ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਤੱਤੀ ਵਾਅ ਨਹੀਂ ਲੱਗਣ ਦਿਆਂਗਾ : ਸੁਖਬੀਰ ਸਿੰਘ ਬਾਦਲ
Friday, Dec 08, 2017 - 05:06 PM (IST)
ਮੱਖੂ (ਵਾਹੀ) - ਨਗਰ ਪੰਚਾਇਤ ਮੱਖੂ ਅਤੇ ਮੱਲਾਂਵਾਲਾ ਚੋਣਾਂ 'ਚ ਕਾਂਗਰਸ਼ ਪਾਰਟੀ ਵੱਲੋਂ ਅਕਾਲੀ ਭਾਜਪਾ ਦੇ ਉਮੀਦਵਾਰਾਂ ਨਾਲ ਕੀਤੀ ਧੱਕੇਸ਼ਾਹੀ, ਅਕਾਲੀ ਦਲ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਅਵਤਾਰ ਸਿੰਘ ਜ਼ੀਰਾ, ਵਰਦੇਵ ਸਿੰਘ ਨੋਨੀ ਮਾਨ, ਜੋਗਿੰਦਰ ਸਿੰਘ ਜਿੰਦੂ ਸਮੇਤ ਅਕਾਲੀ ਦਲ ਦੇ ਇਕ ਦਰਜਨ ਦੇ ਕਰੀਬ ਆਗੂਆਂ ਤੇ ਵਿਧਾਇਕ ਜ਼ੀਰਾ ਦੀ ਮੌਜੂਦਗੀ 'ਚ ਅਤੇ ਕਾਂਗਰਸੀ ਵਰਕਰਾਂ ਵੱਲੋ ਕੀਤੇ ਹਮਲੇ ਅਤੇ ਉਲਟਾ ਅਕਾਲੀ ਦਲ ਦੇ ਆਗੂਆਂ 'ਤੇ ਹੀ ਮੁੱਕਦਮਾ ਦਰਜ ਕੀਤੇ ਜਾਣ ਦੇ ਖਿਲਾਫ ਇਨਸਾਫ ਲੈਣ ਲਈ ਅੱਜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬੰਗਾਲੀ ਵਾਲਾ ਪੁੱਲ ਮੱਖੂ ਵਿੱਖੇ ਲਗਾਇਆ ਧਰਨਾਂ ਦੂਜੇ ਦਿਨ ਵੀ ਬਦਸਤੂਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚੋਂ ਆਗੂ ਅਤੇ ਵਰਕਰ ਪੁਲਸ ਵੱਲੋਂ ਲਾਈਆਂ ਰੋਕਾਂ ਦੇ ਬਾਵਜੂਦ ਧਰਨੇ ਵਾਲੀ ਥਾਂ 'ਤੇ ਪਹੁੰਚ ਰਹੇ ਹਨ।
ਭਾਰੀ ਠੰਡ ਦੇ ਬਾਵਜੂਦ ਪਿਛਲੇ 24 ਘੰਟੇ ਤੋਂ ਸੁਖਬੀਰ ਬਾਦਲ ਧਰਨੇ ਵਾਲੀ ਥਾਂ ਤੋਂ ਨਹੀ ਹਿੱਲੇ
ਪਿਛਲੇ 24 ਘੰਟੇ ਤੋਂ ਜਾਰੀ ਧਰਨੇ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਲੋਕ ਸਭਾ ਰਣਜੀਤ ਸਿੰਘ ਬ੍ਰਹਮਪੁਰਾ, ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਹਰੀ ਸਿੰਘ ਜੀਰਾ, ਵੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਗੁਰਮੀਤ ਸਿੰਘ ਬੂਹ, ਮੋਂਟੂ ਵੋਹਰਾ ਅਤੇ ਅਨਕਾਂ ਹਲਕਿਆਂ ਦੇ ਇੰਚਾਰਜ ਭਾਰੀ ਠੰਡ ਦੇ ਬਾਵਜੂਦ ਸਾਰੀ ਰਾਤ ਅਤੇ ਖ਼ਬਰ ਲਿਖੇ ਜਾਣ ਤੱਕ ਅੱਜ ਦੁਪਹਿਰ ਢਾਈ ਵੱਜੇ ਤੱਕ ਧਰਨੇ ਵਿੱਚ ਮੌਜੂਦ ਸਨ ਅਤੇ ਪੰਜਾਬ ਭਰ ਵਿਚੋਂ ਅਕਾਲੀ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਆਉਣਾਂ ਜਾਰੀ ਸੀ।
ਇਲਾਕੇ ਦੇ ਲੋਕਾਂ ਨੇ ਧਰਨਾਕਾਰੀਆਂ ਲਈ ਲਾਏ ਲੰਗਰਾਂ ਦੇ ਖੁੱਲੇ ਗੱਫੇ
ਪਿਛਲੇ 24 ਘੰਟੇ ਤੋਂ ਜਾਰੀ ਧਰਨੇ 'ਚ ਇਲਾਕੇ ਦੇ ਲੋਕਾਂ ਨੇ ਧਰਨਾਂ ਦੇ ਰਹੇ ਅਕਾਲੀ ਆਗੂਆਂ ਅਤੇ ਵਰਕਰਾਂ ਲਈ ਲੰਗਰਾਂ ਦੇ ਮੂੰਹ ਖੋਲ ਦਿਤੇ ਅਤੇ ਪਿੰਡਾਂ 'ਚੋਂ ਤਿਆਰ ਕਰ ਕੇ ਚਾਹ ਦੁੱਧ ਅਤੇ ਲੰਗਰ ਭਾਰੀ ਗਿਣਤੀ 'ਚ ਧਰਨਾਂ ਸਥਾਨ ਤੇ ਪਹੁੰਚ ਰਿਹਾ ਹੈ।
ਸਫਰ ਕਰਨ ਵਾਲੀ ਲੋਕਾਂ ਲਈ ਧਰਨਾਂ ਬਣਿਆਂ ਭਾਰੀ ਪ੍ਰੇਸ਼ਾਨੀ ਦਾ ਕਾਰਨ
ਪਿਛਲੇ 24 ਘੰਟੇ ਤੋਂ ਵੱਧ ਸਮੇਂ ਤੋਂ ਲਗਾਏ ਧਰਨੇ ਕਾਰਨ ਮਾਝੇ ਅਤੇ ਮਾਲਵੇ ਦੇ ਟੁੱਟੇ ਸੰਪਰਕ ਤੋਂ ਇਲਾਵਾ ਹਿਮਾਚਲ ਅਤੇ ਜੰਮੂ ਕਸ਼ਮੀਰ 'ਚ ਭਾਰ ਢੋਹਣ ਵਾਲੇ ਭਾਰੀ ਵਾਹਣ ਮੱਖੂ ਤੋਂ ਲੈ ਕੇ ਜ਼ੀਰੇ ਤੱਕ ਸੜਕਾਂ 'ਤੇ ਖੜੇ ਹਨ ਅਤੇ ਮੁਸਾਫਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
