨਾ ਹੀ ਕੇਂਦਰ ਸਰਕਾਰ ਲਖੀਮਪੁਰ ਖੀਰੀ ਕਾਂਡ ਦੇ ਪੀੜਤਾਂ ਨੂੰ ਕੋਈ ਨਿਆਂ ਦਿਵਾ ਸਕੀ ਹੈ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਂਸਦਾਂ ਵਲੋਂ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਦਿੰਜਰ ਸਿੰਘ ਰੰਧਾਵਾ, ਅਮਰ ਸਿੰਘ, ਡਾ. ਧਰਮਵੀਰ ਗਾਂਧੀ ਅਤੇ ਸ਼ੇਰ ਸਿੰਘ ਘੁਬਾਇਆ ਵੀ ਸ਼ਾਮਲ ਸਨ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਦੀਆਂ 12 ਦੇ ਕਰੀਬ ਰੱਖੀਆਂ ਗਈਆ ਜਾਇਜ਼ ਮੰਗਾਂ ਵਿਚੋਂ ਇਕ ਮੰਗ ਵੀ ਕੇਂਦਰ ਸਰਕਾਰ ਵੱਲੋਂ ਪੂਰੀ ਨਾ ਕਰਨਾ ਕਿਸਾਨਾਂ ਨਾਲ ਘੋਰ ਅੰਨਿਆ ਅਤੇ ਧੱਕਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਨਾਲ ਖੇਤਰੀ ਅਤੇ ਕੇਂਦਰ ਦੇ ਪੱਧਰ 'ਤੇ ਹੋ ਰਹੇ ਅੰਨਿਆਂ ਖ਼ਿਲਾਫ ਸੰਸਦ ਵਿਚ ਆਵਾਜ਼ ਬੁਲੰਦ ਕਰਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਤਾਕੀਦ ਕਰਨਗੇ। ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜਨ ਨੇ ਸਾਂਝੀ ਕੀਤੀ।