ਸੋਸ਼ਲ ਮੀਡੀਆ ''ਤੇ ਰਾਤੋ-ਰਾਤ ਅਮੀਰ ਬਣਨ ਦੇ ਝਾਂਸੇ ''ਚ ਫਸਿਆ ਨੌਜਵਾਨ, ਗਵਾਏ 5.31 ਲੱਖ ਰੁਪਏ
Thursday, Nov 26, 2026 - 01:10 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)- ਡਿਜੀਟਲ ਯੁੱਗ ਵਿੱਚ ਜਿੱਥੇ ਤਕਨੀਕ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ, ਉੱਥੇ ਹੀ ਥੋੜ੍ਹੀ ਜਿਹੀ ਲਾਪਰਵਾਹੀ ਅਤੇ ਜਲਦੀ ਮੁਨਾਫ਼ਾ ਕਮਾਉਣ ਦੀ ਲਾਲਸਾ ਕਈ ਵਾਰ ਮਿਹਨਤ ਦੀ ਕਮਾਈ ਨੂੰ ਪਲਾਂ ਵਿੱਚ ਡੋਬ ਦਿੰਦੀ ਹੈ। ਅਜਿਹਾ ਹੀ ਇੱਕ ਸਬਕ ਦੇਣ ਵਾਲਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਸੋਸ਼ਲ ਮੀਡੀਆ 'ਤੇ ਆਨਲਾਈਨ ਨਿਵੇਸ਼ ਦਾ ਲਾਲਚ ਦੇ ਕੇ ਸਾਈਬਰ ਠੱਗਾਂ ਨੇ ਇੱਕ ਨੌਜਵਾਨ ਨਾਲ 5 ਲੱਖ 31 ਹਜ਼ਾਰ 735 ਰੁਪਏ ਦੀ ਠੱਗੀ ਮਾਰ ਲਈ। ਪੀੜਤ ਦੀ ਸ਼ਿਕਾਇਤ 'ਤੇ ਥਾਣਾ ਸਾਈਬਰ ਕਰਾਈਮ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 318(4) ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਪਿੰਡ ਚੱਕ ਬਾਜਾ ਮਡਾਹਰ (ਹਾਲ ਆਬਾਦ ਗਲੀ ਨੰਬਰ 1, ਮਾਡਲ ਟਾਊਨ, ਸ੍ਰੀ ਮੁਕਤਸਰ ਸਾਹਿਬ) ਦੇ ਰਹਿਣ ਵਾਲੇ ਜਤਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਦੇ ਫੇਸਬੁੱਕ ਖਾਤੇ 'ਤੇ 14 ਸਤੰਬਰ 2026 ਨੂੰ ਇੱਕ ਲੁਭਾਵਣਾ ਇਸ਼ਤਿਹਾਰ ਦਿਖਾਈ ਦਿੱਤਾ, ਜਿਸ ਵਿੱਚ ਆਨਲਾਈਨ ਵਪਾਰ ਰਾਹੀਂ ਮੋਟਾ ਮੁਨਾਫ਼ਾ ਕਮਾਉਣ ਦਾ ਦਾਅਵਾ ਕੀਤਾ ਗਿਆ ਸੀ। ਇਸ਼ਤਿਹਾਰ ਦੇ ਲਿੰਕ 'ਤੇ ਕਲਿੱਕ ਕਰਕੇ ਫਾਰਮ ਭਰਦਿਆਂ ਹੀ ਉਹ ਸਾਈਬਰ ਠੱਗਾਂ ਦੇ ਜਾਲ ਵਿੱਚ ਫਸ ਗਿਆ। ਠੱਗਾਂ ਨੇ ਉਸਨੂੰ ਟੈਲੀਗ੍ਰਾਮ 'ਤੇ 'ਈ.ਟੀ.ਐੱਚ./ਯੂ.ਐੱਸ.ਡੀ.ਟੀ. ਟਰੇਡ' ਨਾਮਕ ਗਰੁੱਪ ਵਿੱਚ ਸ਼ਾਮਲ ਕੀਤਾ ਅਤੇ 'ਗਲੋਬਿਕਸ ਵਾਲਟਸ' ਨਾਮੀ ਐਪ 'ਤੇ ਖਾਤਾ ਖੁੱਲ੍ਹਵਾ ਕੇ ਸਕਰੀਨ 'ਤੇ ਫਰਜ਼ੀ ਮੁਨਾਫ਼ਾ ਦਿਖਾਉਣਾ ਸ਼ੁਰੂ ਕਰ ਦਿੱਤਾ।
ਵੱਧ ਮੁਨਾਫ਼ੇ ਦੇ ਲਾਲਚ ਅਤੇ ਠੱਗਾਂ ਦੀਆਂ ਮਿੱਠੀਆਂ ਗੱਲਾਂ ਵਿੱਚ ਆ ਕੇ ਜਤਿੰਦਰ ਸਿੰਘ ਨੇ 17 ਤੋਂ 19 ਸਤੰਬਰ 2026 ਦਰਮਿਆਨ ਵੱਖ-ਵੱਖ ਲੈਣ-ਦੇਣ (ਟਰਾਂਜੈਕਸ਼ਨਾਂ) ਰਾਹੀਂ ਮੁਲਜ਼ਮਾਂ ਦੇ ਖਾਤਿਆਂ ਵਿੱਚ 5,31,735 ਰੁਪਏ ਜਮ੍ਹਾਂ ਕਰਵਾ ਦਿੱਤੇ। ਜਦੋਂ ਪੈਸੇ ਵਾਪਸ ਕਢਵਾਉਣ ਦੀ ਵਾਰੀ ਆਈ ਤਾਂ ਠੱਗਾਂ ਦੇ ਅਸਲੀ ਚਿਹਰੇ ਸਾਹਮਣੇ ਆ ਗਏ। ਠੱਗੀ ਦਾ ਅਹਿਸਾਸ ਹੁੰਦਿਆਂ ਹੀ ਪੀੜਤ ਨੇ 21 ਸਤੰਬਰ ਨੂੰ ਸਾਈਬਰ ਕ੍ਰਾਈਮ ਸਹਾਇਤਾ ਨੰਬਰ 1930 'ਤੇ ਆਪਣੀ ਸ਼ਿਕਾਇਤ ਦਰਜ ਕਰਵਾਈ।
ਸਮਾਂ ਰਹਿੰਦੇ ਸ਼ਿਕਾਇਤ ਅਤੇ ਸਾਵਧਾਨੀ ਜ਼ਰੂਰੀ
ਮਾਮਲੇ ਦੀ ਤਫ਼ਤੀਸ਼ ਕਰ ਰਹੀ ਏ.ਐੱਸ.ਆਈ. ਰਾਜਵੀਰ ਕੌਰ ਨੇ ਦੱਸਿਆ ਕਿ ਪੁਲਸ ਵੱਲੋਂ ਮੁਕੱਦਮਾ ਨੰਬਰ 31 ਦਰਜ ਕਰਕੇ ਬੈਂਕ ਖਾਤਿਆਂ ਅਤੇ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ।
ਆਮ ਲੋਕਾਂ ਲਈ ਸਬਕ
ਇਹ ਘਟਨਾ ਹਰ ਮੋਬਾਈਲ ਵਰਤੋਂਕਾਰ ਲਈ ਇੱਕ ਚੇਤਾਵਨੀ ਹੈ ਕਿ ਫੇਸਬੁੱਕ, ਇੰਸਟਾਗ੍ਰਾਮ ਜਾਂ ਟੈਲੀਗ੍ਰਾਮ 'ਤੇ ਦੁੱਗਣੇ-ਤਿੱਗਣੇ ਮੁਨਾਫ਼ੇ ਦਾ ਦਾਅਵਾ ਕਰਨ ਵਾਲੇ ਕਿਸੇ ਵੀ ਅਣਜਾਣ ਲਿੰਕ ਜਾਂ ਐਪ 'ਤੇ ਭਰੋਸਾ ਨਾ ਕੀਤਾ ਜਾਵੇ। ਆਪਣੀ ਮਿਹਨਤ ਦੀ ਕਮਾਈ ਨੂੰ ਸੁਰੱਖਿਅਤ ਰੱਖਣ ਲਈ ਹਮੇਸ਼ਾ ਪ੍ਰਮਾਣਿਤ ਅਤੇ ਸਰਕਾਰੀ ਮਾਨਤਾ ਪ੍ਰਾਪਤ ਪਲੇਟਫਾਰਮਾਂ ਰਾਹੀਂ ਹੀ ਨਿਵੇਸ਼ ਕਰੋ। ਕਿਸੇ ਵੀ ਤਰ੍ਹਾਂ ਦੀ ਆਨਲਾਈਨ ਠੱਗੀ ਹੋਣ 'ਤੇ ਬਿਨਾਂ ਦੇਰੀ ਕੀਤੇ ਤੁਰੰਤ ਸਾਈਬਰ ਸਹਾਇਤਾ ਨੰਬਰ 1930 'ਤੇ ਕਾਲ ਕਰੋ, ਕਿਉਂਕਿ ਸ਼ੁਰੂਆਤੀ ਘੰਟਿਆਂ ਵਿੱਚ ਦਿੱਤੀ ਸੂਚਨਾ ਪੈਸੇ ਬਚਾਉਣ ਵਿੱਚ ਸਹਾਈ ਹੁੰਦੀ ਹੈ।
