ਸੁਖਬੀਰ ਬਾਦਲ ਦੀ ਬੜ੍ਹਕ ਸ਼ਾਹ ਅੱਗੇ ਠੁੱਸ!
Saturday, Aug 11, 2018 - 03:42 PM (IST)

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਬੇ ਸਮੇਂ ਬਾਅਦ ਭਾਜਪਾ ਨੂੰ ਸਿਆਸੀ ਤੌਰ 'ਤੇ ਆਪਣਾ ਹੱਥ ਦਿਖਾਉਣ ਲਈ ਲੰਘੇ ਦਿਨੀਂ ਵੱਡੀ ਸਿਆਸੀ ਬੜ੍ਹਕ ਮਾਰੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਰਾਜ ਸਭਾ 'ਚ ਉਪ ਚੇਅਰਮੈਨ ਦੀ ਕੁਰਸੀ 'ਤੇ ਮੀਟਿੰਗਾਂ ਕਰ ਕੇ ਵੱਡਾ ਫੈਸਲਾ ਲਵੇਗਾ। ਇਸ ਬੜ੍ਹਕ ਵਾਲੀ ਖਬਰ ਨੂੰ ਮੀਡੀਆ ਨੇ ਪ੍ਰਮੁੱਖਤਾ ਨਾਲ ਜ਼ਾਹਰ ਕੀਤਾ ਪਰ ਦਿੱਲੀ 'ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਜਦੋਂ ਸੁਖਬੀਰ ਬਾਦਲ ਦੀ ਮੀਟਿੰਗ ਹੋਈ ਤਾਂ ਉਨ੍ਹਾਂ ਨੇ ਆਪਣੀਆਂ ਰਾਜਸੀ ਅੱੱਖਾਂ ਦਿਖਾਈਆਂ ਤੇ ਅਕਾਲੀ ਦਲ ਨੇ ਉਸੇ ਤਨਖਾਹ 'ਤੇ ਕੰਮ ਕਰਨ ਦੀ ਹਾਮੀ ਭਰ ਦਿੱਤੀ ਤੇ ਭਾਜਪਾ ਵਲੋਂ ਉਪ ਚੇਅਰਮੈਨ ਲਈ ਖੜ੍ਹੇ ਕੀਤੇ ਹਰਿਵੰਸ਼ ਦੇ ਹੱਕ 'ਚ ਵੋਟ ਪਾ ਕੇ ਜੈਕਾਰੇ ਛੱਡ ਦਿੱਤੇ।
ਇੱਥੇ ਦੱਸਣਾ ਉਚਿਤ ਹੋਵੇਗਾ ਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਐੱਨ. ਡੀ. ਏ. ਦਾ ਹਿੱਸਾ ਚੱਲਿਆ ਆ ਰਿਹਾਹੈ। ਇਸ ਵਾਰ ਇਹ ਖਬਰ ਮੀਡੀਆ 'ਚ ਆਈ ਸੀ ਕਿ ਅਕਾਲੀ ਦਲ ਪੱਖੀ ਰਾਜ ਸਭਾ ਉਮੀਦਵਾਰ ਨਰੇਸ਼ ਗੁਜਰਾਲ ਨੂੰ ਐੱਨ. ਡੀ. ਏ. ਉਪ ਚੇਅਰਮੈਨ ਦਾ ਉਮੀਦਵਾਰ ਬਣਾ ਸਕਦਾ ਹੈ ਪਰ ਅਕਾਲੀ ਦਲ ਦੇ ਦਿਲ ਦੀਆਂ ਦਿਲ 'ਚ ਹੀ ਰਹਿ ਗਈਆਂ, ਜੋ ਮੋਦੀ ਤੇ ਭਾਜਪਾ ਨੇ ਹਰਿਵੰਸ਼ ਜੋ ਕਿ ਬਿਹਾਰ ਤੋਂ ਰਾਜ ਸਭਾ ਮੈਂਬਰ ਸੀ, ਨੂੰ ਉਮੀਦਵਾਰ ਬਣਾ ਦਿੱਤਾ। ਬੱਸ ਫਿਰ ਕੀ, ਅਕਾਲੀ ਦਲ ਦੇ ਪ੍ਰਧਾਨ ਵਲੋਂ ਮੀਟਿੰਗਾਂ ਕਰ ਕੇ ਫੈਸਲਾ ਲੈਣ ਦੀਆਂ ਕਾਰਵਾਈਆਂ ਇਕਦਮ ਠੁੱਸ ਹੋ ਗਈਆਂ ਤੇ ਵੋਟਾਂ ਪੈਣ 'ਤੇ ਹਰਿਵੰਸ਼ ਉਮੀਦਵਾਰ ਬਣ ਗਏ। ਰਾਜਸੀ ਹਲਕਿਆਂ 'ਚ ਇਹ ਚਰਚਾ ਛਿੜ ਗਈ ਕਿ ਸ਼ਾਹ ਦੀਆਂ ਅੱਖਾਂ ਅੱਗੇ ਸੁਖਬੀਰ ਦੀ ਬੜ੍ਹਕ ਠੁੱਸ ਹੋ ਗਈ।