ਲੁਧਿਆਣਾ ਪੁੱਜੇ ''ਸੁਖਬੀਰ ਬਾਦਲ'' ਨੇ ਵਿਰੋਧੀਆਂ ''ਤੇ ਲਾਏ ਰਗੜੇ, ਪਾਰਟੀ ਵਰਕਰਾਂ ਨੂੰ ਕੀਤੀ ਅਪੀਲ
Tuesday, Jan 25, 2022 - 12:25 PM (IST)
ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਥੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ, ਜਦੋਂ ਕਿ ਬਾਕੀ ਸਾਰੀਆਂ ਬਾਹਰਲੀਆਂ ਪਾਰਟੀਆਂ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਦਰਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸੋਚ ਸਾਰੇ ਧਰਮਾਂ ਨੂੰ ਇਕੱਠੇ ਰੱਖਣਾ ਹੈ ਕਿਉਂਕਿ ਜੇਕਰ ਪੰਜਾਬ 'ਚ ਅਮਨ-ਸ਼ਾਂਤੀ ਰਹੇਗੀ ਤਾਂ ਹੀ ਸਾਰੀਆਂ ਪਾਰਟੀਆਂ ਅੱਗੇ ਵਧਣਗੀਆਂ।
ਇਹ ਵੀ ਪੜ੍ਹੋ : ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਡਾਕਟਰਾਂ ਨੇ ਆਰਾਮ ਕਰਨ ਦੀ ਦਿੱਤੀ ਸਲਾਹ
ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦੇ ਸਰਵੇ ਵੱਲ ਵੀ ਧਿਆਨ ਨਾ ਦਿੱਤਾ ਜਾਵੇ ਕਿਉਂਕਿ ਇਹ ਸਾਰੇ ਪੇਡ ਸਰਵੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਅਸਲੀ ਸਰਵੇ ਪੰਜਾਬ 'ਚ ਜਾ ਕੇ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਦੋਆਬਾ 'ਚ ਅਕਾਲੀ ਦਲ-ਬਸਪਾ ਗਠਜੋੜ ਇੰਨਾ ਤਕੜਾ ਹੈ ਕਿ ਇੱਥੇ 23 ਸੀਟਾਂ 'ਚੋਂ 18-19 ਸੀਟਾਂ ਹਾਸਲ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮਾਝੇ 'ਚ ਜਿੱਥੇ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਹੈ, ਉੱਥੇ ਹੀ ਕਾਂਗਰਸ ਦਾ ਵੀ ਸਫ਼ਾਇਆ ਹੋਇਆ ਪਿਆ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੂਰੇ ਪੰਜਾਬ 'ਚ 10 ਤੋਂ ਵੀ ਘੱਟ ਸੀਟਾਂ ਹਾਸਲ ਹੋਣਗੀਆਂ, ਜਦੋਂ ਕਿ ਅਕਾਲੀ ਦਲ-ਬਸਪਾ 80 ਸੀਟਾਂ ਤੋਂ ਵੀ ਉੱਪਰ ਟੱਪ ਜਾਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਤਾਂ ਅਕਾਲੀ ਦਲ ਦੀ ਬਣ ਜਾਵੇਗੀ ਪਰ ਜਿਸ ਵਰਕਰ ਜਾਂ ਆਗੂ ਨੇ ਕੰਮ ਨਹੀਂ ਕੀਤਾ, ਉਸ ਨੂੰ ਕੋਈ ਮਾਣ-ਸਤਿਕਾਰ ਨਹੀਂ ਦਿੱਤਾ ਜਾਵੇਗਾ, ਭਾਵੇਂ ਉਹ ਕਿੰਨਾ ਵੀ ਵੱਡਾ ਲੀਡਰ ਕਿਉਂ ਨਾ ਹੋਵੇ।
ਇਹ ਵੀ ਪੜ੍ਹੋ : 'ਮਜੀਠੀਆ' ਦੀ ਗ੍ਰਿਫ਼ਤਾਰੀ ਲਈ ਰਣਨੀਤੀ ਬਣਾਉਣ 'ਚ ਜੁੱਟੀ SIT, ਅਧਿਕਾਰੀਆਂ ਦੀ ਬੁਲਾਈ ਗਈ ਬੈਠਕ
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ 'ਚ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਹੋਣੀਆਂ ਹਨ ਅਤੇ ਵਾਰਡ ਵੀ ਉਮੀਦਵਾਰ ਵੱਲੋਂ ਹੀ ਬਣਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਮਰਜ਼ੀ ਵੱਡਾ ਲੀਡਰ ਹੋਵੇ, ਜੇਕਰ ਉਸ ਨੇ ਮਦਦ ਨਹੀਂ ਕੀਤੀ ਤਾਂ ਉਸ ਦੀ ਟਿਕਟ ਨਹੀਂ ਹੋਵੇਗੀ ਭਾਵੇਂ ਅਸੀਂ ਹਾਰੀਏ ਜਾਂ ਜਿੱਤੀਏ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਨੂੰ ਕੋਈ ਨਹੀਂ ਹਰਾ ਸਕਦਾ, ਇਸ ਲਈ ਸਭ ਨੂੰ ਇਕੱਠੇ ਹੋਣਾ ਪਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਸਾਰੇ ਵਰਕਰ ਇਨਸਾਫ਼ ਚਾਹੁੰਦੇ ਹਨ ਤਾਂ ਥੋੜ੍ਹੀ-ਬਹੁਤ ਧੜੇਬੰਦੀ ਛੱਡ ਕੇ ਇਕੱਠੇ ਹੋਣਾ ਪਵੇਗਾ। ਉਨ੍ਹਾਂ ਨੇ ਸਾਰੇ ਵਰਕਰਾਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ