...ਜਦੋਂ ਸੁਖਬੀਰ ''ਤੇ ਲੱਗੇ ਕੈਮਰਾ ਚੋਰੀ ਕਰਨ ਦੇ ਦੋਸ਼
Tuesday, Nov 20, 2018 - 03:45 PM (IST)
![...ਜਦੋਂ ਸੁਖਬੀਰ ''ਤੇ ਲੱਗੇ ਕੈਮਰਾ ਚੋਰੀ ਕਰਨ ਦੇ ਦੋਸ਼](https://static.jagbani.com/multimedia/2018_11image_15_45_194290000badal.jpg)
ਚੰਡੀਗੜ੍ਹ/ਜਲੰਧਰ : ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਸਿੱਟ ਦੇ ਸਾਹਮਣੇ ਪੇਸ਼ ਹੋਏ ਸਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਐੱਸ. ਆਈ. ਟੀ. ਦੇ ਮੈਂਬਰ ਆਈ. ਜੀ. ਕ੍ਰਾਈਮ ਅਰੁਣਪਾਲ ਸਿੰਘ ਨੂੰ 10 ਸਾਲ ਪੁਰਾਣੇ ਮਾਮਲੇ ਦੀ ਯਾਦ ਦਿਵਾਈ। ਸੁਖਬੀਰ ਨੇ ਕਿਹਾ,''ਮੈਂ ਅਰੁਣਪਾਲ ਸਿੰਘ ਨੂੰ ਯਾਦ ਕਰਵਾਇਆ ਕਿ 10 ਸਾਲ ਪਹਿਲਾਂ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਅਤੇ ਉਹ ਐੱਸ. ਐੱਸ. ਪੀ. ਸਨ। ਉਦੋਂ ਤਤਕਾਲੀਨ ਮੁੱਖ ਮੰਤਰੀ ਨੇ ਐੱਸ. ਐੱਸ. ਪੀ. ਦੀ ਪ੍ਰਧਾਨਗੀ 'ਚ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਅਤੇ ਮੈਨੂੰ ਇਕ ਅਜਿਹੇ ਮਾਮਲੇ 'ਚ ਬੁਲਾਇਆ ਸੀ, ਜਿਸ 'ਚੋਂ ਮੈਂ ਬਾਅਦ 'ਚ ਬਰੀ ਹੋ ਗਿਆ। ਮੈਨੂੰ ਉਦੋਂ ਕੈਮਰਾ ਚੋਰੀ ਦੇ ਦੋਸ਼ 'ਚ ਥਾਣੇ ਅੰਦਰ ਜਾਂਚ ਲਈ ਬੁਲਾਇਆ ਗਿਆ ਸੀ। ਮੈਂ ਕੋਈ ਕੈਮਰਾ ਚੋਰੀ ਕਰਨਾ ਵਾਲਾ ਵਿਅਕਤੀ ਹਾਂ। ਸੁਖਬੀਰ ਨੇ ਅਰੁਣਪਾਲ ਸਿੰਘ ਨੂੰ ਕਿਹਾ ਹੁਣ ਦੁਬਾਰਾ ਐੱਸ. ਆਈ. ਟੀ. ਬਣਾਈ ਗਈ ਹੈ ਅਤੇ ਮੈਨੂੰ ਜਾਂਚ ਲਈ ਬੁਲਾਇਆ ਜਾ ਰਿਹਾ ਹੈ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਇਹ ਪੂਰੀ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ।''
4-5 ਸਵਾਲ ਪੁੱਛੇ, ਜਿਨ੍ਹਾਂ ਦਾ ਮਾਮਲੇ ਨਾਲ ਕੋਈ ਸਬੰਧ ਨਹੀਂ
ਸੁਖਬੀਰ ਨੇ ਕਿਹਾ ਕਿ ਉਨ੍ਹਾਂ ਨੂੰ ਐੱਸ. ਆਈ. ਟੀ. ਨੇ 4-5 ਸਵਾਲ ਕੀਤੇ, ਜਿਨ੍ਹਾਂ ਦਾ ਗੋਲੀਕਾਂਡ ਮਾਮਲੇ ਨਾਲ ਕੋਈ ਸਬੰਧ ਨਹੀਂ ਸੀ। ਮੈਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਡੀ. ਜੀ. ਪੀ. ਨੂੰ ਫੋਨ ਕੀਤਾ, ਤਾਂ ਮੈਂ ਕਿਹਾ, ਮੈਂ ਵਿਦੇਸ਼ ਦੌਰੇ 'ਤੇ ਸੀ। ਸਵਾਲ ਕੀਤਾ ਗਿਆ ਕਿ 12 ਤਰੀਕ ਨੂੰ ਬਹਿਬਲ ਕਲਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ, ਮੈਂ ਕਿਹਾ-ਮੈਂ ਇੱਥੇ ਸੀ ਹੀ ਨਹੀਂ। ਮੈਨੂੰ ਕਈ ਸਵਾਲ ਕੀਤੇ ਗਏ ਪਰ ਮੇਰਾ ਜਵਾਬ ਇਹੀ ਸੀ ਕਿ ਮੈਂ ਇੱਥੇ ਸੀ ਹੀ ਨਹੀਂ।