ਸੁਖਬੀਰ ਨੇ ਦਿਗਵਿਜੇ ਤੇ ਮੁੱਖ ਮੰਤਰੀ ਨੂੰ ਸਿੱਖ ਸ਼ਰਧਾਲੂਆਂ ਨੂੰ ਬਦਨਾਮ ਕਰਨ ਲਈ ਸਖ਼ਤ ਝਾੜ ਪਾਈ
Monday, May 04, 2020 - 09:04 PM (IST)
ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਸਿੱਖਾਂ ਖਾਸ ਕਰਕੇ ਸ਼ਰਧਾਵਾਨ ਅਤੇ ਨਿਰਦੋਸ਼ ਸਿੱਖ ਸ਼ਰਧਾਲੂਆਂ ਨੂੰ ਕੋਰੋਨਾ ਵਾਇਰਸ ਫੈਲਾਉਣ ਦੇ ਦੋਸ਼ੀ ਠਹਿਰਾਉਣ ਦੀਆਂ ਕੋਸ਼ਿਸ਼ਾਂ ਲਈ ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਨੂੰ ਸਖ਼ਤ ਝਾੜ ਪਾਈ ਹੈ। ਸੁਖਬੀਰ ਨੇ ਕਿਹਾ ਕਿ ਕੋਰੋਨਾ ਵਾਇਰਸ ਇਕ ਗਲੋਬਲ ਬਿਮਾਰੀ ਹੈ ਅਤੇ ਦਿਗਵਿਜੈ ਦਾ ਬਿਆਨ ਸਿੱਖਾਂ ਨੂੰ ਕੋਰੋਨਾਵਾਇਰਸ ਫੈਲਾਉਣ ਵਾਲਿਆਂ ਵਜੋਂ ਪੂਰੀ ਦੁਨੀਆਂ ’ਚ ਬਦਨਾਮ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਦੀ ਪੁਰਾਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਹਿੱਸਾ ਹੈ, ਜਿਹੜੀ ਦੁਨੀਆਂ ’ਚ ਵਾਪਰਨ ਵਾਲੀ ਹਰ ਕੁਦਰਤੀ ਬਿਪਤਾ ਅਤੇ ਬੁਰਾਈ ਪਿੱਛੇ ਇਕ ਸਿੱਖ ਨੂੰ ਦੋਸ਼ੀ ਵਜੋਂ ਦੇਖਦੀ ਹੈ। ਉਨ੍ਹਾਂ ਕਿਹਾ ਕਿ ਇਸੇ ਮਾਨਸਿਕਤਾ ਨਾਲ ਕਾਂਗਰਸ ਨੇ ਇਕ ਵਾਰ ਸਿੱਖਾਂ ਨੂੰ ਅੱਤਵਾਦੀਆਂ ਵਜੋਂ ਪੇਸ਼ ਕਰਕੇ ਪੂਰੀ ਦੁਨੀਆਂ ਅੰਦਰ ਨਫ਼ਰਤ ਦੇ ਪਾਤਰ ਬਣਾਇਆ ਸੀ। ਹੁਣ ਜਿਵੇਂ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ ’ਚ ਦਹਿਸ਼ਤ ਫੈਲੀ ਹੈ ਤਾਂ ਕਾਂਗਰਸ ਨੇ ਇਕ ਵਾਰ ਫੇਰ ਸਿੱਖਾਂ ਨੂੰ ਪੂਰੀਆਂ ਸਾਹਮਣੇ ਸ਼ੱਕੀਆਂ ਦੀ ਸੂਚੀ ’ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਸੁਖਬੀਰ ਨੇ ਕਿਹਾ ਕਿ ਵੀਡੀਓ ਸੁਨੇਹਿਆਂ ਰਾਹੀਂ ਸ਼ਰਧਾਲੂਆਂ ਦੀਆਂ ਤਕਲੀਫਾਂ ਉੱਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਬਜਾਏ ਕੈ. ਅਮਰਿੰਦਰ ਸਿੰਘ ਨੂੰ ਸ਼ਰਧਾਲੂਆਂ ਵਿਰੁੱਧ ਦਿਗਵਿਜੇ ਅਤੇ ਕਈ ਪੰਜਾਬ ਦੇ ਮੰਤਰੀਆਂ ਵਲੋਂ ਬਿਆਨ ਜਾਰੀ ਕਰਕੇ ਪੂਰੀ ਸਿੱਖ ਕੌਮ ਦਾ ਅਕਸ ਖਰਾਬ ਕਰਨ ਲਈ ਪੰਜਾਬੀਆਂ ਅਤੇ ਖਾਸ ਕਰਕੇ ਖਾਲਸਾ ਪੰਥ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਸੁਖਬੀਰ ਨੇ ਕਿਹਾ ਕਿ ਨਾਂਦੇੜ ਤੋਂ ਸਿੱਖ ਸ਼ਰਧਾਲੂਆਂ ਦਾ ਸਬੰਧ ਪੰਜਾਬ 'ਚ ਕੋਰੋਨਾ ਵਾਇਰਸ ਦੇ ਫੈਲਾਅ ਨਾਲ ਜੋੜਣਾ ਸਿਰੇ ਦਾ ਪਾਗਲਪਣ ਹੋਵੇਗਾ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਵਾਇਰਸ ਇਕ ਗਲੋਬਲ ਬਿਮਾਰੀ ਹੈ ਅਤੇ ਇਹ ਵਾਇਰਸ ਸ਼ਰਧਾਲੂਆਂ ਦੀ ਪੰਜਾਬ ਵੱਲ ਵਾਪਸੀ ਸ਼ੁਰੂ ਕਰਨ ਤੋਂ ਵੀ ਇਕ ਮਹੀਨਾ ਸੂਬੇ ਅੰਦਰ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਿਆ ਸੀ। ਉਨ੍ਹਾਂ ਇਹ ਪ੍ਰਤੀਕਰਮ ਦਿਗਵਿਜੇ ਸਿੰਘ ਵਲੋਂ ਟਵਿੱਟਰ ’ਤੇ ਸਿੱਖ ਸ਼ਰਧਾਲੂਆਂ ਨੂੰ ਪੰਜਾਬ ’ਚ ਕੋਰੋਨਾ ਵਾਇਰਸ ਦੇ ਫੈਲਾਅ ਨਾਲ ਜੋੜਣ ਵਾਲੀਆਂ ਟਿੱਪਣੀਆਂ ਮਗਰੋਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਥੇ ਸਰਕਾਰ ਬਦਮਾਸ਼ ਹੈ ਜਦਕਿ ਸ਼ਰਧਾਲੂ ਇਸ ਦੀ ਬਦਮਾਸ਼ੀ ਦਾ ਸ਼ਿਕਾਰ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਸ ਦੀ ਸਰਕਾਰ ਅਤੇ ਪਾਰਟੀ ਪੰਜਾਬ ’ਚ ਕੋਰੋਨਾ ਵਾਇਰਸ ਦੇ ਫੈਲਾਅ ਲਈ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਬਦਨਾਮ ਕਰਨਾ ਬੰਦ ਕਰੇ।
ਸੁਖਬੀਰ ਨੇ ਉਨ੍ਹਾਂ ਦੀ ਪਾਰਟੀ ਵਲੋਂ ਸ਼ਰਧਾਲੂਆਂ ਨੂੰ ਨਾਂਦੇੜ ਸਾਹਿਬ ਤੋਂ ਵਾਪਸ ਲਿਆਉਣ ਲਈ ਕੀਤੇ ਯਤਨਾਂ ਨੂੰ ਸਹੀ ਠਹਿਰਾਇਆ। ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ ’ਤੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਦੀ ਮੰਗ ਕਰਨ ਦੇ ਫੈਸਲੇ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਉਨ੍ਹਾਂ ਕਿਹਾ ਕਿ ਸਿਰਫ ਸ਼ਰਧਾਲੂਆਂ ਨੂੰ ਹੀ ਨਹੀਂ, ਮੈਂ ਦੁਨੀਆਂ ਦੇ ਕਿਸੇ ਵੀ ਹਿੱਸੇ ’ਚ ਫਸੇ ਹਰ ਪੰਜਾਬੀ ਨੂੰ ਘਰ ਵਾਪਸ ਲਿਆਉਣਾ ਚਾਹੁੰਦਾ ਹਾਂ। ਪੂਰੀ ਦੁਨੀਆ ’ਚ ਇਹੀ ਕੁੱਝ ਹੋ ਰਿਹਾ ਹੈ। ਸਰਕਾਰ ਨੇ ਸਿਰਫ ਇੱਕ ਕੰਮ ਕਰਨਾ ਹੈ ਕਿ ਵਾਪਸ ਆ ਰਹੇ ਲੋਕਾਂ ਨੂੰ ਮੈਡੀਕਲ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਵਾਉਣੀ ਹੈ। ਅਕਾਲੀ ਦਲ ਅਤੇ ਐੱਸ. ਜੀ. ਪੀ. ਸੀ. ਕਿੰਨੀ ਵਾਰ ਇਹ ਐਲਾਨ ਕਰ ਚੁੱਕੇ ਹਨ ਕਿ ਉਹ ਸ਼ਰਧਾਲੂਆਂ ਅਤੇ ਹਰ ਇਕ ਪੰਜਾਬੀ ਦੀ ਇਸ ਸੰਕਟ ਦੀ ਘੜੀ ’ਚ ਉੁਨ੍ਹਾਂ ਨੂੰ ਏਕਾਂਤਵਾਸ ਦੀਆਂ ਸਹੂਲਤਾਂ ਪ੍ਰਦਾਨ ਕਰਨ ਸਮੇਤ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨਗੇ। ਪਰ ਸਾਡੀ ਬੇਨਤੀ ਨੂੰ ਸਵੀਕਾਰ ਕਰਨ ਦੀ ਬਜਾਏ ਸਰਕਾਰ ਇਨ੍ਹਾਂ ਸ਼ਰਧਾਲੂਆਂ ਅਤੇ ਬਾਕੀ ਪੰਜਾਬੀਆਂ ਨੂੰ ਗੰਦੀਆਂ ਇਮਾਰਤਾਂ ਅੰਦਰ ਏਕਾਂਤਵਾਸ ਵਿਚ ਪਾ ਕੇ ਉਨ੍ਹਾਂ ’ਤੇ ਅੱਤਿਆਚਾਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਵਾਪਸੀ ਯਾਤਰਾ ਦੌਰਾਨ ਜਾਂ ਇੱਥੇ ਪਹੁੰਚਣ ’ਤੇ ਵਾਇਰਸ ਦੀ ਲਾਗ ਲਾਉਣ ਦੀ ਸੰਬੰਧੀ ਰਚੀ ਇਕ ਸਾਜ਼ਿਸ਼ ਬਾਰੇ ਆਈਆਂ ਰਿਪੋਰਟਾਂ 'ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ, ਕਿਉਂਕਿ ਚੱਲਣ ਤੋਂ ਪਹਿਲਾਂ ਉਥੇ ਕੀਤੇ ਗਏ ਸਾਰੇ ਟੈਸਟ ਨੈਗੇਟਿਵ ਆਏ ਸਨ। ਉਨ੍ਹਾਂ ਨੇ ਸ਼ਰਧਾਲੂਆਂ ਦੀ ਵਾਪਸੀ ਦੌਰਾਨ ਨਿਯਮਾਂ ਦੀ ਪਾਲਣਾ ਸੰਬੰਧੀ ਮੁੱਖ ਮੰਤਰੀ ’ਤੇ ਸੁਆਲਾਂ ਦੀ ਬੁਛਾੜ ਕਰਦਿਆਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਸਰਕਾਰ ਨੇ ਸ਼ਰਧਾਲੂਆਂ ਨੂੰ ਘਰ ਭੇਜਣ ਤੋਂ ਪਹਿਲਾਂ ਉਨ੍ਹਾਂ ਦੇ ਟੈਸਟ ਨਾ ਕਰਕੇ ਜਾਂ ਉਨ੍ਹਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਆਉਣ ਤਕ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਥਾਵਾਂ ’ਤੇ ਏਕਾਂਤਵਾਸ ’ਚ ਨਾ ਪਾ ਕੇ ਆਪਣੇ ਨਿਯਮਾਂ ਦੀ ਖੁਦ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਸਾਂ 'ਚ ਸ਼ਰਧਾਲੂਆਂ ਨੂੰ ਬਿਠਾਉਂਦੇ ਸਮੇਂ ਸਮਾਜਿਕ ਦੂਰੀ ਸੰਬੰਧੀ ਸਰਕਾਰ ਦੇ ਆਪਣੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ? ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੂੰ ਲਿਆਉਣ ਲਈ ਸਿਰਫ ਇੰਨੀਆਂ ਘੱਟ ਬੱਸਾਂ ਕਿਉਂ ਭੇਜੀਆਂ ਗਈਆਂ ਜਦਕਿ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਇਕ ਬੱਸ ’ਚ ਸਿਰਫ 25 ਯਾਤਰੀਆਂ ਨੂੰ ਹੀ ਸਫ਼ਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਰਿਆਂ ਨੂੰ ਵਾਇਰਸ ਫੈਲਣ ਦੇ ਖਤਰੇ ਬਾਰੇ ਪਤਾ ਸੀ ਤਾਂ ਸ਼ਰਧਾਲੂਆਂ ਨੂੰ ਲਿਆਉਣ ਲਈ ਨਾਲ ਡਾਕਟਰ ਕਿਉਂ ਨਹੀਂ ਭੇਜੇ ਗਏ? ਉਨ੍ਹਾਂ ਕਿਹਾ ਕਿ ਸਰਕਾਰ ਨੇ ਡਾਕਟਰਾਂ ਦੀ ਬਜਾਏ ਪੁਲਸ ਕਰਮੀ ਭੇਜਣ ਨੂੰ ਕਿਉਂ ਪਹਿਲ ਦਿੱਤੀ? ਉਨ੍ਹਾਂ ਕਿਹਾ ਕਿ ਕੀ ਸ਼ਰਧਾਲੂਆਂ ਨੂੰ ਲਿਆਉਣ ਲਈ ਭੇਜੇ ਪੁਲਸ ਕਰਮੀਆਂ ਅਤੇ ਡਰਾਇਵਰਾਂ ਸਮੇਤ ਸਾਰੇ ਸਟਾਫ਼ ਦੇ ਕੋਰੋਨਾਵਾਇਰਸ ਸਬੰਧੀ ਟੈਸਟ ਨੈਗੇਟਿਵ ਆਏ ਸਨ? ਉਨ੍ਹਾਂ ਕਿਹਾ ਕਿ ਵਾਪਸ ਆਉਣ 'ਤੇ ਸ਼ਰਧਾਲੂਆਂ ਦੇ ਟੈਸਟ ਅਤੇ ਉਨ੍ਹਾਂ ਨੂੰ ਏਕਾਂਤਵਾਸ 'ਚ ਕਿਉਂ ਨਹੀਂ ਪਾਇਆ ਗਿਆ? ਉਨ੍ਹਾਂ ਕਿਹਾ ਕਿ ਇਹ ਸੁਆਲ ਤੁਰੰਤ ਜੁਆਬ ਮੰਗਦੇ ਹਨ। ਅਕਾਲੀ ਦਲ ਨੇ ਇਸ ਸਮੁੱਚੀ ਘਟਨਾ ਦੀ ਇਕ ਉੱਚ ਪੱਧਰੀ, ਸੁਤੰਤਰ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਸੁਖਬੀਰ ਨੇ ਕਿਹਾ ਕਿ ਇਹ ਮਾਮਲਾ ਕਾਫੀ ਸ਼ੱਕੀ ਅਤੇ ਰਹੱਸਮਈ ਜਾਪਦਾ ਹੈ।