ਅਕਾਲੀ ਦਲ ਸਰਕਾਰ ਉਦਯੋਗ ਵਾਸਤੇ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਪ੍ਰਦਾਨ ਕਰੇਗੀ: ਸੁਖਬੀਰ ਸਿੰਘ ਬਾਦਲ

Friday, Oct 30, 2026 - 08:49 PM (IST)

ਅਕਾਲੀ ਦਲ ਸਰਕਾਰ ਉਦਯੋਗ ਵਾਸਤੇ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਪ੍ਰਦਾਨ ਕਰੇਗੀ: ਸੁਖਬੀਰ ਸਿੰਘ ਬਾਦਲ

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਉਦਯੋਗਿਕ ਖੇਤਰ ਵਾਸਤੇ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਪ੍ਰਦਾਨ ਕਰੇਗੀ ਅਤੇ ਇਕ ਉਸਾਰੀ ਪੰਜਾਬ ਦੇ ਨਾਮ ’ਤੇ ਨਵਾਂ ਵਿਭਾਗ ਕਾਇਮ ਕਰੇਗੀ ਜੋ ਤਾਂ ਜੋ ਆਈ. ਟੀ. ਤੇ ਏ. ਆਈ. ਸਹੂਲਤਾਂ ਸਮੇਤ ਬਿਲਡਰਾਂ ਨੂੰ ਤੇਜ਼ ਰਫਤਾਰ ਕਲੀਅੰਰਸ ਦਿੱਤੀ ਜਾ ਸਕੇ।

ਅਕਾਲੀ ਦਲ ਦੇ ਪ੍ਰਧਾਨ ਜੋ ਅੱਜ ਵਪਾਰ ਤੇ ਉਦਯੋਗ ਵਿੰਗ ਦੇ ਪ੍ਰਧਾਨ ਐਨ ਕੇ ਸ਼ਰਮਾ ਸਮੇਤ ਇਥੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਮੀਟਿੰਗ ਕਰਨ ਪੁੱਜੇ ਸਨ, ਨੇ ਕਿਹਾ ਕਿ ਬਿਜਲੀ ਦੀਆਂ 10 ਤੋਂ 12 ਰੁਪਏ ਪ੍ਰਤੀ ਯੂਨਿਟ ਦੀਆਂ ਮਹਿੰਗੀਆਂ ਦਰਾਂ ਕਾਰਨ ਪੰਜਾਬ ਵਿਚ ਉਦਯੋਗਾਂ ਵਾਸਤੇ ਕੰਮ ਕਰਨਾ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਰਾਂ ਵਿਚ ਕਟੌਤੀ ਕਰਨ ਦੇ ਨਾਲ-ਨਾਲ ਅਗਲੀ ਅਕਾਲੀ ਦਲ ਦੀ ਸਰਕਾਰ ਉਦਯੋਗਪਤੀਆਂ ਨੂੰ ਆਪਣੇ ਸੋਲਰ ਪਲਾਟ ਲਗਾ ਕੇ ਬਿਜਲੀ ਦਰਾਂ ਵਿਚ ਕਮੀ ਲਿਆਉਣ ਦੀ ਸਹੂਲਤ ਦੇਵੇਗੀ ਜਿਸਦੀ ਬਦੌਲਤ ਬਿਜਲੀ ਦਰਾਂ ਘੱਟ ਕੇ 1.50 ਰੁਪਏ ਪ੍ਰਤੀ ਯੂਨਿਟ ਰਹਿ ਜਾਣਗੀਆਂ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਬਣਾਏ ਨਿਵੇਸ਼ ਪੰਜਾਬ ਵਿਭਾਗ ਰਾਹੀਂ ਨਵੇਂ ਨਿਵੇਸ਼ ਦੀਆਂ ਤਜਵੀਜ਼ਾਂ ਨੂੰ ਤਰਜੀਹ ਦੇ ਆਧਾਰ ’ਤੇ ਪਾਸ ਕੀਤਾ ਜਾਵੇਗਾ ਅਤੇ ਅਗਲੀ ਅਕਾਲੀ ਦਲ ਦੀ ਸਰਕਾਰ ਵੇਲੇ ਇਕ ਉਸਾਰੀ ਪੰਜਾਬ ਵਿਭਾਗ ਦੀ ਸਿਰਜਣਾ ਕੀਤੀ ਜਾਵੇਗੀ।ਇਹ ਵਿਭਾਗ ਸਾਰੇ ਬਿਲਡਰਾਂ ਨੂੰ ਇਕ ਮਹੀਨੇ ਦੇ ਅੰਦਰ ਅੰਦਰ ਸਾਰੀਆਂ ਪ੍ਰਵਾਨਗੀਆਂ ਲੈ ਕੇ ਦੇਣ ਵਾਸਤੇ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੀ ਐਲ ਯੂ ਚਾਰਜਿਜ਼ ਵਿਚ ਕਟੌਤੀ ਕੀਤੀ ਜਾਵੇਗੀ ਅਤੇ ਸੀ ਐਲ ਯੂ ਦੇਣ ਦੀ ਸਾਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਰੀਆਂ ਨਜਾਇਜ਼ ਕਲੌਨੀਆਂ ਵਾਸਤੇ ਇਕਮੁਸ਼ਤ ਸੈਟਲਮੈਂਟ ਸਕੀਮ ਲਾਗੂ ਕੀਤੀ ਜਾਵੇਗੀ।

ਹਰਪ੍ਰੀਤ ਸਿੰਘ ਜਿਸਨੇ ਇਸ ਸ਼ਹਿਰ ਵਿਚ ਬੀ ਪੀ ਓ ਸਥਾਪਿਤ ਕੀਤਾ ਹੈ, ਦੇ ਸਵਾਲ ਦਾ ਜਵਾਬ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਇਕ ਆਈ ਟੀ ਨੀਤੀ ਲਿਆਵਾਂਗੇ ਜਿਸ ਤਹਿਤ ਸੂਬੇ ਵਿਚ ਡਾਟਾ ਸੈਂਟਰ ਸਥਾਪਿਤ ਕਰਨ ਤੇ ਏ ਆਈ ਨੂੰ ਉਤਸ਼ਾਹਿਤ ਕਰਨ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਡਾ ਜ਼ੋਰ ਹੋਵੇਗਾ ਕਿ ਅੰਮ੍ਰਿਤਸਰ ਤੇ ਮੁਹਾਲੀ ਨੁੰ ਆਈ ਟੀ ਹਬ ਵਜੋਂ ਵਿਕਸਤ ਕੀਤਾ ਜਾਵੇ।

ਡੇਅਰੀ ਐਸੋਸੀਏਸ਼ਨ ਦੇ ਕ੍ਰਿਪਾਲ ਸਿੰਘ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਤੇਜਿੰਦਰ ਸਿੰਘ ਤੇਜੀ, ਬਿਲਡਰਜ਼ ਐਸੋਸੀਏਸ਼ਨ ਦੇ ਜੋਗੇਸ਼ਵਰ ਸਿੰਘ ਮੋਨੂੰ, ਆੜ੍ਹਤੀਆ ਐਸੋਸੀਏਸ਼ਨ ਦੇ ਪਵਨ ਘਈ, ਟਰਾਂਸਪੋਰਟ ਐਸੋਸੀਏਸ਼ਨ ਦੇ ਕੁਲਦੀਪ ਸਿੰਘ ਰੱਤਾ, ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਮਨਜੀਤ ਸਿੰਘ ਸ਼ਾਹੀ, ਵਪਾਰ ਮੰਡਲ ਦੇ ਪਰਮਜੀਤ ਸਿੰਘ ਚੀਮਾ ਅਤੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਤੇ ਹੋਰਨਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਦੀਆਂ ਮੁ਼ਸ਼ਕਿਲਾਂ ਦੂਰ ਕਰਨ ਦਾ ਭਰੋਸਾ ਦੁਆਇਆ।

ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਦੁਧਾਰੂ ਪਸ਼ੂਆਂ ਦੀ ਖਰੀਦ ’ਤੇ 75 ਫੀਸਦੀ ਸਬਸਿਡੀ ਦੇਵੇਗੀ ਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਦੁੱਧ ਵਿਚ ਮਿਲਾਵਟਖੋਰੀ ਕਰਨਗੇ ਉਨ੍ਹਾਂ ਖਿਲਾਫ ਧਾਰਾ 307 ਤਹਿਤ ਪਰਚੇ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਨੂੰ ਪੰਜਾਬ ਦੇ ਨਾਗਰਿਕਾਂ ’ਤੇ ਵਿਸ਼ਵਾਸ ਹੈ ਅਤੇ ਇਹ ਸਵੈ ਘੋਸ਼ਣਾ ਪੱਤਰ ਲਾਗੂ ਕਰ ਕੇ ਸਾਰੀ ਦਸਤਾਵੇਜ਼ੀ ਕੰਮਾਂ ਨੂੰ ਖ਼ਤਮ ਕਰੇਗਾ ਅਤੇ ਯਕੀਨੀ ਬਣਾਏਗਾ ਕਿ ਸਰਕਾਰੀ ਕੰਮਕਾਜ ਵਿਚ ਕਿਸੇ ਵੀ ਨਾਗਰਿਕ ਨੂੰ ਸਰਕਾਰੀ ਪ੍ਰਵਾਨਗੀਆਂ ਆਨਲਾਈਨ ਮਿਲ ਜਾਣ।

ਉਨ੍ਹਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਅਨਾਜ ’ਤੇ ਆੜ੍ਹਤੀਆਂ ਦੀ ਕਮਿਸ਼ਨ 2.5 ਫੀਸਦੀ ਕਰਨ ਦੀ ਮੰਗ ਪੂਰੀ ਕਰਵਾਉਣ ਵਾਸਤੇ ਕੰਮ ਕਰੇਗੀ ਅਤੇ ਚਾਰ ਸਾਲਾਂ ਤੱਕ ਟੈਕਸ ਦੀ ਅਦਾਇਗੀ ਦੇ ਛੋਟੇ ਵਪਾਰੀਆਂ ਦੇ ਮਸਲੇ ਵੀ ਹੱਲ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਮੈਡੀਕਲ ਸਟੋਰਾਂ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ ਤੇ ਪੰਜਾਬ ਵਿਚ ਆਨਲਲਾਈਨ ਆਦਤ ਬਣਾਉਣ ਵਾਲੀਆਂ ਦਵਾਈਆਂ ਦੀ ਵਿਕਰੀ ਦੇ ਮਸਲੇ ਨੂੰ ਵੀ ਹੱਲ ਕੀਤਾ ਜਾਵੇਗਾ।

ਬਾਦਲ ਨੇ ਸਮਾਣਾ ਤੇ ਸ਼ੁਤਰਾਣਾ ਵਿਖੇ ਵੀ ਵਪਾਰੀਆਂ ਤੇ ਉਦਯੋਗ ਜਗਤ ਦੇ ਪ੍ਰਤੀਨਿਧਾਂ ਨਾਲ ਸਫਲ ਮੀਟਿੰਗਾਂ ਕੀਤੀਆਂ। ਵਪਾਰੀਆਂ ਨੇ ਸ਼ਿਕਾਇਤ ਕੀਤੀ ਕਿ ਨਸ਼ਿਆਂ ਕਾਰਨ ਹਿੰਸਾ ਕਈ ਗੁਣਾ ਵੱਧ ਗਈ ਹੈ ਜਿਸ ’ਤੇ ਅਕਾਲੀ ਦਲ ਦੇ ਪ੍ਰਧਾਨ ਨੇ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਨਸ਼ਿਆਂ ਦੇ ਵਪਾਰੀਆਂ ਨੂੰ 10 ਸਾਲ ਤੱਕ ਜ਼ਮਾਨਤ ਨਾ ਮਿਲਣੀ ਯਕੀਨੀ ਬਣਾਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾਣਗੀਆਂ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ 10 ਸਾਲਾਂ ਦੇ ਕਾਰਜਕਾਲ ਦੀ ਤੁਲਨਾ ਕਾਂਗਰਸ ਤੇ ਆਪ ਦੇ 10 ਸਾਲਾਂ ਦੇ ਰਾਜ ਨਾਲ ਕਰਕੇ ਵੇਖਣ। ਉਨ੍ਹਾਂ ਕਿਹਾਕਿ  ਤੁਹਾਨੂੰ ਆਪ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਕਿਹੜਾ ਮੁੱਖ ਮੰਤਰੀ ਸੂਬੇ ਨੂੰ ਤਰੱਕੀ ਤੇ ਵਿਕਾਸ ਦੇ ਰਸਤੇ ’ਤੇ ਲੈ ਕੇ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸ਼ਰਾਬੀ ਤੇ ਪਿਆਕੜ ਮੁੱਖ ਮੰਤਰੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਦੀ ਲੀਡਰਸ਼ਿਪ ਹੈ ਜੋ ਤੇਜ਼ ਰਫਤਾਰ ਵਿਕਾਸ ਕਰਵਾ ਸਕਦੀ ਹੈ ਤੇ ਤਰੱਕੀ ਕਰਵਾ ਸਕਦੀ ਹੈ ਤੇ ਸੂਬੇ ਨੂੰ ਸ਼ਾਂਤੀ ਤੇ ਪ੍ਰਗਤੀ ਦੇ ਰਾਹ ’ਤੇ ਪਾ ਸਕਦੀ ਹੈ।

ਇਸ ਮੌਕੇ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਸਮਾਣਾ ਦੇ ਇੰਚਾਰਜ ਜਗਮੀਤ ਸਿੰਘ ਹਰਿਆਊ, ਸ਼ੁਤਰਾਣਾ ਦੇ ਇੰਚਾਰਜ ਕਬੀਰ ਦਾਸ ਤੇ ਹੋਰ ਸ਼ਖਸੀਅਤਾਂ ਨੇ ਵੀ ਸੰਬੋਧਨ ਕੀਤਾ।
 


author

Anmol Tagra

Content Editor

Related News