ਮਜੀਠੀਆ ਨੂੰ ਗੈਂਗਸਟਰਾਂ ਵਲੋਂ ਮਿਲੀ ਧਮਕੀ ''ਤੇ ਦੇਖੋ ਕੀ ਬੋਲੇ ਸੁਖਜਿੰਦਰ ਰੰਧਾਵਾ

12/28/2019 11:17:30 AM

ਫਿਰੋਜ਼ਪੁਰ (ਵੈੱਬ ਡੈਸਕ, ਸੰਨੀ ਚੋਪੜਾ) : ਸਾਬਕਾ ਮੰਤਰੀ ਅਤੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਗੈਂਗਸਟਰਾਂ ਵਲੋਂ ਦਿੱਤੀ ਗਈ ਧਮਕੀ 'ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੀ ਜਾਂਚ ਕਰਨ ਲਈ ਆਖਿਆ ਹੈ। ਕੈਬਨਿਟ ਮੰਤਰੀ ਦਾ ਆਖਣਾ ਹੈ ਕਿ ਉਨ੍ਹਾਂ ਨੇ ਡੀ. ਜੀ. ਪੀ. ਨੂੰ ਇਸ ਮਾਮਲੇ ਦੀ ਜਾਂਚ ਦਾ ਜ਼ਿੰਮਾ ਸਾਈਬਰ ਸੈੱਲ ਨੂੰ ਦੇਣ ਲਈ ਆਖਿਆ ਹੈ। ਉਨ੍ਹਾਂ ਮੁਤਾਬਕ ਸਾਈਬਰ ਸੈੱਲ ਵਲੋਂ ਇਸ ਮਾਮਲੇ ਦੀ ਪੂਰੀ ਇਨਕੁਆਰੀ ਕਰਨੀ ਚਾਹੀਦੀ ਹੈ। 
ਇਸ ਦੇ ਨਾਲ ਰੰਧਾਵਾ ਦਾ ਆਖਣਾ ਹੈ ਕਿ ਉਨ੍ਹਾਂ ਦਾ ਕੰਮ ਸਿਰਫ ਜੇਲ ਪ੍ਰਬੰਧ ਨੂੰ ਦੇਖਣਾ ਹੈ ਜੋ ਉਹ ਬਾਖੂਬੀ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਜੇਲਾਂ 'ਚ ਵੱਡੀਆਂ ਵਾਰਦਾਤਾਂ ਹੋਈਆਂ ਜਦਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਇਨ੍ਹਾਂ 'ਤੇ ਨਕੇਲ ਲੱਗੀ ਹੈ। ਰੰਧਾਵਾ ਨੇ ਕਿਹਾ ਕਿ ਜੇਲਾਂ ਵਿਚੋਂ ਮੋਬਾਈਲ ਫੋਨ ਜ਼ਰੂਰ ਮਿਲਦੇ ਹਨ ਪਰ ਉਨ੍ਹਾਂ ਵਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ। 

ਦੱਸਣਯੋਗ ਹੈ ਕਿ 'ਜੱਸ ਪੂਹਲਾ ਵਾਲਾ' ਨਾਮ ਦੀ ਫੇਸਬੁਕ ਆਈ. ਡੀ. 'ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਧਮਕੀ ਦਿੱਤੀ ਗਈ ਹੈ। ਅਕਾਲੀ ਆਗੂ ਨੂੰ ਧਮਕੀ ਦਿੰਦੇ ਹੋਏ ਲਿਖਿਆ ਗਿਆ ਹੈ ਕਿ 'ਬਿਕਰਮ ਮਜੀਠੀਆ ਤੂੰ ਸਾਡੇ ਵੀਰ ਜੱਗੂ ਨੂੰ ਗਲਤ ਬੋਲ ਕੇ ਪੰਗਾ ਲੈ ਲਿਆ ਹੈ। ਹੁਣ ਤੱਕ ਅਸੀਂ ਚੁੱਪ ਸੀ ਹੁਣ ਤੇਰਾ ਨੰਬਰ ਲੱਗੂ। ਉਧਰ ਮਜੀਠੀਆ ਨੇ ਗੈਂਗਸਟਰਾਂ ਵਲੋਂ ਮਿਲ ਰਹੀਆਂ ਧਮਕੀਆਂ ਅਤੇ ਆਪਣੀ ਜਾਨ ਨੂੰ ਖਤਰਾ ਹੋਣ ਦੀ ਸ਼ਿਕਾਇਤ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਵੀ ਕੀਤੀ ਹੈ। ਜਿਸ ਦੇ ਚੱਲਦੇ ਪੁਲਸ ਵਿਭਾਗ ਵਲੋਂ ਮਜੀਠੀਆ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।


Gurminder Singh

Content Editor

Related News