ਸੁਖਬੀਰ ਸਾਡੇ ਅਕਾਲੀ ਦਲ ’ਚ ਵਾਪਸ ਆਉਣ ਦੇ ਸੁਪਨੇ ਦੇਖਣੇ ਬੰਦ ਕਰੇ : ਢੀਂਡਸਾ
Wednesday, Sep 08, 2021 - 08:09 AM (IST)
ਚੰਡੀਗੜ੍ਹ(ਅਸ਼ਵਨੀ)- ਅਕਾਲੀ ਦਲ ਬਾਦਲ ਵਲੋਂ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਜਾਣ ਦੀਆਂ ਸਾਜਿਸ਼ ਦੇ ਤਹਿਤ ਉਡਾਈਆਂ ਜਾ ਰਹੀਆਂ ਅਫ਼ਵਾਹਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਜਥੇਦਾਰ ਬ੍ਰਹਮਪੁਰਾ ਅਤੇ ਢੀਂਡਸਾ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਸੁਖਬੀਰ ਬਾਦਲ ਨੂੰ ਵਰਜਦਿਆਂ ਕਿਹਾ ਕਿ ਸੁਖਬੀਰ ਸਿੰਘ ਸਾਡੇ ਅਕਾਲੀ ਦਲ ’ਚ ਵਾਪਸ ਮੁੜ ਆਉਣ ਦੇ ਸੁਪਨੇ ਦੇਖਣੇ ਬੰਦ ਕਰੇ। ਅਸੀਂ ਆਪਣੇ ਜਿਊਂਦੇ ਜੀ ਕਦੇ ਵੀ ਬਾਦਲਾਂ ਨਾਲ ਸਮਝੌਤਾ ਕਰਕੇ ਬਾਦਲ ਦਲ ਵਿਚ ਵਾਪਸ ਨਹੀਂ ਜਾਵਾਂਗੇ।
ਇਹ ਵੀ ਪੜ੍ਹੋ- ਮੋਦੀ ਦੇ ਇਸ਼ਾਰੇ ’ਤੇ DAP ਦੀ ਕਿੱਲਤ ਪੈਦਾ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਨੇ ਕੈਪਟਨ : ਸੰਧਵਾਂ
ਜਥੇਦਾਰ ਬ੍ਰਹਮਪੁਰਾ ਅਤੇ ਢੀਂਡਸਾ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੇ ਸਿਧਾਂਤਾਂ ’ਤੇ ਪਹਿਰਾ ਦਿੱਤਾ ਹੈ ਅਤੇ ਦਿੰਦੇ ਵੀ ਰਹਾਂਗੇ। ਅਸੀਂ ਆਪਣੇ ਆਖਰੀ ਦਮ ਤੱਕ ਬਾਦਲਾਂ ਨਾਲ ਕੋਈ ਸਮਝੌਤਾ ਨਹੀ ਕਰਾਂਗੇ। ਜੇਕਰ ਅਸੀਂ ਸਮਝੌਤਾ ਹੀ ਕਰਨਾ ਹੁੰਦਾ ਤਾਂ ਅਸੀਂ ਉਨ੍ਹਾਂ ਨੂੰ ਛੱਡ ਕੇ ਹੀ ਕਿਉਂ ਆਉਂਦੇ? ਦੋਵੇਂ ਪੰਥਕ ਆਗੂਆਂ ਨੇ ਕਿਹਾ ਕਿ ਆਪਣੇ ਥਾਂ-ਥਾਂ ’ਤੇ ਹੋ ਰਹੇ ਵਿਰੋਧ ਤੋਂ ਡਰਦਾ ਸੁਖਬੀਰ ਸਿੰਘ ਬਾਦਲ ਇਕ ਪਾਸੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸ ਰਿਹਾ ਹੈ ਅਤੇ ਦੂਜੇ ਪਾਸੇ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਧਮਕੀਆਂ ਵੀ ਦੇ ਰਿਹਾ ਹੈ।
ਇਹ ਵੀ ਪੜ੍ਹੋ- ਲੋਕਾਂ ਨੂੰ ਲੁੱਟ ਰਹੇ ਘਾਤਕ ਬਿਜਲੀ ਸਮਝੌਤੇ, ਸਰਕਾਰੀ ਖ਼ਜ਼ਾਨੇ ਨੂੰ ਹੋ ਰਿਹਾ ਨੁਕਸਾਨ : ਚੀਮਾ
ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ ਅਤੇ ਵਰਕਰਾਂ ਨੂੰ ਬਾਦਲ ਦਲ ਵਲੋਂ ਜਥੇਦਾਰ ਬ੍ਰਹਮਪੁਰਾ ਅਤੇ ਢੀਂਡਸਾ ਦੇ ਮੁੜ ਬਾਦਲ ਦਲ ਵਿਚ ਵਾਪਸ ਜਾਣ ਦੀਆਂ ਝੂਠੀਆਂ ਉਡਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਬਾਦਲਾਂ ਦਾ ਅਸਲ ਕਿਰਦਾਰ ਲੋਕਾਂ ਨੇ ਖਾਸ ਕਰਕੇ ਨੌਜਵਾਨਾਂ ਨੇ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ਸਾਹਮਣੇ ਰੱਖ ਦਿੱਤਾ ਹੈ। ਦੋਵੇਂ ਆਗੂਆਂ ਨੇ ਤਲਖ ਹੁੰਦੇ ਹੋਏ ਸੁਖਬੀਰ ਸਿੰਂਘ ਬਾਦਲ ਨੂੰ ਸਾਂਝੇ ਪਲੇਟਫਾਰਮ ’ਤੇ ਖੁੱਲ੍ਹੀ ਬਹਿਸ ਕਰਨ ਦੀ ਚਣੌਤੀ ਵੀ ਦਿੱਤੀ ਹੈ।