ਬਿਜਲੀ ਬੋਰਡ ਦੇ ਬਕਾਏ ਨੂੰ ਲੈ ਕੇ ਸੁਖਬੀਰ ਬਾਦਲ ਦਾ ਨਵਾਂ ਖ਼ੁਲਾਸਾ, 'ਆਪ' 'ਤੇ ਲਾਏ ਵੱਡੇ ਇਲਜ਼ਾਮ
Wednesday, Feb 08, 2023 - 11:55 AM (IST)
ਜਲੰਧਰ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਹ ਝੂਠ ਬੋਲਣ ਕਿ ਉਸ ਨੇ ਪੀ. ਐੱਸ. ਪੀ. ਸੀ. ਐੱਲ. ਦਾ ਕੋਈ ਬਕਾਇਆ ਨਹੀਂ ਦੇਣਾ, ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਅਸਲੀਅਤ ਇਹ ਹੈ ਕਿ ਸੂਬੇ ਦੀ ਬਿਜਲੀ ਕੰਪਨੀ ਨੇ ਸਰਕਾਰੀ ਰਿਕਾਰਡ ਮੁਤਾਬਕ ਸਰਕਾਰ ਤੋਂ 7475 ਕਰੋੜ ਰੁਪਏ ਦਾ ਬਕਾਇਆ ਲੈਣਾ ਹੈ।
ਉਨ੍ਹਾਂ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਦਾ ਬਕਾਇਆ ਹੋਰ ਜ਼ਿਆਦਾ ਹੋ ਸਕਦਾ ਹੈ ਕਿਉਂਕਿ ‘ਆਪ’ ਸਰਕਾਰ ਵਿੱਤੀ ਅੰਕੜਿਆਂ ਦਾ ਹੇਰ-ਫੇਰ ਕਰਨ ਵਿਚ ਮਾਹਿਰ ਹੈ। ਉਨ੍ਹਾਂ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਦੀ ਵੈੱਬਸਾਈਟ ਮੁਤਾਬਕ ਬਿਜਲੀ ਕੰਪਨੀ ਨੇ ਸਰਕਾਰ ਤੋਂ ਸਬਸਿਡੀ ਦਾ 4870 ਕਰੋੜ ਰੁਪਏ ਬਕਾਇਆ ਲੈਣਾ ਹੈ, ਜਦਕਿ ਸਰਕਾਰੀ ਵਿਭਾਗਾਂ ਦੇ 2605 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦਾ ਬਕਾਇਆ ਲੈਣਾ ਹੈ। ਇਸ ਤੋਂ ਸਪੱਸ਼ਟ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਝੂਠ ਬੋਲ ਰਹੇ ਹਨ ਕਿ ਪੰਜਾਬ ਸਰਕਾਰ ਨੇ ਪੀ. ਐੱਸ. ਪੀ. ਸੀ. ਐੱਲ. ਦਾ ਕੋਈ ਬਕਾਇਆ ਨਹੀਂ ਦੇਣਾ। ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਾਲ 45000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਪਰ ਫਿਰ ਵੀ ਉਹ ਪੀ. ਐੱਸ. ਪੀ. ਸੀ. ਐੱਲ. ਦਾ ਬਕਾਇਆ ਦੇਣ ਵਿਚ ਨਾਕਾਮ ਰਹੀ ਹੈ। ਇਸ ਨੇ ਕੋਈ ਪੂੰਜੀਗਤ ਨਿਵੇਸ਼ ਵੀ ਨਹੀਂ ਕੀਤਾ ਅਤੇ ਇਕ ਵੀ ਵਿਕਾਸ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ। ਸਰਕਾਰ ਨੇ ਆਮ ਆਦਮੀ ਕਲੀਨਿਕ ਅਤੇ ਇਸ਼ਤਿਹਾਰਾਂ ’ਤੇ ਸੈਂਕੜੇ ਕਰੋੜ ਰੁਪਏ ਬਰਬਾਦ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਡਰੱਗ ਮਾਫ਼ੀਆ ਨੂੰ ਫੜਨ ਲਈ ਅਸਮਾਨ ਤੋਂ ਲੈ ਕੇ ਸਮੁੰਦਰ ਤੱਕ ਐਕਸ਼ਨ 'ਚ ਪੰਜਾਬ ਪੁਲਸ, ਇੰਝ ਕਰ ਰਹੀ ਕਾਰਵਾਈ
ਬਾਦਲ ਨੇ ਕਿਹਾ ਕਿ ਇਹ ਸਭ ਕੁਝ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਮੁੱਖ ਮੰਤਰੀ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੱਥ ਦੀ ਕਠਪੁਤਲੀ ਬਣੇ ਹੋਏ ਹਨ ਅਤੇ ਉਨ੍ਹਾਂ ਸਰਕਾਰ ਚਲਾਉਣ ਦਾ ਜ਼ਿੰਮਾ ਐੱਮ. ਪੀ. ਰਾਘਵ ਚੱਢਾ ਨੂੰ ਸੌਂਪ ਰੱਖਿਆ ਹੈ। ਇਹੀ ਕਾਰਨ ਹੈ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੇ ਪਸਾਰ ਦਾ ਹਾਲ ਦਿਨੋ-ਦਿਨ ਹੋਰ ਮਾੜਾ ਹੁੰਦਾ ਜਾ ਰਿਹਾ ਹੈ। ਆਦਮਪੁਰ ਸ਼ਹਿਰ ਦੇ ਦੌਰੇ ਮੌਕੇ ਬਾਦਲ ਨੇ ਜਲੰਧਰ-ਹੁਸ਼ਿਆਰਪੁਰ ਫਲਾਈਓਵਰ ਦਾ ਮੁਆਇਨਾ ਕੀਤਾ, ਜਿਸ ਦਾ ਕੰਮ 2017 ਤੋਂ ਬੰਦ ਪਿਆ ਹੈ। ਉਨ੍ਹਾਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਇਹ ਕੰਮ ਅਕਾਲੀ ਦਲ ਦੀ ਸਰਕਾਰ ਵੇਲੇ 2016 ਵਿਚ ਸ਼ੁਰੂ ਕੀਤਾ ਗਿਆ ਸੀ ਜੋ 2017 ਤੋਂ ਬੰਦ ਪਿਆ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦੁਆਇਆ ਕਿ ਉਹ ਇਹ ਮੁੱਦਾ ਚੁੱਕਣਗੇ ਅਤੇ ਇਹ ਪ੍ਰਾਜੈਕਟ ਜਲਦੀ ਮੁਕੰਮਲ ਕਰਨ ਵਾਸਤੇ ਸਰਕਾਰ ਨੂੰ ਮਜਬੂਰ ਕਰਨਗੇ। ਇਸ ਮੌਕੇ ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ, ਕੁਲਵੰਤ ਮੰਨਣ ਅਤੇ ਜਗਬੀਰ ਸਿੰਘ ਬਰਾੜ ਵੀ ਬਾਦਲ ਦੇ ਨਾਲ ਸਨ।
ਇਹ ਵੀ ਪੜ੍ਹੋ : ਨਹੀਂ ਰੀਸਾਂ ਸਿਹਤ ਵਿਭਾਗ ਦੀਆਂ, ਭ੍ਰਿਸ਼ਟਾਚਾਰ ਦੇ ਮੁਲਜ਼ਮ ਡਰੱਗ ਕੰਟਰੋਲ ਅਫ਼ਸਰ ਰਵੀ ਗੁਪਤਾ ਮੁੜ ਜਲੰਧਰ 'ਚ ਤਾਇਨਾਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।