ਸੁਖਜਿੰਦਰ ਰੰਧਾਵਾ ਦੀ CM ਮਾਨ ਤੋਂ ਕੀਤੀ ਮੰਗ ਨੇ ਸਿਆਸੀ ਗਲਿਆਰਿਆਂ ’ਚ ਮਚਾਈ ਤੜਥੱਲੀ

05/26/2022 6:08:50 PM

ਜਲੰਧਰ (ਚੋਪੜਾ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਖ਼ਿਲਾਫ਼ ਕਮਿਸ਼ਨਖੋਰੀ ਦੀ ਸ਼ਿਕਾਇਤ ’ਤੇ ਵੱਡੀ ਕਾਰਵਾਈ ਕਰਦੇ ਹੋਏ ਡਾ. ਸਿੰਗਲਾ ਨੂੰ ਪੰਜਾਬ ਕੈਬਨਿਟ ਵਿਚੋਂ ਬਰਖ਼ਾਸਤ ਕਰਨ ਤੋਂ ਇਲਾਵਾ ਪੁਲਸ ਮਹਿਕਮੇ ਨੂੰ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਕਾਨੂੰਨ ਤਹਿਤ ਐੱਫ਼. ਆਈ. ਆਰ. ਦਰਜ ਕਰਨ ਦੇ ਦਿੱਤੇ ਹੁਕਮਾਂ ਨਾਲ ਸੂਬੇ ਦੀ ਸਿਆਸਤ ਪਹਿਲਾਂ ਹੀ ਗਰਮਾਈ ਹੋਈ ਹੈ। ਪਰ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਬੋਲਦਿਆਂ ਮੁੱਖ ਮੰਤਰੀ ਮਾਨ ਤੋਂ ਪੁਲਸ ਮਹਿਕਮੇ ਨੂੰ ਕੈਪਟਨ ਤੋਂ ਪੁੱਛਗਿੱਛ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਨੇ ਸਿਆਸੀ ਗਲਿਆਰਿਆਂ ਵਿਚ ਤੜਥੱਲੀ ਮਚਾ ਦਿੱਤੀ ਹੈ। ਰੰਧਾਵਾ ਨੇ ਮੁੱਖ ਮੰਤਰੀ ਮਾਨ ਨੂੰ ਕਿਹਾ ਹੈ ਕਿ ਪੁਲਸ ਮਹਿਕਮਾ ਕੈਪਟਨ ਅਮਰਿੰਦਰ ਦੇ ਕਾਰਜਕਾਲ ਦੌਰਾਨ ਨਾਜਾਇਜ਼ ਮਾਈਨਿੰਗ ਅਤੇ ਨਾਜਾਇਜ਼ ਗਤੀਵਿਧੀਆਂ ਵਿਚ ਸ਼ਾਮਲ ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਦੀ ਸੂਚੀ ਉਨ੍ਹਾਂ ਤੋਂ ਪ੍ਰਾਪਤ ਕਰਨ।

ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਅਹੁਦਾ ਛੱਡਦੇ ਹੋਏ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਕਈ ਮੰਤਰੀ ਅਤੇ ਵਿਧਾਇਕ ਨਾਜਾਇਜ਼ ਮਾਈਨਿੰਗ ਅਤੇ ਨਾਜਾਇਜ਼ ਕਾਰੋਬਾਰ ਵਿਚ ਸ਼ਾਮਲ ਰਹੇ ਹਨ। ਅਜਿਹੇ ਗੰਭੀਰ ਮਾਮਲੇ ਨੂੰ ਵੇਖਦਿਆਂ ਕੈਪਟਨ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਵਿਚ ਮੰਤਰੀਆਂ ਅਤੇ ਵਿਧਾਇਕਾਂ ਦੀ ਸ਼ਮੂਲੀਅਤ ਨੂੰ ਲੈ ਕੇ ਸਮੁੱਚੀ ਜਾਣਕਾਰੀ ਹੋਣ ਦੇ ਬਾਵਜੂਦ ਮੁਲਜ਼ਮਾਂ ਖ਼ਿਲਾਫ਼ ਕੋਈ ਠੋਸ ਕਦਮ ਨਾ ਚੁੱਕਣ ਕਾਰਨ ਕੈਪਟਨ ’ਤੇ ਵੀ ਕਾਨੂੰਨੀ ਕਾਰਵਾਈ ਦਾ ਸ਼ਿਕੰਜਾ ਕੱਸ ਸਕਦਾ ਹੈ। ਰੰਧਾਵਾ ਨੇ ਮੁੱਖ ਮੰਤਰੀ ਮਾਨ ਵੱਲੋਂ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਆਪਣੀ ਕੈਬਨਿਟ ਵਿਚੋਂ ਬਰਖ਼ਾਸਤ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਪੰਜਾਬ ਵਿਚ ਨਾਜਾਇਜ਼ ਮਾਈਨਿੰਗ ਵਿਚ ਸ਼ਾਮਲ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਦੁੱਖ ਹੈ। ਕੈਪਟਨ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇਰਾਦਾ ਅਜਿਹੇ ਸਿਆਸੀ ਆਗੂਆਂ ਦੀ ਸੂਚੀ ਨੂੰ ਜਨਤਕ ਕਰਨ ਦਾ ਸੀ, ਜਿਨ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਨਾਜਾਇਜ਼ ਮਾਈਨਿੰਗ ਮਾਮਲਿਆਂ ਵਿਚ ਸ਼ਾਮਲ ਹੋਣ ਨੂੰ ਲੈ ਕੇ ਨੌਕਰਸ਼ਾਹੀ ਅਤੇ ਸੂਬੇ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ: ਭਖ ਸਕਦੀ ਹੈ ਪੰਜਾਬ ਦੀ ਸਿਆਸਤ, ਅਕਾਲੀਆਂ ਵੇਲੇ ਹੋਏ ਕਰੋੜਾਂ ਦੇ ਸਿੰਚਾਈ ਘਪਲੇ ਦੀਆਂ ਵੀ ਖੁੱਲ੍ਹਣਗੀਆਂ ਫਾਈਲਾਂ

ਰੰਧਾਵਾ ਨੇ ਕਿਹਾ ਕਿ ਕੈਪਟਨ ਵੱਲੋਂ ਆਪਣੇ ਹੀ ਕਾਰਜਕਾਲ ਦੇ ਮੰਤਰੀਆਂ ’ਤੇ ਲਗਾਏ ਗੰਭੀਰ ਦੋਸ਼ਾਂ ਦੀ ਸੱਚਾਈ ਵੀ ਜਨਤਾ ਸਾਹਮਣੇ ਉਜਾਗਰ ਹੋਣੀ ਚਾਹੀਦੀ ਹੈ। ਆਖਿਰ ਕਿਹੜੇ-ਕਿਹੜੇ ਮੰਤਰੀ ਅਤੇ ਵਿਧਾਇਕ ਸਨ, ਜੋ ਭ੍ਰਿਸ਼ਟਾਚਾਰ ਅਤੇ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਨਾਲ ਜੁੜੇ ਰਹੇ ਹਨ ਜਾਂ ਮਾਫ਼ੀਆ ਨੂੰ ਆਪਣੀ ਸਰਪ੍ਰਸਤੀ ਦਿੰਦੇ ਆਏ ਹਨ। ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਭ੍ਰਿਸ਼ਟਾਚਾਰ ਤੋਂ ਇਲਾਵਾ ਡਰੱਗਜ਼ ਦੇ ਮੁੱਦੇ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੌਕਰਸ਼ਾਹਾਂ ਨੂੰ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ, ਜਿਨ੍ਹਾਂ ਨੇ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਬਿਜਲੀ ਖ਼ਰੀਦ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ ਅਤੇ ਬਾਅਦ ਦੀ ਕਾਂਗਰਸ ਸਰਕਾਰ ਵਿਚ ਮਹੱਤਵਪੂਰਨ ਅਹੁਦਿਆਂ ’ਤੇ ਬਣੇ ਰਹੇ।

ਆਖਿਰ ਕੈਪਟਨ ਅਮਰਿੰਦਰ ਨੇ ਕਾਰਵਾਈ ਨਾ ਕਰ ਸਕਣ ਨੂੰ ਲੈ ਕੇ ਕਿਉਂ ਗਲਤੀ ਮੰਨੀ ਸੀ?
ਕੈਪਟਨ ਅਮਰਿੰਦਰ ਦਾ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਕਹਿਣਾ ਸੀ ਕਿ ਪੰਜਾਬ ਵਿਚ ਰੇਤ ਮਾਫ਼ੀਆ ਕੰਮ ਕਰ ਰਿਹਾ ਹੈ। ਇਸ ਵਿਚ ਉਨ੍ਹਾਂ ਦੀ ਸਰਕਾਰ ਦੇ ਮੰਤਰੀਆਂ ਦਾ ਵੀ ਹਿੱਸਾ ਸੀ। ਕੈਪਟਨ ਅਮਰਿੰਦਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਜੋ ਰਿਪੋਰਟ ਮਿਲੀ ਸੀ, ਉਸ ਮੁਤਾਬਕ ਉਸ ਵਿਚ ਚੰਨੀ ਦਾ ਵੀ ਹਿੱਸਾ ਸੀ। ਉਸ ਦੌਰਾਨ ਇਕ ਇੰਟਰਵਿਊ ਵਿਚ ਕੈਪਟਨ ਨੇ ਦੱਸਿਆ ਸੀ ਕਿ ਮੇਰੇ ਕਾਰਜਕਾਲ ਵਿਚ ਵੀ ਨਾਜਾਇਜ਼ ਰੇਤ ਮਾਈਨਿੰਗ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਉਹ ਸਤਲੁਜ ਦੇ ਉਪਰੋਂ ਆਪਣੇ ਹੈਲੀਕਾਪਟਰ ਰਾਹੀਂ ਜਾ ਰਹੇ ਸਨ, ਹੇਠਾਂ ਰੇਤ ਮਾਈਨਿੰਗ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਮੈਂ ਜਾਂਚ ਕਰਵਾਈ ਅਤੇ ਮਾਈਨਿੰਗ ਕਰ ਰਹੇ ਲੋਕਾਂ ਨੂੰ ਸਲਾਖਾਂ ਪਿੱਛੇ ਕੀਤਾ ਸੀ।

ਇਹ ਵੀ ਪੜ੍ਹੋ: ਮਾਂ ਨੂੰ ਆਇਆ ਫੋਨ, ਦੋਸਤਾਂ ਨਾਲ ਦਿੱਲੀ ਜਾ ਰਿਹੈ , ਬਾਅਦ ’ਚ ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਉੱਡੇ ਹੋਸ਼

ਕੈਪਟਨ ਅਮਰਿੰਦਰ ਦਾ ਕਹਿਣਾ ਸੀ ਕਿ ਮੇਰੇ ਤੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਾਜਾਇਜ਼ ਮਾਈਨਿੰਗ ਬਾਰੇ ਜਾਣਕਾਰੀ ਲੈਂਦਿਆਂ ਪੁੱਛਿਆ ਸੀ ਕਿ ਤੁਸੀਂ ਇਸ ਨੂੰ ਰੋਕਣ ਲਈ ਕੀ ਕਰਨ ਵਾਲੇ ਹੋ। ਉਦੋਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਦੱਸ ਦਿਓ ਕੀ ਐਕਸ਼ਨ ਲੈਣਾ ਹੈ। ਕੈਪਟਨ ਅਮਰਿੰਦਰ ਦਾ ਕਹਿਣਾ ਸੀ ਕਿ ਸੋਨੀਆ ਗਾਂਧੀ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਰੇਤ ਮਾਈਨਿੰਗ ਵਿਚ ਕੌਣ-ਕੌਣ ਸ਼ਾਮਲ ਹਨ ਤਾਂ ਮੈਂ ਉਨ੍ਹਾਂ ਨੂੰ ਦੱਸਿਆ ਸੀ ਕਿ ਇਸ ਵਿਚ ਹੇਠਾਂ ਤੋਂ ਉੱਪਰ ਤੱਕ ਸਭ ਸ਼ਾਮਲ ਹਨ ਪਰ ਮੇਰੀ ਇਹ ਗਲਤੀ ਹੈ ਕਿ ਮੈਂ ਆਪਣੇ ਕਾਰਜਕਾਲ ਵਿਚ ਇਨ੍ਹਾਂ ’ਤੇ ਕਾਰਵਾਈ ਨਹੀਂ ਕੀਤੀ।

ਸੀ. ਐੱਮ. ਮਾਨ ਦੇ ਪੁੱਛਣ ’ਤੇ ਮੈਂ ਨਾਂ ਦੱਸਣ ਨੂੰ ਤਿਆਰ ਹਾਂ: ਕੈ. ਅਮਰਿੰਦਰ
ਚੰਡੀਗੜ੍ਹ, (ਹਰੀਸ਼ਚੰਦਰ)-ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਨੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਨੂੰ (ਕੈ. ਅਮਰਿੰਦਰ) ਪਿਛਲੀ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਂ ਪੁੱਛਣ ਦੇ ਸੁਝਾਅ ਦਾ ਸਵਾਗਤ ਕੀਤਾ। ਖ਼ਾਸ ਕਰਕੇ ਉਹ, ਜੋ ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਵਿਚ ਸ਼ਾਮਲ ਸਨ।
ਕੈਪਟਨ ਨੇ ਇਥੇ ਜਾਰੀ ਬਿਆਨ ਵਿਚ ਕਿਹਾ ਕਿ ਉਹ ਖ਼ੁਦ ਰੰਧਾਵਾ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਸਮੇਤ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਸਾਰੇ ਵਿਅਕਤੀਆਂ ਦੇ ਨਾਂ ਅਤੇ ਹੋਰ ਵੇਰਵੇ ਦਾ ਖ਼ੁਲਾਸਾ ਕਰਨ ਲਈ ਤਿਆਰ ਹਨ। ਕੈਪਟਨ ਨੇ ਕਿਹਾ ਕਿ ਉਹ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ’ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਫੌਰੀ ਕਾਰਵਾਈ ਦਾ ਸੁਆਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮੰਤਰੀ ਅਦਾਲਤ ਵਿਚ ਆਪਣਾ ਬਚਾਅ ਕਰ ਸਕਦੇ ਹਨ ਪਰ ਸ਼ਿਕਾਇਤ ਤੋਂ ਬਾਅਦ ਮਾਨ ਨੇ ਜੋ ਕੀਤਾ, ਉਹ ਇਕ ਸਖ਼ਤ ਸੰਦੇਸ਼ ਦੇਣ ਲਈ ਸਹੀ ਕੰਮ ਸੀ।

ਇਹ ਵੀ ਪੜ੍ਹੋ: ਸਾਊਦੀ ਅਰਬ ’ਚ ਫਸੇ ਨੌਜਵਾਨਾਂ ਦੀ ਵੀਡੀਓ ਵਾਇਰਲ, ਹੱਡਬੀਤੀ ਦੱਸ CM ਮਾਨ ਤੋਂ ਲਾਈ ਮਦਦ ਦੀ ਗੁਹਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News