ਸੁਖਬੀਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਤੋਂ ਚੁੱਕਿਆ ਕੂੜਾ, ਸੂਬਾ ਸਰਕਾਰਾਂ 'ਤੇ ਵਿੰਨ੍ਹੇ ਨਿਸ਼ਾਨੇ

Tuesday, Feb 07, 2023 - 01:21 AM (IST)

ਸੁਖਬੀਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਤੋਂ ਚੁੱਕਿਆ ਕੂੜਾ, ਸੂਬਾ ਸਰਕਾਰਾਂ 'ਤੇ ਵਿੰਨ੍ਹੇ ਨਿਸ਼ਾਨੇ

ਅੰਮ੍ਰਿਤਸਰ (ਬਿਊਰੋ): ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ। ਇਸ ਦੌਰਾਨ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਤੋਂ ਕੂੜਾ-ਕਰਕਟ ਚੁੱਕਿਆ ਅਤੇ ਇਸ ਗੰਦਗੀ ਨੂੰ ਲੈ ਕੇ ਕਾਂਗਰਸ ਤੇ 'ਆਪ' ਦੀ ਅਗਵਾਈ ਵਾਲੀਆਂ ਸੂਬਾ ਸਰਕਾਰਾਂ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਸੱਤਾ 'ਚ ਆਈਆਂ ਦੋਹਾਂ ਸਰਕਾਰਾਂ ਵੱਲੋਂ ਵਿਰਾਸਤੀ ਮਾਰਗ ਦੀ ਸਾਫ਼-ਸਫਾਈ ਵੱਲ ਧਿਆਨ ਨਹੀਂ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ ’ਚ ਸਿੱਖ ਭਰਾਵਾਂ ਦੇ ਕੇਸਾਂ ਦੀ ਬੇਅਦਬੀ ਦੀ ਐਡਵੋਕੇਟ ਧਾਮੀ ਵੱਲੋਂ ਨਿਖੇਧੀ, ਪੁਲਸ 'ਤੇ ਵੀ ਲਾਏ ਦੋਸ਼

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਕਰੋੜਾਂ ਰੁਪਏ ਦੀ ਲਾਗਤ ਨਾਲ ਇਹ ਵਿਰਾਸਤੀ ਮਾਰਗ ਤਿਆਰ ਕਰਵਾਇਆ ਸੀ ਤਾਂ ਜੋ ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਇਕ ਵੱਖਰਾ ਅਨੁਭਵ ਹੋ ਸਕੇ ਅਤੇ ਉਹ ਇਕ ਵੱਖਰਾ ਤਜ਼ਰਬਾ ਲੈ ਕੇ ਜਾਣ। ਪਰ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਦੀ ਸੱਤਾ ਤੋਂ ਬਾਹਰ ਹੋਈ ਹੈ , ਉਦੋਂ ਤੋਂ ਇਸ ਵਿਰਾਸਤੀ ਮਾਰਗ ਨੂੰ ਅਣਗੌਲਿਆਂ ਕੀਤਾ ਗਿਆ ਹੈ, ਭਾਵੇਂ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ ਚਾਹੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ। ਉਨ੍ਹਾਂ ਨੇ ਕਿਹਾ ਕਿ ਦੇਸ਼-ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਅਕਸਰ ਹੀ ਉਨ੍ਹਾਂ ਨੂੰ ਫੋਨ ਕਰ ਕੇ ਕਹਿੰਦੇ ਹਨ ਕਿ ਵਿਰਾਸਤੀ ਮਾਰਗ ਦੀ ਹਾਲਤ ਨੂੰ ਸੁਧਾਰਿਆ ਜਾਵੇ। 

PunjabKesari

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਕਾਰੋਬਾਰੀਆਂ ਨਾਲ ਕੀਤੀ ਮੁਲਾਕਾਤ, ਕਿਹਾ - ਪੰਜਾਬ ’ਚ ਸਨਅਤਕਾਰਾਂ ਦੀ ਬਾਂਹ ਮਰੋੜਨ ਵਾਲਾ ਦੌਰ ਖ਼ਤਮ

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਜ਼ਰੂਰ ਵਿਰਾਸਤੀ ਮਾਰਗ ਪਹੁੰਚਣ ਤਾਂ ਜੋ ਕਿ ਉਨ੍ਹਾਂ ਨੂੰ ਸਾਰੀ ਸੱਚਾਈ ਦਾ ਪਤਾ ਲੱਗ ਸਕੇ। ਉਨ੍ਹਾਂ CM ਮਾਨ ਨੂੰ ਕਿਹਾ ਕਿ ਉਹ ਸਿਆਸਤ ਨੂੰ ਲਾਂਭੇ ਕਰਕੇ ਹੋਰ ਕੁੱਝ ਨਹੀਂ ਤਾਂ ਘਟੋ ਘੱਟ ਇਸ ਖੂਬਸੂਰਤ ਵਿਰਾਸਤ ਦੀ ਸਫ਼ਾਈ ਤਾਂ ਯਕੀਨੀ ਬਣਾਉਣ ਦੀ ਖੇਚਲ ਕਰਨ। ਉਨ੍ਹਾਂ ਕਿਹਾ ਕਿ ਇਸ ਵਿਰਾਸਤੀ ਮਾਰਗ ਨੂੰ ਵੇਖਦੇ ਹੋਏ ਕਈ ਹੋਰ ਸੂਬਿਆਂ ਦੇ ਮੁੱਖ ਮੰਤਰੀ ਵੀ ਇਸ ਜਿਹਾ ਵਿਰਾਸਤੀ ਮਾਰਗ ਬਣਾਉਣਾ ਚਾਹੁੰਦੇ ਸਨ। ਪਰ ਇਸ ਮਾਰਗ ਦੇ ਮੌਜੂਦਾ ਹਾਲਾਤ ਵੇਖ ਕੇ ਮਨ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਵਿਰਾਸਤੀ ਮਾਰਗ ਤਿਆਰ ਕੀਤਾ ਸੀ, ਉਸ ਵੇਲੇ ਅਸੀਂ ਵਿਰਾਸਤੀ ਮਾਰਗ ਦੀ ਫਲੋਰ ਟਾਇਲ ਨੂੰ ਵਧੀਆ ਢੰਗ ਨਾਲ ਸਾਫ਼ ਕਰਨ ਵਾਸਤੇ ਇਕ ਸਕੀਮ ਵੀ ਰੱਖੀ ਸੀ, ਪਰ ਅਫਸੋਸ ਇਹ ਹੈ ਕਿ ਹੁਣ ਸਰਕਾਰਾਂ ਇਸ ਉੱਤੇ ਧਿਆਨ ਨਹੀਂ ਦੇ ਰਹੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News