ਲੁਧਿਆਣਾ ''ਚ ਅਕਾਲੀ ਦਲ ਦੇ ''ਖ਼ਬਰੀ'' ਸਰਗਰਮ!

Friday, Mar 09, 2018 - 05:40 AM (IST)

ਲੁਧਿਆਣਾ ''ਚ ਅਕਾਲੀ ਦਲ ਦੇ ''ਖ਼ਬਰੀ'' ਸਰਗਰਮ!

ਲੁਧਿਆਣਾ(ਮੁੱਲਾਂਪੁਰੀ)-ਪੰਜਾਬ ਦੇ ਸਭ ਤੋਂ ਵੱਡੇ ਜ਼ਿਲੇ ਲੁਧਿਆਣਾ ਲੋਕ ਸਭਾ ਹਲਕੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਦੇ ਹੁਕਮ 'ਤੇ ਉਨ੍ਹਾਂ ਦੇ 'ਖ਼ਬਰੀ' ਅੱਜਕੱਲ ਲੁਧਿਆਣਾ ਲੋਕ ਸਭਾ ਸੀਟ ਲਈ ਰਿਪੋਰਟਾਂ ਲੈ ਰਹੇ ਹਨ ਕਿਉਂਕਿ ਲੁਧਿਆਣਾ 'ਚ ਕੋਈ ਵੀ ਅਕਾਲੀ ਆਗੂ ਲੋਕ ਸਭਾ ਦੀ ਚੋਣ ਲਈ ਹਾਮੀ ਨਹੀਂ ਭਰ ਰਿਹਾ, ਜਦੋਂਕਿ ਇਸ ਵੱਕਾਰੀ ਸੀਟ 'ਤੇ ਕਾਂਗਰਸੀ ਐੱਮ. ਪੀ. ਰਵਨੀਤ ਸਿੰਘ ਬਿੱਟੂ ਵੱਲੋਂ ਕੀਤੇ ਕੰਮ ਅਤੇ ਕਾਂਗਰਸ ਨੂੰ ਇਕਮੁੱਠ ਕਰਨ ਵਿਚ ਦਿਖਾਈ ਸਰਗਰਮੀ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਤਕੜੇ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਸੋਚ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਹੜੇ ਸੁਹੀਏ ਰਿਪੋਰਟਾਂ ਲੈ ਰਹੇ ਹਨ, ਉਨ੍ਹਾਂ ਦੀ ਰਿਪੋਰਟ ਪਾਰਟੀ ਹਾਈਕਮਾਨ ਨੂੰ ਜਾਣ 'ਤੇ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬਠਿੰਡੇ ਜਾਂ ਫਿਰੋਜ਼ਪੁਰ ਦੀ ਬਜਾਏ ਲੁਧਿਆਣਾ ਤੋਂ ਉਤਾਰ ਸਕਦੀ ਹੈ ਕਿਉਂਕਿ ਲੁਧਿਆਣਾ ਵਿਚ ਅਕਾਲੀਆਂ ਨੂੰ ਇਕਮੁੱਠ ਕਰਨ 'ਚ ਵੱਡੇ ਪਰਿਵਾਰ ਦਾ ਉਮੀਦਵਾਰ ਹੀ ਸਫਲ ਹੋ ਸਕਦਾ ਹੈ। ਇਸ ਲਈ ਸੂਤਰਾਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ. ਬਾਦਲ ਇਸ ਗੱਲ ਨੂੰ ਲੈ ਕੇ ਚੱਲ ਰਹੇ ਹਨ ਕਿ ਜਗਰਾਓਂ, ਦਾਖਾ ਅਤੇ ਗਿੱਲਾਂ ਵਿਚ ਅਕਾਲੀ ਦਲ ਬਰਾਬਰ ਦੀ ਵੋਟ ਵੀ ਲੈ ਕੇ ਜਾ ਸਕਦਾ ਹੈ ਪਰ ਸ਼ਹਿਰ ਦੀਆਂ ਛੇ ਸੀਟਾਂ 'ਤੇ ਭਾਜਪਾ ਕਿੱਥੇ ਖੜ੍ਹਦੀ ਹੈ ਅਤੇ ਅਕਾਲੀ ਤਿੰਨ ਸੀਟਾਂ 'ਤੇ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਕਰਦੇ ਹਨ, ਇਸ ਤਰ੍ਹਾਂ ਦੀਆਂ ਰਿਪੋਰਟ ਸੁਹੀਏ ਦੇ ਰਹੇ ਹਨ। ਪਤਾ ਲੱਗਾ ਹੈ ਕਿ ਸਾਬਕਾ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਵੀ ਫੀਡਬੈਕ ਲਈ ਜਾ ਰਹੀ ਹੈ। ਜਦੋਂਕਿ ਲੁਧਿਆਣਾ ਤੋਂ ਐੱਮ. ਪੀ. ਚੋਣਾਂ ਲਈ ਦਾਅਵੇਦਾਰ ਮਹੇਸ਼ਇੰਦਰ ਗਰੇਵਾਲ, ਮਨਪ੍ਰੀਤ ਇਆਲੀ ਅਤੇ ਰਣਜੀਤ ਢਿੱਲੋਂ ਹਨ ਪਰ ਹਾਈਕਮਾਨ ਵੱਡੀ ਤੋਪ ਫਿੱਟ ਕਰਨੀ ਚਾਹੁੰਦਾ ਹੈ।


Related News