ਸਕੂਲ ਜਾ ਰਹੇ ਵਿਦਿਆਰਥੀ ''ਤੇ ਜਾਨਲੇਵਾ ਹਮਲਾ, ਕੇਸਾਂ ਦੀ ਵੀ ਕੀਤੀ ਬੇਅਦਬੀ

Thursday, Nov 26, 2026 - 01:33 PM (IST)

ਸਕੂਲ ਜਾ ਰਹੇ ਵਿਦਿਆਰਥੀ ''ਤੇ ਜਾਨਲੇਵਾ ਹਮਲਾ, ਕੇਸਾਂ ਦੀ ਵੀ ਕੀਤੀ ਬੇਅਦਬੀ

ਲੁਧਿਆਣਾ (ਵੈੱਬ ਡੈਸਕ, ਰਾਜ) : ਇੱਥੇ ਪਿੰਡ ਬੂਥਗੜ੍ਹ 'ਚ ਸਕੂਲ ਜਾ ਰਹੇ ਇੱਕ ਵਿਦਿਆਰਥੀ ਨੂੰ ਰਸਤੇ 'ਚ ਘੇਰ ਕੇ ਉਸ 'ਤੇ ਜਾਨਲੇਵਾ ਹਮਲਾ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਉਸ ਦੇ ਕੇਸਾਂ ਦੀ ਬੇਅਦਬੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥੀ ਗੁਰਜੋਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸਬੰਧਿਤ ਥਾਣਾ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਮਾਰਕੁੱਟ ਦੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਗੁਰਜੋਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਦੋਸਤ ਸੰਦੀਪ ਸਿੰਘ ਨਾਲ ਸਕੂਲ ਜਾ ਰਿਹਾ ਸੀ। ਜਦੋਂ ਉਹ ਗੁਰਦੁਆਰਾ ਸ਼ਹੀਦਾਂ, ਪਿੰਡ ਬੂਥਗੜ੍ਹ ਨੇੜੇ ਪਹੁੰਚੇ ਤਾਂ ਪਿੱਛੋਂ ਉਨ੍ਹਾਂ ਦੇ ਹੀ ਪਿੰਡ ਦਾ ਜਗਦੇਵ ਸਿੰਘ ਉਰਫ਼ ਸ਼ੇਰਾ ਆਪਣੇ ਐਕਟਿਵਾ ਸਕੂਟਰ 'ਤੇ ਆਇਆ ਅਤੇ ਉਸ ਨੇ ਚੱਲਦੇ ਮੋਟਰਸਾਈਕਲ ਨੂੰ ਲੱਤ ਮਾਰ ਦਿੱਤੀ। ਲੱਤ ਲੱਗਣ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਦੋਵੇਂ ਵਿਦਿਆਰਥੀ ਮੋਟਰਸਾਈਕਲ ਸਮੇਤ ਸੜਕ 'ਤੇ ਡਿੱਗ ਪਏ।

ਸੜਕ 'ਤੇ ਡਿੱਗਣ ਕਾਰਨ ਪੀੜਤ ਗੁਰਜੋਤ ਸਿੰਘ ਦੀ ਦਸਤਾਰ ਖੁੱਲ੍ਹ ਗਈ। ਦੋਸ਼ ਹੈ ਕਿ ਇਸੇ ਦੌਰਾਨ ਹਮਲਾਵਰ ਨੇ ਗੁਰਜੋਤ ਸਿੰਘ ਨੂੰ ਵਾਲਾਂ ਤੋਂ ਫੜ੍ਹ ਲਿਆ, ਉਸ ਨਾਲ ਬੁਰੇ ਤਰੀਕੇ ਨਾਲ ਮਾਰਕੁੱਟ ਕੀਤੀ ਅਤੇ ਕੇਸਾਂ ਦੀ ਬੇਅਦਬੀ ਕੀਤੀ। ਇਸ ਤੋਂ ਇਲਾਵਾ ਦੋਸ਼ੀ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਗੁਰਜੋਤ ਸਿੰਘ 'ਤੇ ਕਿਰਪਾਨ ਨਾਲ ਵੀ ਹਮਲਾ ਕੀਤਾ। ਇਸੇ ਦੌਰਾਨ ਸ਼ੇਰਾ ਦਾ ਤਾਇਆ ਕੁਲਵਰਨ ਸਿੰਘ ਅਤੇ ਉਸ ਦਾ ਪੁੱਤ ਬਲਵਿੰਦਰ ਸਿੰਘ ਉਰਫ਼ ਬਿੰਦਰ ਆਪਣੇ ਹੱਥਾਂ 'ਚ ਡੰਡੇ ਫੜ੍ਹ ਕੇ ਲਲਕਾਰੇ ਮਾਰਦੇ ਹੋਏ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਵੀ ਗੁਰਜੋਤ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਜਾਂਦੇ-ਜਾਂਦੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਵਿਦਿਆਰਥੀ ਗੁਰਜੋਤ ਸਿੰਘ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਥਾਣਾ ਪੁਲਸ ਨੇ ਸੁਖਵਿੰਦਰ ਸਿੰਘ ਉਰਫ਼ ਸੋਨੂ, ਕੁਲਵਰਨ ਸਿੰਘ ਅਤੇ ਉਸ ਦੇ ਪੁੱਤਰ ਬਲਵਿੰਦਰ ਸਿੰਘ ਉਰਫ਼ ਬਿੰਦਰ ਖ਼ਿਲਾਫ਼ ਜਾਨਲੇਵਾ ਹਮਲਾ ਕਰਨ, ਕੇਸਾਂ ਦੀ ਬੇਅਦਬੀ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
 


author

Babita

Content Editor

Related News