ਸੁੱਖੀ ਰੰਧਾਵਾ ਨੂੰ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਏ : ਸੁਖਬੀਰ
Thursday, Jan 02, 2020 - 03:14 PM (IST)
ਅੰਮ੍ਰਿਤਸਰ (ਛੀਨਾ) : ਨਵੇਂ ਸਾਲ ਦੀ ਆਮਦ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੇ ਧਰਮਪਤਨੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ 'ਚ ਅਰਦਾਸ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਭਾਵੇਂ ਸਿਆਸੀ ਗੱਲ ਨਾ ਕਰਨ ਦਾ ਹਵਾਲਾ ਦਿੰਦਿਆਂ ਪੱਤਰਕਾਰਾਂ ਦੇ ਸਵਾਲਾਂ ਨੂੰ ਟਾਲਦੇ ਰਹੇ ਪਰ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਸੁੱਖੀ ਰੰਧਾਵਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਿਰਾਦਰ ਕਰ ਕੇ ਬਹੁਤ ਮਾੜਾ ਕੀਤਾ ਹੈ, ਜਿਸ ਲਈ ਉਸ ਨੂੰ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਨਵੇਂ ਸਾਲ 'ਚ ਸਮੂਹ ਦੇਸ਼ਵਾਸੀਆਂ ਨੂੰ ਸਭ ਖੁਸ਼ੀਆਂ ਤੇ ਆਪਸੀ ਪਿਆਰ ਦੀ ਬਖਸ਼ਿਸ਼ ਕਰਨ, ਜੋ ਕਿ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਪੰਜਾਬ ਤੇ ਦੇਸ਼ ਦੀ ਤਰੱਕੀ ਲਈ ਇਕ-ਦੂਜੇ ਨਾਲ ਰਲ-ਮਿਲ ਕੇ ਕਦਮ ਨਾਲ ਕਦਮ ਮਿਲਾਉਂਦਿਆਂ ਖੁਸ਼ੀਆਂ ਭਰਿਆ ਜੀਵਨ ਬਸਰ ਕਰਨ।