ਸੁਖਦੇਵ ਢੀਂਡਸਾ ਨੇ ਆਪਣੇ ਸਿਆਸੀ ਸਫਰ ਦਾ ਰਸਤਾ ਆਪ ਚੁਣਿਆ : ਸੁਖਬੀਰ

12/21/2019 6:35:19 PM

ਪਟਿਆਲਾ (ਬਲਜਿੰਦਰ, ਪਰਮੀਤ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬਾਗੀ ਅਕਾਲੀ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸਿਆਸੀ ਕੈਰੀਅਰ ਦਾ ਰਸਤਾ ਆਪ ਚੁਣਿਆ ਹੈ। ਇਥੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਰਿਹਾਇਸ਼ 'ਤੇ ਗੱਲਬਾਤ ਕਰਦਿਆਂ ਸੁਖਬੀਰ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਉਨ੍ਹਾਂ ਦੇ ਪਿਤਾ ਸਮਾਨ ਹਨ ਤੇ ਉਹ ਉਨ੍ਹਾਂ ਦੇ ਫੈਸਲਿਆਂ ਬਾਰੇ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਦਾਅਵਾ ਕੀਤਾ ਕਿ ਪਰਮਿੰਦਰ ਸਿੰਘ ਢੀਂਡਸਾ ਨੇ ਖੁਦ ਫੋਨ ਕਰ ਕੇ ਉਨ੍ਹਾਂ ਤੋਂ ਮੁੰਬਈ ਜਾਣ ਦੀ ਪ੍ਰਵਾਨਗੀ ਲਈ ਸੀ ਅਤੇ ਉਹ ਇਸ ਬਾਰੇ ਦਾਅਵੇਦਾਰੀਆਂ ਵਿਚ ਨਹੀਂ ਪੈਣਾ ਚਾਹੁੰਦੇ।

ਉਨ੍ਹਾਂ ਦੁਹਰਾਇਆ ਕਿ ਅਕਾਲੀ ਦਲ ਵਿਚੋਂ ਭਾਵੇਂ ਸੁਖਬੀਰ ਬਾਦਲ ਸਮੇਤ ਕੋਈ ਵੀ ਚਲਾ ਜਾਵੇ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਲੋਕ ਅਕਾਲੀ ਦਲ ਦੇ ਨਾਲ ਹਨ ਅਤੇ ਅਗਲੀ ਵਾਰ ਸਰਕਾਰ ਅਕਾਲੀ ਦਲ ਦੀ ਹੀ ਬਣੇਗੀ। ਉਨ੍ਹਾਂ ਪਾਸੋਂ ਜਦੋਂ ਪੁੱਛਿਆ ਗਿਆ ਕਿ ਪਰਮਿੰਦਰ ਢੀਂਡਸਾ ਪਾਰਟੀ ਦੇ ਪਟਿਆਲਾ ਜ਼ਿਲੇ ਦੇ ਆਬਜ਼ਰਵਰ ਹਨ ਤਾਂ ਫਿਰ ਉਹ ਅਕਾਲੀ ਦਲ ਦੇ ਅੱਜ ਦੇ ਧਰਨੇ ਵਿਚ ਕਿਉਂ ਨਹੀਂ ਆਏ ਤਾਂ ਬਾਦਲ ਦਾ ਕਹਿਣਾ ਸੀ ਕਿ ਆਬਜ਼ਰਵਰ ਸਿਰਫ ਚੋਣਾਂ ਲਈ ਨਿਯੁਕਤ ਕੀਤੇ ਗਏ ਸਨ ਤੇ ਚੋਣ ਪ੍ਰਕਿਰਿਆ ਪੂਰੀ ਹੋਣ ਉਪਰੰਤ ਇਹ ਆਬਜ਼ਰਵਰ ਦਾ ਰੋਲ ਆਪਣੇ ਆਪ ਖਤਮ ਹੋ ਗਿਆ ਹੈ। ਹੁਣ ਆਉਣਾ ਜਾਂ ਨਾ ਆਉਣਾ ਉਨ੍ਹਾਂ ਦੀ ਮਰਜ਼ੀ ਹੈ।

ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਨਾਗਰਿਕਤਾ ਸੋਧ ਐਕਟ ਵਿਚ ਸੋਧ ਕਰਕੇ ਮੁਸਲਮਾਨਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਵੇ। ਬਾਦਲ ਨੇ ਕਿਹਾ ਕਿ ਅਸੀਂ ਸੰਸਦ ਵਿਚ ਵੀ ਇਹੀ ਮੰਗ ਕੀਤੀ ਸੀ ਕਿ ਗੁਰੂ ਸਾਹਿਬਾਨ ਦੇ ਸੰਦੇਸ਼ ਅਨੁਸਾਰ ਅਸੀਂ ਸਾਰੇ ਇਕ ਅਕਾਲ ਪੁਰਖ ਦੀ ਸੰਤਾਨ ਹਾਂ ਕਿਸੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਮੰਗ ਕਰਦੇ ਹਾਂ ਕਿ ਪਾਸ ਹੋਏ ਐਕਟ ਵਿਚ ਫਿਰ ਸੋਧ ਕੀਤੀ ਜਾਵੇ ਅਤੇ ਮੁਸਲਮਾਨਾਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਵੇ। ਸਵਾਲਾਂ ਦੇ ਜਵਾਬ ਦਿੰਦਿਆਂ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗੈਂਗਸਟਰਾਂ ਦੇ ਸਰਗਨੇ ਹਨ ਅਤੇ ਉਨ੍ਹਾਂ ਨੇ ਸਾਰੇ ਗੈਂਗਸਟਰਾਂ ਨੂੰ ਜੇਲਾਂ ਵਿਚ ਪੂਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਹਨ ਜਿਥੋਂ ਇਹ ਗੈਂਗਸਟਰ ਆਪਣੇ ਧੰਦੇ ਚਲਾਉਂਦੇ ਹਨ ਜਦਕਿ ਜੇਲ ਅਧਿਕਾਰੀ ਇਨ੍ਹਾਂ ਕੋਲ ਆਪਣੀ ਹਾਜ਼ਰੀ ਲਗਵਾਉਂਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ। ਕਾਂਗਰਸ ਦੇ ਵਿਧਾਇਕ ਹੀ ਅੱਜ ਐੱਸ. ਐੱਸ. ਪੀ. ਦਾ ਰੋਲ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਐੱਸ. ਐੱਸ. ਪੀ. ਪਟਿਆਲਾ ਨੂੰ ਸਪੱਸ਼ਟ ਚਿਤਾਵਨੀ ਦੇ ਰਹੇ ਹਨ ਕਿ ਉਹ ਪੂਰਾ ਨਿਆਂ ਕਰਨ ਅਤੇ ਨਜਾਇਜ਼ ਹੋਏ ਪਰਚੇ ਤੁਰੰਤ ਰੱਦ ਕੀਤੇ ਜਾਣ ਨਹੀਂ ਤਾਂ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਅਜਿਹੇ ਅਫਸਰਾਂ ਤੋਂ ਜਵਾਬ ਤਲਬੀ ਕੀਤੀ ਜਾਵੇਗੀ।


Gurminder Singh

Content Editor

Related News