ਡੇਰਾ ਸੱਚਾ ਸੌਦਾ ਕੋਲੋਂ ਸਮਰਥਨ ਨਹੀਂ ਲਵੇਗਾ ਅਕਾਲੀ ਦਲ :  ਸੁਖਬੀਰ

Sunday, Mar 17, 2019 - 10:32 AM (IST)

ਡੇਰਾ ਸੱਚਾ ਸੌਦਾ ਕੋਲੋਂ ਸਮਰਥਨ ਨਹੀਂ ਲਵੇਗਾ ਅਕਾਲੀ ਦਲ :  ਸੁਖਬੀਰ

ਜਲੰਧਰ (ਬੁਲੰਦ)— ਜਲੰਧਰ ਕੈਂਟ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਸਥਾਨਕ ਬਾਠ ਕੈਸਲ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੇਰਾ ਸੱਚਾ ਸੌਦਾ ਕੋਲੋਂ ਸਮਰਥਨ ਲੈਣ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਵੀ ਡੇਰੇ ਤੋਂ ਸਮਰਥਨ ਨਹੀਂ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬੇਅਦਬੀ ਮਾਮਲੇ 'ਚ ਭਾਵੇਂ ਡੇਰਾ ਸੱਚਾ ਸੌਦਾ ਹੋਵੇ ਜਾਂ ਕੋਈ ਹੋਰ, ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਹੱਲਾ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹੁਣ ਤੱਕ ਦੇ ਸਾਰੇ ਮੁੱਖ ਮੰਤਰੀਆਂ 'ਚੋਂ ਸਭ ਤੋਂ ਅਸਫਲ ਅਤੇ ਨਾਲਾਇਕ ਸਾਬਤ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਉਹ ਪਟਿਆਲਾ ਗਏ ਸਨ। ਉਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕੈਪਟਨ ਤਾਂ ਪਟਿਆਲਾ ਦੇ ਹੋ ਕੇ ਵੀ ਉਥੋਂ ਦੇ ਲੋਕਾਂ ਨੂੰ ਨਹੀਂ ਮਿਲਦੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਪੂਰੀ ਤਰ੍ਹਾਂ ਰੁਕਿਆ ਹੋਇਆ ਹੈ। ਸੈਂਕੜੇ ਵੱਡੇ ਵਿਕਾਸ ਕਾਰਜ ਅਧੂਰੇ ਹੀ ਰੁਕੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ 2 ਸਾਲ ਤੋਂ ਆਪਣੇ ਘਰ ਤੋਂ ਹੀ ਨਹੀਂ ਨਿਕਲੇ ਅਤੇ ਪੰਜਾਬ ਦਾ ਵਿਕਾਸ ਕੀ ਕਰਨਗੇ। ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ, ਨਸ਼ਾ ਪੰਜਾਬ 'ਚ ਬੰਦ ਨਹੀਂ ਹੋਇਆ, ਨੌਜਵਾਨਾਂ ਨੂੰ ਨੌਕਰੀ ਅਤੇ ਮੋਬਾਇਲ ਨਹੀਂ ਮਿਲੇ, ਜੋ ਕਿ ਵੱਡਾ ਧੋਖਾ ਹੈ। ਉਨ੍ਹਾਂ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕੇਂਦਰ 'ਚ ਰਹਿ ਕੇ ਸਿੱਖਾਂ ਲਈ ਬੇਹੱਦ ਚੰਗੇ ਕੰਮ ਕੀਤੇ ਹਨ। ਕਰਤਾਰਪੁਰ ਕੋਰੀਡੋਰ ਦਾ ਆਰੰਭ ਅਤੇ ਦਿੱਲੀ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ ਭੇਜਣ ਦਾ ਕੰਮ ਮੋਦੀ ਸਰਕਾਰ ਹੀ ਕਰਵਾ ਸਕੀ। ਕਾਂਗਰਸ ਤਾਂ ਸਿੱਖਾਂ ਨੂੰ ਤੇ ਪੰਜਾਬ ਨੂੰ ਬਰਬਾਦ ਹੀ ਕਰਦੀ ਰਹੀ।


ਸੁਖਬੀਰ ਨੇ ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਟਕਸਾਲੀ ਅਕਾਲੀ ਗਠਜੋੜ ਨਹੀਂ ਕਰ ਸਕੇ ਅਤੇ ਵੱਖ-ਵੱਖ ਚੋਣ ਮੈਦਾਨ 'ਚ ਉਤਰਨਗੇ। ਇਸ ਦੇ ਲਈ ਦੋਹਾਂ ਨੂੰ ਸ਼ੁਭਕਾਮਨਾਵਾਂ ਹਨ। ਉਨ੍ਹਾਂ ਨੇ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਤੋਂ ਮੈਦਾਨ 'ਚ ਉਤਾਰੇ ਜਾਣ ਨੂੰ ਡੇਰਾਵਾਦ ਨਾਲ ਨਾ ਜੋੜਨ ਦੀ ਗੱਲ ਕਹੀ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੂਰੀ ਤਰ੍ਹਾਂ ਪੰਥਕ ਹੈ ਅਤੇ ਅਕਾਲੀ ਤਖਤ ਸਾਹਿਬ ਦੇ ਹੁਕਮਾਂ 'ਤੇ ਹੀ ਚੱਲਦੀ ਹੈ। ਐੱਸ. ਆਈ. ਟੀ. ਦਾ ਵਿਰੋਧ ਕਰਨ ਦੇ ਮਾਮਲੇ 'ਚ ਸੁਖਬੀਰ ਨੇ ਕਿਹਾ ਕਿ ਐੱਸ. ਆਈ. ਟੀ. ਦਾ ਕੰਮ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰਨਾ ਹੈ ਪਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਐੱਸ. ਆਈ. ਟੀ. ਅਕਾਲੀ ਦਲ ਦੇ ਆਗੂਆਂ ਨੂੰ ਫਸਾਉਣ 'ਚ ਲੱਗੀ ਹੋਈ ਹੈ।


Related News