ਸੁਖਬੀਰ ਬਾਦਲ ਵਲੋਂ ਪਰਮਿੰਦਰ ਢੀਂਡਸਾ ਦਾ ਅਸਤੀਫਾ ਮਨਜ਼ੂਰ
Friday, Jan 03, 2020 - 06:45 PM (IST)
ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਰਮਿੰਦਰ ਢੀਂਡਸਾ ਵਲੋਂ ਵਿਧਾਨ ਸਭਾ 'ਚ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਇਸ ਦੀ ਜਾਣਕਾਰੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਚੀਮਾ ਨੇ ਦਿੱਤੀ ਹੈ। ਸੁਖਬੀਰ ਵਲੋਂ ਮਹਿਜ਼ 5 ਮਹੀਨੇ ਪਹਿਲਾਂ ਹੀ (2 ਅਗਸਤ) ਨੂੰ ਪਰਮਿੰਦਰ ਢੀਂਡਸਾ ਨੂੰ ਵਿਧਾਨ ਸਭਾ 'ਚ ਵਿਧਾਇਕ ਦਲ ਦੇ ਆਗੂ ਦੀ ਜ਼ਿੰਮੇਵਾਰੀ ਸੌਂਪੀ ਸੀ। ਪਰਮਿੰਦਰ ਢੀਂਡਸਾ ਵਲੋਂ ਸ਼ੁੱਕਰਵਾਰ ਨੂੰ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ, ਜਿਸ ਨੂੰ ਉਸੇ ਦਿਨ ਹੀ ਪਾਰਟੀ ਪ੍ਰਧਾਨ ਵਲੋਂ ਮਨਜ਼ੂਰ ਵੀ ਕਰ ਲਿਆ ਗਿਆ ਹੈ।
ਭਾਵੇਂ ਢੀਂਡਸਾ ਵਲੋਂ ਵਿਧਾਇਕ ਦਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਉਹ ਅਜੇ ਵੀ ਪਾਰਟੀ ਦੇ ਵਿਧਾਇਕ ਹਨ। ਫਿਲਹਾਲ ਅਜੇ ਤਕ ਪਰਮਿੰਦਰ ਢੀਂਡਸਾ ਵਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਹੁਣ ਜਦੋਂ ਸੁਖਬੀਰ ਵਲੋਂ ਪਰਮਿੰਦਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ, ਤਾਂ ਇਸ 'ਤੇ ਦੇਖਣਾ ਦਿਲਚਸਪ ਹੋਵੇਗਾ ਕਿ ਪਰਮਿੰਦਰ ਢੀਂਡਸਾ ਦਾ ਅਗਲਾ ਕਦਮ ਕੀ ਹੋਵੇਗਾ।