''ਕੋਰੋਨਾ'' ਦੇ ਵਿਗੜੇ ਹਾਲਾਤ ''ਤੇ ਸੁਖਬੀਰ ਨੇ ਕੈਪਟਨ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ, ਕਹੀਆਂ ਇਹ ਵੱਡੀਆਂ ਗੱਲਾਂ

05/25/2021 3:24:01 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਇੱਥੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਕੋਰੋਨਾ ਵੈਕਸੀਨ ਨੂੰ ਲੈ ਕੇ ਕੈਪਟਨ ਸਰਕਾਰ 'ਤੇ ਖੂਬ ਰਗੜੇ ਲਾਏ ਗਏ। ਸੁਖਬੀਰ ਬਾਦਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ ਦੀ ਜੰਗ 'ਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਅਤੇ ਫੇਲ੍ਹੀਅਰ ਦਾ ਵੱਡਾ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀਆਂ ਦੀ ਨੀਅਤ ਹੈ। ਉਨ੍ਹਾਂ ਨੇ ਕੈਪਟਨ 'ਤੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਆਪਣੀ ਜਾਨ ਬਚਾਉਣ ਲਈ ਲੱਗੇ ਰਹੇ, ਜਦੋਂ ਕਿ ਸੂਬੇ ਦੀ ਜਨਤਾ ਦੀਆਂ ਜਾਨਾਂ ਦੀ ਉਨ੍ਹਾਂ ਨੂੰ ਕੋਈ ਫ਼ਿਕਰ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਬਲੈਕ ਫੰਗਸ' ਦਾ ਕਹਿਰ, ਹੁਣ ਤੱਕ ਸਾਹਮਣੇ ਆ ਚੁੱਕੇ 111 ਕੇਸ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਕੀ ਨਿੱਜੀ ਸੰਸਥਾਵਾਂ ਨੇ ਇਸ ਔਖੀ ਘੜੀ ਦੌਰਾਨ ਕੋਰੋਨਾ ਦੀ ਜੰਗ ਲੜਨ 'ਚ ਮਦਦ ਕੀਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੋਰੋਨਾ ਤੋਂ ਉਦੋਂ ਹੀ ਜਿੱਤ ਹੋਵੇਗੀ, ਜਦੋਂ ਪੂਰੇ ਲੋਕਾਂ ਨੂੰ ਵੈਕਸੀਨ ਲੱਗ ਜਾਵੇਗੀ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ 'ਚ ਵੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਵੱਲ ਦੇਖ ਰਹੇ ਹਨ। ਉਨ੍ਹਾਂ ਨੇ ਕੈਪਟਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਗਲੇ 3-4 ਦਿਨਾਂ ਅੰਦਰ ਕੈਬਨਿਟ ਮੀਟਿੰਗ ਬੁਲਾਉਣ ਅਤੇ ਇਹ ਮਿਸ਼ਨ ਬਣਾਇਆ ਜਾਵੇ ਅਤੇ ਆਉਣ ਵਾਲੇ ਕੁੱਝ ਮਹੀਨਿਆਂ ਦੌਰਾਨ ਸੂਬੇ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਾ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਇਹ ਦੇਖ ਰਹੀ ਹੈ ਕਿ ਜਿੰਨੀ ਵੈਕਸੀਨ ਕੇਂਦਰ ਤੋਂ ਮੁਫ਼ਤ ਆ ਰਹੀ ਹੈ, ਉਹ ਹੀ ਲੋਕਾਂ ਨੂੰ ਲਾਈ ਜਾਵੇ ਅਤੇ ਆਪਣਾ ਪੈਸਾ ਨਾ ਖ਼ਰਚਿਆ ਜਾਵੇ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਵਿਧਾਇਕਾਂ ਨਾਲ ਗੱਲਬਾਤ ਕਰਨ ਲਈ ਬੈਠਕ ਸੱਦਣਗੇ ਕੈਪਟਨ, 2022 ਮਿਸ਼ਨ 'ਤੇ ਹੋਵੇਗੀ ਚਰਚਾ

ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਾਉਣ ਲਈ 1000 ਕਰੋੜ ਰੁਪਏ ਦਾ ਖ਼ਰਚਾ ਆਵੇਗਾ ਅਤੇ ਉਹ ਇਸ ਗੱਲ ਦਾ ਐਲਾਨ ਕਰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਕਾਰਕੁੰਨ ਵੈਕਸੀਨੇਸ਼ਨ ਡਰਾਈਵ 'ਚ ਵੱਧ-ਚੜ੍ਹ ਕੇ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਐਸ. ਜੀ. ਪੀ. ਸੀ. ਕੋਲ ਵੈਕਸੀਨ ਪਹੁੰਚ ਗਈ ਹੈ ਅਤੇ ਅਗਲੇ ਹਫ਼ਤੇ ਐਸ. ਜੀ. ਪੀ. ਸੀ. ਖ਼ੁਦ ਵੈਕਸੀਨੇਸ਼ਨ ਸ਼ੁਰੂ ਕਰੇਗੀ। ਸੁਖਬੀਰ ਨੇ ਕਿਹਾ ਕਿ ਜੇਕਰ ਐਸ. ਜੀ. ਪੀ. ਸੀ. ਇਹ ਕੰਮ ਕਰ ਸਕਦੀ ਹੈ ਤਾਂ ਫਿਰ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਸੂਬੇ ਦੇ 17 ਜ਼ਿਲ੍ਹਿਆਂ 'ਚ ਵੈਂਟੀਲੇਟਰ ਨਾ ਹੋਣ ਕਾਰਨ ਇੰਨੀਆਂ ਜ਼ਿਆਦਾ ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ : ਰਾਹਤ : ਚੰਡੀਗੜ੍ਹ 'ਚ 'ਕੋਰੋਨਾ' ਕਾਰਨ ਲੱਗੀਆਂ ਪਾਬੰਦੀਆਂ 'ਚ ਢਿੱਲ, ਨਾਈਟ ਕਰਫ਼ਿਊ ਰਹੇਗਾ ਜਾਰੀ

ਉਨ੍ਹਾਂ ਨੇ ਕੈਪਟਨ ਨੂੰ ਅਪੀਲ ਕੀਤੀ ਕਿ ਲਗਭਗ 2000 ਵੈਟੀਂਲੇਟਰਾਂ ਦਾ ਆਰਡਰ ਦਿੱਤਾ ਜਾਵੇ। ਸੁਖਬੀਰ ਬਾਦਲ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਬਿਜਲੀ ਬਿੱਲਾਂ ਸਮੇਤ ਸਾਰੇ ਟੈਕਸ ਸਰਕਾਰ ਵੱਲੋਂ ਮੁਆਫ਼ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੈਕਸੀਨ 'ਤੇ ਵੀ ਜੀ. ਐਸ. ਟੀ. ਲਾ ਰਹੀ ਹੈ ਅਤੇ ਕੀ ਕੇਂਦਰ ਸਰਕਾਰ ਹੁਣ ਵੈਕਸੀਨ ਤੋਂ ਵੀ ਪੈਸਾ ਕਮਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨ 'ਤੇ ਜੀ. ਐਸ. ਟੀ. ਹਟਾ ਦੇਣਾ ਚਾਹੀਦਾ ਹੈ। ਬਲੈਕ ਫੰਗਸ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਪੇਮੈਂਟ ਕਰਕੇ ਜਿੱਥੇ ਵੀ ਬਲੈਕ ਫੰਗਸ ਦੇ ਟੀਕੇ ਉਪਲੱਬਧ ਹਨ, ਉੱਥੋਂ ਟੀਕੇ ਤੁਰੰਤ ਮੰਗਵਾ ਕੇ ਲੋਕਾਂ ਦੀ ਜਾਨ ਬਚਾਉਣੀ ਚਾਹੀਦੀ ਹੈ। ਕਿਸਾਨੀ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਜ਼ਿੱਦ ਛੱਡਣ ਦੀ ਗੱਲ ਕਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


Babita

Content Editor

Related News