ਸੌਦਾ ਸਾਧ ਦੀ ਮੁਆਫੀ ’ਤੇ ਸੁਖਬੀਰ ਅਤੇ ਵਰਕਰ ਦੀ ‘ਆਡੀਓ ਵਾਇਰਲ’ (ਵੀਡੀਓ)

02/21/2019 5:45:10 PM

ਬਠਿੰਡਾ (ਵੈਬ ਡੈਸਕ) - ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੁਆਫੀ ਦਾ ਮੁੱਦਾ ਕਾਫੀ ਸਮੇਂ ਤੋਂ ਠੰਡਾ ਪਿਆ ਹੋਇਆ ਸੀ, ਜੋ ਹੁਣ ਮੁੜ ਚਰਚਾ ਦਾ ਵਿਸ਼ਾ ਬਣ ਗਿਆ ਹੈ। ਰਾਮ ਰਹੀਮ ਦੇ ਮੁਆਫੀ ਦੇ ਇਸ ਮੁੱਦੇ ਦੀ ਸੋਸ਼ਲ ਮੀਡੀਆ 'ਤੇ ਇਕ ਆਡੀਓ ਵਾਇਰਲ ਹੋਈ ਹੈ, ਜਿਸ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਥਿਤ ਤੌਰ 'ਤੇ ਡੇਰਾ ਮੁੱਖੀ ਨੂੰ ਮੁਆਫੀ ਦੇਣ ਦੀ ਗਲਤੀ ਮੰਨਣ ਦਾ ਦਾਅਵਾ ਕਰ ਰਹੇ ਹਨ। ਇਹ ਆਡੀਓ ਪੰਚਾਇਤੀ ਚੋਣਾਂ ਤੋਂ ਬਾਅਦ ਅਕਾਲੀ ਵਰਕਰਾਂ ਨਾਲ ਹੋਈ ਸੁਖਬੀਰ ਬਾਦਲ ਦੀ ਕਿਸੇ ਮੀਟਿੰਗ ਦੀ ਲੱਗ ਰਹੀ ਹੈ। ਇਸ ਗੱਲ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ ਕਿ ਇਹ ਆਡੀਓ ਕਿੰਨੀ ਕੁ ਪੁਰਾਣੀ ਹੈ ਅਤੇ ਇਹ ਕਿਹੜੇ ਇਲਾਕੇ 'ਚ ਰਿਕਾਰਡ ਕੀਤੀ ਗਈ ਹੈ। ਇਸ ਆਡੀਓ ਨੂੰ ਚੰਗੀ ਤਰ੍ਹਾਂ ਸੁਣਨ 'ਤੇ ਇੰਝ ਲੱਗਦਾ ਹੈ ਜਿਵੇਂ ਸੁਖਬੀਰ ਬਾਦਲ ਮਲੋਟ ਦਾ ਨਾਂ ਲੈ ਰਹੇ ਹਨ। 

ਦੱਸਣਯੋਗ ਹੈ ਕਿ ਇਸ ਆਡੀਓ 'ਚ ਇਕ ਵਰਕਰ ਸੁਖਬੀਰ ਬਾਦਲ ਦੇ ਸਾਹਮਣੇ ਕਹਿ ਰਿਹਾ ਹੈ ਕਿ ''ਜਿਵੇਂ ਅਸੀਂ ਸਿਰਸੇ ਵਾਲੇ ਨੂੰ ਮੁਆਫੀ ਦਿੱਤੀ ਹੈ, ਉਹ ਗੱਲ ਗਲਤ ਹੋ ਗਈ ਹੈ। ਇਹ ਮੁਆਫੀ ਅਕਾਲੀ ਦਲ ਨੂੰ ਲੈ ਕੇ ਬੈਠੀ ਏ। ਡੇਰਾ ਮੁਖੀ ਨੂੰ ਮੁਆਫ ਕਰਨਾ ਗਲਤ ਸੀ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਦਿੱਤੀ, ਸਾਰੀ ਗੱਲ ਅਕਾਲੀ ਦਲ 'ਤੇ ਆ ਪਈ। ਡੇਰਾ ਮੁਖੀ ਦੀ ਮੁਆਫੀ ਦਾ ਫੈਸਲਾ ਤੁਸੀਂ ਜਲਦਬਾਜ਼ੀ 'ਚ ਕਰ ਦਿੱਤਾ।'' ਫੇਰ ਸੁਖਬੀਰ ਕਥਿਤ ਤੌਰ 'ਤੇ ਕਹਿੰਦੇ ਹਨ ਕਿ 'ਯਾਰ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਜਦੋਂ ਲੋਕ ਸਭਾ ਚੋਣਾਂ ਲੜੇ ਸੀ ਤਾਂ ਹਲਕੇ ਦੇ ਕਾਂਗਰਸੀ ਪੰਚਾਂ, ਸਰਪੰਚਾਂ, ਸਕੱਤਰਾਂ, ਜਨਰਲ ਸਕੱਤਰਾਂ, ਜ਼ਿਲਾ ਪ੍ਰੀਸ਼ਦ ਦੇ ਮੈਂਬਰਾਂ ਨੂੰ ਨਾਲ ਲਿਆ ਸੀ। ਇਨ੍ਹਾਂ ਸਭ ਦੇ ਹੋਣ ਦੇ ਬਾਵਜੂਦ ਅਸੀਂ 8 ਹਜ਼ਾਰ ਵੋਟਾਂ ਨਾਲ ਹਾਰ ਗਏ ਸੀ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਆਡੀਓ 'ਤੇ ਅਕਾਲੀ ਦਲ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।


rajwinder kaur

Content Editor

Related News