ਗੁੰਡਾ ਟੈਕਸ ਨੂੰ ਲੈ ਕੇ ਸੁਖਬੀਰ ਨੇ ਖੋਲ੍ਹਿਆ ਮਨਪ੍ਰੀਤ ਖਿਲਾਫ ਮੋਰਚਾ

Friday, Feb 09, 2018 - 04:39 AM (IST)

ਗੁੰਡਾ ਟੈਕਸ ਨੂੰ ਲੈ ਕੇ ਸੁਖਬੀਰ ਨੇ ਖੋਲ੍ਹਿਆ ਮਨਪ੍ਰੀਤ ਖਿਲਾਫ ਮੋਰਚਾ

ਜਲੰਧਰ, (ਬੁਲੰਦ)- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਜ਼ਨ ਤੇ ਸਿਆਸੀ ਵਿਰੋਧੀ ਮਨਪ੍ਰੀਤ ਬਾਦਲ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਬਠਿੰਡਾ ਰਿਫਾਈਨਰੀ ਨੂੰ ਲੈ ਕੇ ਇਹ ਮੋਰਚਾ ਖੋਲ੍ਹਿਆ ਗਿਆ। ਸੁਖਬੀਰ ਨੇ ਦੋਸ਼ ਲਾਏ ਕਿ ਬਠਿੰਡਾ ਰਿਫਾਈਨਰੀ ਤਕ ਵਸਤਾਂ ਦੀ ਟਰਾਂਸਪੋਰਟੇਸ਼ਨ ਨੂੰ ਲੈ ਕੇ ਮਨਪ੍ਰੀਤ ਬਾਦਲ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਟਰਾਂਸਪੋਰਟਰਾਂ ਤੋਂ ਗੁੰਡਾ ਟੈਕਸ ਵਸੂਲ ਰਹੇ ਹਨ। ਸ. ਸੁਖਬੀਰ ਨੇ ਇਸ ਨੂੰ ਜੇਜੋ ਟੈਕਸ ਦਾ ਨਾਂ ਦਿੱਤਾ ਹੈ। ਜੇਜੋ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਦਾ ਨਾਂ ਹੈ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਮਨਪ੍ਰੀਤ ਬਾਦਲ ਦਾ ਸਾਲਾ ਇਲਾਕੇ ਦੇ ਕਈ ਹੋਰ ਕਾਂਗਰਸੀ ਆਗੂਆਂ ਨਾਲ ਮਿਲ ਕੇ ਉਕਤ ਗੁੰਡਾ ਟੈਕਸ ਵਸੂਲ ਰਿਹਾ ਹੈ। ਉਨ੍ਹਾਂ ਦੋਸ਼ ਲਾਏ ਕਿ ਕਾਂਗਰਸੀ ਵਿਧਾਇਕ ਗੁਰਪ੍ਰੀਤ ਕਾਂਗੜ, ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ ਅਤੇ ਕੁਝ ਹੋਰ ਕਾਂਗਰਸੀ ਆਗੂ ਮਿਲ ਕੇ ਇਲਾਕੇ ਦੇ ਟਰਾਂਸਪੋਰਟਰਾਂ ਨੂੰ ਧਮਕਾ ਰਹੇ ਹਨ ਅਤੇ ਉਨ੍ਹਾਂ ਤੋਂ ਜਬਰੀ ਉਗਰਾਹੀ ਕੀਤੀ ਜਾ ਰਹੀ ਹੈ। ਸੁਖਬੀਰ ਨੇ ਕਿਹਾ ਕਿ ਇਸ ਕੰਮ ਵਿਚ ਵਿਰੋਧੀ ਮੂੰਹ ਬੰਦ ਰੱਖਣ। ਇਸ ਲਈ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਨੂੰ ਵੀ ਨਾਲ ਲਿਆ ਗਿਆ ਹੈ। ਸੁਖਬੀਰ ਨੇ ਕਿਹਾ ਕਿ ਇਕ ਤਾਂ ਵੈਸੇ ਹੀ ਸਾਲ ਵਿਚ ਪੰਜਾਬ ਸਰਕਾਰ ਨੇ ਪੰਜਾਬ ਦੇ ਕਾਰੋਬਾਰ ਨੂੰ ਖਤਮ ਕਰ ਦਿੱਤਾ ਹੈ ਅਤੇ ਨਾਲ ਹੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਕਿਸਾਨ ਕਰਜ਼ੇ ਦੀ ਮਾਰ ਝੱਲ ਰਿਹਾ ਹੈ। ਅਜਿਹੇ ਵਿਚ ਟਰਾਂਸਪੋਰਟਰਾਂ ਤੋਂ ਗੁੰਡਾ ਟੈਕਸ ਵਸੂਲਣਾ ਕਾਂਗਰਸ ਸਰਕਾਰ ਤੇ ਮਨਪ੍ਰੀਤ ਬਾਦਲ ਦੀਆਂ ਗਲਤ ਨੀਤੀਆਂ ਦਾ ਸਬੂਤ ਹੈ। ਦੂਜੇ ਪਾਸੇ ਮਾਮਲੇ ਬਾਰੇ ਮਨਪ੍ਰੀਤ ਬਾਦਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੁਖਬੀਰ ਦੇ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਸੁਖਬੀਰ ਕੋਲ ਕਾਂਗਰਸ ਦੇ ਵਿਰੋਧ ਵਿਚ ਕਹਿਣ ਲਈ ਕੁਝ ਨਹੀਂ ਹੈ। ਉਨ੍ਹਾਂ ਕਿਹਾ ਉਸ ਸਮੇਂ ਸੁਖਬੀਰ ਨੇ ਮੂੰਹ ਬੰਦ ਕਿਉਂ ਰੱਖਿਆ ਜਦੋਂ ਉਨ੍ਹਾਂ ਦੇ ਸਾਲੇ ਬਿਕਰਮ ਸਿੰਘ ਮਜੀਠੀਆ 'ਤੇ ਚਿੱਟਾ ਵੇਚਣ ਦੇ ਦੋਸ਼ ਲੱਗਦੇ ਰਹੇ ਸਨ, ਉਥੇ ਹੀ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਸੁਖਬੀਰ ਬਾਦਲ ਵਿਚ ਹਿੰਮਤ ਹੈ ਤਾਂ ਸਾਰੇ ਦੋਸ਼ਾਂ ਨੂੰ ਸਾਬਤ ਕਰਨ।
ਜੇਕਰ ਗੁੰਡਾ ਟੈਕਸ ਵਸੂਲਣ ਦੇ ਸਬੂਤ ਦੇਣ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਉਨ੍ਹਾਂ ਕਿਹਾ ਕਿ ਸੁਖਬੀਰ ਦਾ ਮਾਲਵਾ ਖੇਤਰ ਵਿਚ ਸਿਆਸੀ ਭਵਿੱਖ ਖਤਮ ਹੋ ਚੁੱਕਾ ਹੈ। ਉਥੇ ਹੀ ਇਸ ਮਾਮਲੇ ਬਾਰੇ ਹੋਰ ਆਗੂਆਂ ਨਾਲ ਸੰਪਰਕ ਨਹੀਂ ਹੋ ਸਕਿਆ।


Related News