ਮਾਛੀਵਾੜਾ ਸਾਹਿਬ ਵਿਖੇ ਕਾਂਗਰਸ ਵਲੋਂ ‘ਸੰਵਿਧਾਨ ਬਚਾਓ’ ਯਾਤਰਾ ਕੱਢੀ ਗਈ

Thursday, Nov 26, 2026 - 01:55 PM (IST)

ਮਾਛੀਵਾੜਾ ਸਾਹਿਬ ਵਿਖੇ ਕਾਂਗਰਸ ਵਲੋਂ ‘ਸੰਵਿਧਾਨ ਬਚਾਓ’ ਯਾਤਰਾ ਕੱਢੀ ਗਈ

ਮਾਛੀਵਾੜਾ ਸਾਹਿਬ (ਟੱਕਰ) : ਕਾਂਗਰਸ ਪਾਰਟੀ ਵਲੋਂ ਅੱਜ ਮਾਛੀਵਾੜਾ ਸਾਹਿਬ ਵਿਖੇ ‘ਸੰਵਿਧਾਨ ਬਚਾਓ’ ਯਾਤਰਾ ਕੱਢੀ ਗਈ, ਜਿਸ 'ਚ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਅਤੇ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਲੱਖਾ ਪਾਇਲ ਤੇ ਰਾਜਾ ਗਿੱਲ ਨੇ ਡਾਕਟਰ ਅੰਬੇਦਕਰ ਚੌਂਕ ਵਿਖੇ ਬਾਬਾ ਸਾਹਿਬ ਜੀ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੱਖਾ ਪਾਇਲ ਤੇ ਰਾਜਾ ਗਿੱਲ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਦੇਸ਼ ਵਾਸੀਆਂ ਦੇ ਹਿੱਤਾਂ ਲਈ ਸੰਵਿਧਾਨ ਬਣਾਇਆ ਸੀ, ਜਿਸ ਦੀ ਅੱਜ ਦੇ ਦਿਨ 26 ਨਵੰਬਰ ਨੂੰ ਸਥਾਪਨਾ ਹੋਈ ਸੀ। ਉਨ੍ਹਾਂ ਕਿਹਾ ਕਿ ਅੱਜ ਇਹ ਸੰਵਿਧਾਨ ਬਚਾਓ ਯਾਤਰਾ ਕੱਢਣ ਦਾ ਮੁੱਖ ਉਦੇਸ਼ ਇਹ ਹੈ ਕਿ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਕਿ ਉਨ੍ਹਾਂ ਦੀ ਵੋਟ ਦਾ ਹੱਕ ਖੋਹਿਆ ਜਾ ਰਿਹਾ ਹੈ ਅਤੇ ਡਾਕਟਰ ਭੀਮ ਰਾਓ ਜੀ ਦੀ ਸੋਚ ’ਤੇ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕੋਲ ਸੰਵਿਧਾਨਕ ਹੱਕ ਨਹੀਂ ਰਹਿਣਗੇ ਤਾਂ ਲੋਕਤੰਤਰ ਦਾ ਬਹੁਤ ਵੱਡਾ ਘਾਣ ਹੋਵੇਗਾ।

ਅਕਾਲੀ-ਭਾਜਪਾ ਗਠਜੋੜ ’ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੁਰਸੀ ਦੀ ਖ਼ਾਤਰ ਪਾਰਟੀ ਦੀ ਸੋਚ ਨੂੰ ਭਾਜਪਾ ਕੋਲ ਗਿਰਵੀ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਗਠਜੋੜ ਨੂੰ ਮੂੰਹ ਨਹੀਂ ਲਗਾਉਣਗੇ। ਇਹ ‘ਸੰਵਿਧਾਨ ਬਚਾਓ’ ਯਾਤਰਾ ਅੰਬੇਦਕਰ ਚੌਂਕ ਤੋਂ ਸ਼ੁਰੂ ਹੋਈ ਅਤੇ ਬਜ਼ਾਰ ’ਚੋਂ ਹੁੰਦੀ ਹੋਈ ਸ੍ਰੀ ਚਰਨ ਕੰਵਲ ਚੌਂਕ ਵਿਖੇ ਸਮਾਪਤ ਹੋਈ। ਇਸ ਮੌਕੇ ਅਬਜ਼ਰਵਰ ਕਸਤੂਰੀ ਲਾਲ ਮਿੰਟੂ, ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਜ਼ਿਲ੍ਹਾ ਉਪ ਪ੍ਰਧਾਨ ਜੇ.ਪੀ. ਸਿੰਘ ਮੱਕੜ, ਸ਼ਹਿਰੀ ਪ੍ਰਧਾਨ ਕਪਿਲ ਆਨੰਦ, ਜ਼ਿਲ੍ਹਾ ਦਿਹਾਤੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਚੀਮਾ, ਸਰਪੰਚ ਬਲਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਭੁਪਿੰਦਰ ਸਿੰਘ ਕਾਹਲੋਂ, ਯੁਵਰਾਜਜੀਤ ਰਾਏ, ਸਾਬਕਾ ਕੌਂਸਲਰ ਚੌਧਰੀ ਬਲਵਿੰਦਰ ਰਾਏ, ਪਰਮਜੀਤ ਪੰਮੀ, ਅਮਰਜੀਤ ਸਿੰਘ, ਹਰਚੰਦ ਸਿੰਘ, ਸੁਖਦੀਪ ਸਿੰਘ ਸੋਨੀ, ਚੇਤਨ ਕੁਮਾਰ ਹਾਜ਼ਰ ਸਨ।


author

Babita

Content Editor

Related News