ਜਿੱਤ ਤੋਂ ਬਾਅਦ ਪਹਿਲੀ ਵਾਰ ਹਲਕਾ ਜਲਾਲਾਬਾਦ ਪਹੁੰਚੇ ਸੁਖਬੀਰ ਬਾਦਲ, ਦਿੱਤਾ ਵੱਡਾ ਬਿਆਨ

03/14/2017 4:18:58 PM

ਜਲਾਲਾਬਾਦ (ਗੁਲਸ਼ਨ, ਸੇਤੀਆ)— ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਸੁਖਬੀਰ ਬਾਦਲ ਚੋਣ ਜਿੱਤਣ ਤੋਂ ਬਾਅਦ ਪਾਰਟੀ ਵਰਕਰਾਂ ਦਾ ਧੰਨਵਾਦ ਕਰਨ ਲਈ ਸ਼ਹਿਰ ਪੁੱਜੇ, ਜਿੱਥੇ ਉਨ੍ਹਾਂ ਨੇ ਸੇਠ ਖੁਸ਼ਹਾਲ ਚੰਦ ਵਲੇਚਾ ਕਮਿਊਨਿਟੀ ਹਾਲ ''ਚ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਹਰਦੀਪ ਸਿੰਘ ਡਿੰਪੀ ਢਿੱਲੋਂ ਗਿੱਦੜਬਾਹਾ, ਵਰਦੇਵ ਸਿੰਘ ਨੋਨੀ ਮਾਨ ਵੀ ਮੋਜੂਦ ਸਨ। ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ 8 ਸਾਲ ਪਹਿਲਾਂ ਜਦੋਂ ਉਹ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ ਸਨ ਤਾਂ ਇਸ ਇਲਾਕੇ ''ਚ ਸਮੱਸਿਆਵਾਂ ਦੀ ਭਰਮਾਰ ਸੀ। ਉੱਪ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਪੂਰੇ ਪੰਜਾਬ ''ਚ ਜਲਾਲਾਬਦ ਹਲਕੇ ਦਾ ਲਗਭਗ 11 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਸਰਵਪੱਖੀ ਵਿਕਾਸ ਕਰਵਾਇਆ। ਸਾਬਕਾ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਵਿਕਾਸ ਦੀਆਂ ਨੀਤੀਆਂ ਨੂੰ ਜਨਤਾ ਵਿਚਾਲੇ ਸਹੀ ਤਰੀਕੇ ਨਾਲ ਪਹੁੰਚਾ ਨਹੀਂ ਸਕਿਆ ਜੋ ਪਾਰਟੀ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਬਣੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਹਾਰ ਦੇ ਕਾਰਨਾਂ ਦਾ ਮੰਥਨ ਕਰੇਗੀ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ''ਚ ਪਾਰਟੀ 100 ਤੋਂ ਵੱਧ ਸੀਟਾਂ ਲੈ ਕੇ ਦੋਬਾਰਾ ਸੱਤਾ ''ਚ ਵਾਪਸੀ ਕਰੇਗੀ ਅਤੇ ਪੰਜਾਬ ਅੰਦਰ ਜੋ ਵਿਕਾਸ ਦੀਆਂ ਇਬਾਰਤਾਂ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਕਾਰਜਕਾਲ ਵਿਚ ਲਿਖੀਆਂ ਉਸਨੂੰ ਦੋਬਾਰਾ ਅੱਗੇ ਤੋਰਦੇ ਹੋਏ ਸੂਬੇ ਦਾ ਸਰਵਪੱਖੀ ਵਿਕਾਸ ਕਰਵਾਏਗੀ। ਉਨ੍ਹਾਂ ਅਕਾਲੀ ਵਰਕਰਾਂ ਨੂੰ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਉਹ ਵਰਕਰਾਂ ਨਾਲ ਚੱਟਾਨ ਵਾਂਗ ਖੜ੍ਹੇ ਰਹਿਣਗੇ ਅਤੇ ਜੇਕਰ ਕਿਸੇ ਵਰਕਰ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਖੁਦ ਆਪ ਅੱਗੇ ਹੋ ਕੇ ਵਰਕਰਾਂ ਲਈ ਲੜਾਈ ਲੜਣਗੇ।


Gurminder Singh

Content Editor

Related News